ਪਤੀ ਨੂੰ ਕੈਨੇਡਾ ਏਅਰਪੋਰਟ ’ਤੇ ਛੱਡ ਫਰਾਰ ਹੋਈ ਘਰਵਾਈ

ਪੰਜਾਬ : ਕੈਨੇਡਾ ਪਹੁੰਚੇ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਨਿਵਾਸੀ ਹਰਦੀਪ ਸਿੰਘ ਵਲੋਂ ਪਤਨੀ ਨੂੰ 8 ਲੱਖ ਰੁਪਏ ਨਾ ਦੇਣ ’ਤੇ ਉਸ ਨੂੰ ਏਅਰਪੋਰਟ ’ਤੇ ਹੀ ਛੱਡ ਦਿੱਤਾ ਅਤੇ ਫਰਾਰ ਹੋ ਗਈ।

ਇਸ ਸਬੰਧੀ ਜਾਂਚ ਤੋਂ ਬਾਅਦ ਰਾਜਵਿੰਦਰ ਕੌਰ ਤੂਰ ਨਿਵਾਸੀ ਪਿੰਡ ਖੋਸਾ ਕੋਟਲਾ ਹਾਲ ਅਬਾਦ ਕੈਨੇਡਾ, ਉਸਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਹਰਪ੍ਰਕਾਸ਼ ਕੌਰ ਨਿਵਾਸੀ ਪਿੰਡ ਖੋਸਾ ਕੋਟਲਾ ਖ਼ਿਲਾਫ਼ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ਤਹਿਤ ਥਾਣਾ ਮਹਿਣਾ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਚੈਨ ਸਿੰਘ ਨਿਵਾਸੀ ਪਿੰਡ ਰੌਲੀ ਨੇ ਕਿਹਾ ਕਿ ਉਸਦੇ ਭਾਣਜੇ ਹਰਦੀਪ ਸਿੰਘ ਦਾ ਵਿਆਹ 13 ਫਰਵਰੀ 2018 ਨੂੰ ਰਾਜਵਿੰਦਰ ਕੌਰ ਤੂਰ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ, ਜਿਸ ਨੂੰ ਅਸੀਂ ਖਰਚਾ ਕਰਕੇ ਕੈਨੇਡਾ ਭੇਜਿਆ, ਦੋਹਾਂ ਧਿਰਾਂ ਵਿਚਕਾਰ ਇਹ ਗੱਲ ਹੋਈ ਸੀ ਕਿ ਰਾਜਵਿੰਦਰ ਕੌਰ ਕੈਨੇਡਾ ਪਹੁੰਚ ਕੇ ਆਪਣੇ ਪਤੀ ਹਰਦੀਪ ਸਿੰਘ ਨੂੰ ਉਥੇ ਲੈ ਜਾ ਕੇ ਪੱਕਾ ਕਰਵਾਏਗੀ ਪਰ ਰਾਜਵਿੰਦਰ ਨੇ ਉਸਦੇ ਭਾਣਜੇ ਨੂੰ ਕੈਨੇਡਾ ਬਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਾਲ ਮਟੋਲ ਕਰਨ ਲੱਗੀ, ਜਿਸ ’ਤੇ ਅਸੀਂ ਪੰਚਾਇਤ ਰਾਹੀਂ ਉਸਦੇ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਰਾਜਵਿੰਦਰ ਕੌਰ ਨੇ ਮੇਰੇ ਭਾਣਜੇ ਦੀ ਫਾਈਲ ਲਗਾ ਦਿੱਤੀ।

ਇਸ ਦੌਰਾਨ ਜਦੋਂ ਮੇਰਾ ਭਾਣਜਾ ਕੈਨੇਡਾ ਏਅਰਪੋਰਟ ’ਤੇ ਪਹੁੰਚਿਆ ਤਾਂ ਰਾਜਵਿੰਦਰ ਕੌਰ 8 ਲੱਖ ਰੁਪਏ ਹੋਰ ਮੰਗਣ ਲੱਗੀ, ਜਿਸ ’ਤੇ ਉਸਦੇ ਭਾਣਜੇ ਨੇ ਕਿਹਾ ਕਿ ਉਸ ਕੋਲ ਤਾਂ ਕੋਈ ਪੈਸਾ ਨਹੀਂ ਹੈ, ਤਾਂ ਉਹ ਉਸ ਨੂੰ ਏਅਰਪੋਰਟ ’ਤੇ ਹੀ ਛੱਡ ਕੇ ਚਲੀ ਗਈ। ਉਕਤ ਨੇ ਦੱਸਿਆ ਕਿ ਹਰਦੀਪ ਹੁਣ ਆਪਣੇ ਦੋਸਤਾਂ ਕੋਲ ਰਹਿ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਸਾਰੇ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਸਾਡੇ ਨਾਲ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. (ਪੀ. ਬੀ. ਆਈ.) ਸਪੈਸ਼ਲ ਕ੍ਰਾਈਮ ਮੋਗਾ ਨੂੰ ਕਰਨ ਦੇ ਹੁਕਮ ਦਿੱਤੇ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦੋਸ਼ੀਆਂ ਖਿਲਾਫ਼ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Leave a Reply

Your email address will not be published. Required fields are marked *