ਪਟਿਆਲਾ ਤੋਂ ਬਾਅਦ ਹੁਣ ਜੋਧਪੁਰ ‘ਚ ਹਿੰਸਕ ਝੜਪ, ਪੁਲਿਸ ਮੁਲਾਜ਼ਮਾਂ ਸਮੇਤ ਕਈ ਜ਼ਖਮੀ

ਜੋਧਪੁਰ : ਪਟਿਆਲਾ ਤੋਂ ਬਾਅਦ ਹੁਣ ਜੋਧਪੁਰ ਚ ਹਿੰਸਕ ਘਟਨਾ ਹੋਈ ਹੈ।ਈਦ ਦੌਰਾਨ ਜੋਧਪੁਰ ‘ਚ ਦੋ ਭਾਈਚਾਰਿਆਂ ਵਿਚਾਲੇ ਹਿੰਸਕ ਝੜਪਾਂ ਹੋ ਗਈਆਂ।

ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਗੌਰਤਲਬ ਹੈ ਕਿ ਜਲੌਰੀ ਗੇਟ ਚੌਕ ਦੇ ਬਾਲਮੁਕੰਦ ਬਿਸਾ ਸਰਕਲ ’ਤੇ ਭਗਵੇਂ ਝੰਡੇ ਨੂੰ ਲਹਿਰਾਉਣ ਦੀ ਬਜਾਏ ਇਸਲਾਮਿਕ ਚਿੰਨ੍ਹ ਵਾਲੇ ਝੰਡੇ ਨਾਲ ਲੜਾਈ ਸ਼ੁਰੂ ਹੋਈ।

ਦੋਵਾਂ ਧਿਰਾਂ ਵਿਚਾਲੇ ਤਣਾਅ ਇੰਨਾ ਵੱਧ ਗਿਆ ਕਿ ਭਾਰੀ ਪਥਰਾਅ ਵੀ ਹੋਇਆ। ਇਸ ਦੇ ਨਾਲ ਹੀ ਇਸ ਪਥਰਾਅ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਭੀੜ ਨੂੰ ਖਿੰਡਾਉਣ ਲਈ ਦਖਲ ਦਿੱਤਾ ਪਰ ਭੀੜ ਬੇਕਾਬੂ ਹੋ ਚੁੱਕੀ ਸੀ, ਜਿਸ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੋਧਪੁਰ ‘ਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਕੀਮਤ ‘ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।ਮੁੱਖ ਮੰਤਰੀ ਗਹਿਲੋਤ ਨੇ ਟਵੀਟ ਕੀਤਾ, ”ਇਹ ਮੰਦਭਾਗੀ ਘਟਨਾ ਹੈ ਕਿ ਜੋਧਪੁਰ ਦੇ ਜਾਲੋਰੀ ਗੇਟ ‘ਤੇ ਦੋ ਗੁੱਟਾਂ ਵਿਚਾਲੇ ਝੜਪ ਕਾਰਨ ਤਣਾਅ ਵਾਲਾ ਮਾਹੌਲ ਹੈ। ਪ੍ਰਸ਼ਾਸਨ ਨੂੰ ਹਰ ਕੀਮਤ ‘ਤੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ “ਜੋਧਪੁਰ ਦੀ ਪਿਆਰ ਅਤੇ ਭਾਈਚਾਰੇ ਦੀ ਪਰੰਪਰਾ” ਦੇ ਅਨੁਸਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਨ ਦਾ ਸੱਦਾ ਦਿੱਤਾ।

ਝੰਡਾ ਚੁੱਕਣ ਦੀ ਘਟਨਾ ‘ਤੇ ਜੋਧਪੁਰ ਪੁਲਿਸ ਕਮਿਸ਼ਨਰ ਨਵਜਯੋਤੀ ਗੋਗੋਈ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ। ਫਲੈਗ ਮਾਰਚ ਕੱਢਿਆ ਜਾਵੇਗਾ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਸੀਂ ਜਾਂਚ ਕਰ ਰਹੇ ਹਾਂ। ਜੋਧਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਤੋਂ ਬਾਅਦ ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ‘ਤੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸ ਦੇਈਏ ਕਿ ਜੋਧਪੁਰ ਵਿੱਚ ਦੁਪਹਿਰ 1 ਵਜੇ ਤੋਂ ਇੰਟਰਨੈੱਟ ਸੇਵਾਵਾਂ ਠੱਪ ਹਨ। ਜੋਧਪੁਰ ਡਿਵੀਜ਼ਨਲ ਕਮਿਸ਼ਨਰ ਹਿਮਾਂਸ਼ੂ ਗੁਪਤਾ ਵੱਲੋਂ ਜਾਰੀ ਹੁਕਮਾਂ ਵਿੱਚ ਪੂਰੇ ਜੋਧਪੁਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਈਦ ਵੀ ਹੈ ਅਤੇ ਇਸ ਤੋਂ ਪਹਿਲਾਂ ਅਜਿਹੇ ਹੰਗਾਮੇ ਕਾਰਨ ਪ੍ਰਸ਼ਾਸਨ ਦੇ ਪਸੀਨੇ ਛੁੱਟ ਗਏ ਹਨ। ਹਿੰਸਕ ਝੜਪ ਦੌਰਾਨ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ‘ਤੇ ਪਥਰਾਅ ਵੀ ਕੀਤਾ ਗਿਆ। ਜਿਸ ਵਿੱਚ ਦੋ ਐਸਐਚਓ ਅਤੇ ਇੱਕ ਕਾਂਸਟੇਬਲ ਸਮੇਤ ਚਾਰ ਪੁਲੀਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸੇ ਘਟਨਾ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਚਾਰ ਮੀਡੀਆ ਕਰਮੀਆਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।

ਹਾਦਸੇ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਈਦ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਝਗੜਾ ਉਸ ਸਮੇਂ ਹੋਇਆ ਜਦੋਂ ਪਰਸ਼ੂਰਾਮ ਜੈਅੰਤੀ ਦੇ ਮੱਦੇਨਜ਼ਰ ਜੋਧਪੁਰ ਦੇ ਜਲੌਰੀ ਗੇਟ ਸਰਕਲ ‘ਤੇ ਕੁਝ ਲੋਕਾਂ ਨੇ ਭਗਵਾ ਝੰਡਾ ਲਗਾ ਦਿੱਤਾ ਅਤੇ ਦੂਜੇ ਪਾਸੇ ਦੇ ਲੋਕਾਂ ਨੇ ਝੰਡੇ ਨੂੰ ਹਟਾ ਕੇ ਇਸਲਾਮਿਕ ਚਿੰਨ੍ਹ ਵਾਲਾ ਝੰਡਾ ਲਗਾ ਦਿੱਤਾ, ਜਿਸ ਤੋਂ ਬਾਅਦ ਸਾਰੇ ਇਹ ਵਿਵਾਦ ਪੈਦਾ ਹੋਇਆ।

Leave a Reply

Your email address will not be published. Required fields are marked *