ਪਟਿਆਲਾ ਚ ਸ਼ਿਵ ਸੈਨਿਕਾਂ ਅਤੇ ਸਿੱਖ ਸੰਗਠਨਾਂ ਚ ਹੋਇਆ ਟਕਰਾਵ

ਪਟਿਆਲਾ: ਪਟਿਆਲਾ ਵਿੱਚ ਦੋ ਭਾਈਚਾਰਿਆਂ ਵਿੱਚ ਤਣਾਅ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਵੱਖ-ਵੱਖ ਧਰਮਾਂ ਨਾਲ ਸਬੰਧਤ ਜਥੇਬੰਦੀਆਂ ਦੀ ਪੁਲਿਸ ਨਾਲ ਝੜਪ ਹੋ ਗਈ।

ਜਲੂਸ ਨੂੰ ਰੋਕਣ ‘ਤੇ ਇਕ ਸੰਗਠਨ ਨੇ ਪੁਲਿਸ ‘ਤੇ ਪਥਰਾਅ ਕੀਤਾ। ਪੁਲਿਸ ਦਾ ਬਿਆਨ ਆਇਆ ਹੈ ਕਿ ਕਿਸੇ ਨੂੰ ਵੀ ਜਲੂਸ ਕੱਢਣ ਨਹੀਂ ਦਿੱਤਾ ਗਿਆ। ਮੌਕੇ ‘ਤੇ ਕਾਬੂ ਪਾਉਣ ਲਈ ਐਸ.ਐਸ.ਪੀ ਨੇ ਪਹੁੰਚ ਕੇ ਹਵਾਈ ਫਾਇਰਿੰਗ ਕੀਤੀ। ਜਾਣਕਾਰੀ ਅਨੁਸਾਰ ਪਟਿਆਲੇ ਵਿੱਚ ਜਲੂਸ ਕੱਢੇ ਜਾਣ ‘ਤੇ ਹੰਗਾਮਾ ਹੋ ਗਿਆ। ਸ਼ਿਵ ਸੈਨਿਕ ਅਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ਆ ਗਈਆਂ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਪਥਰਾਅ ਹੋਇਆ। ਪਟਿਆਲਾ ਦੇ ਆਰੀਆ ਸਮਾਜ ਚੌਕ ‘ਚ ਹੰਗਾਮਾ ਹੋ ਗਿਆ। ਸ਼ਿਵ ਸੈਨਿਕਾਂ ਨੇ ਖਾਲਿਸਤਾਨੀ ਵਿਰੋਧੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਖਾਲਿਸਤਾਨ ਪੱਖੀ ਜਥੇਬੰਦੀਆਂ ਨੇ ਉਸ ਦਾ ਵਿਰੋਧ ਕੀਤਾ। ਜਦੋਂ ਸ਼ਿਵ ਸੈਨਿਕਾਂ ਨੇ ਮਾਰਚ ਕੱਢਣੇ ਸ਼ੁਰੂ ਕੀਤੇ ਤਾਂ ਸਿੱਖ ਜਥੇਬੰਦੀਆਂ ਵੀ ਹਰਕਤ ਵਿੱਚ ਆ ਗਈਆਂ।

ਇਸ ਦੌਰਾਨ ਜਦੋਂ ਦੋਵਾਂ ਧੜਿਆਂ ਦਾ ਵਿਰੋਧ ਵਧ ਗਿਆ ਤਾਂ ਪੁਲੀਸ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਬੇਕਾਬੂ ਹੋ ਗਈ। ਦੋਵਾਂ ਪਾਸਿਆਂ ਤੋਂ ਕਾਫੀ ਪੱਥਰ ਸੁੱਟੇ ਗਏ। ਇਸ ਦੌਰਾਨ ਹਿੰਦੂ ਆਗੂ ਤੇ ਥਾਣਾ ਤ੍ਰਿਪੜੀ ਦੇ ਐਸਐਚਓ ਕਰਮਵੀਰ ਸਿੰਘ ਜ਼ਖ਼ਮੀ ਹੋ ਗਏ। ਇਸ ਮੌਕੇ ਡੀਸੀ ਨੇ ਕੁਝ ਮੀਡੀਆ ਚੈਨਲਾਂ ‘ਤੇ ਚੱਲ ਰਹੀਆਂ ਥਾਣੇ ਦੇ ਐਸਐਚਓ ਦਾ ਹੱਥ ਵੱਢਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਡੀਸੀ ਨੇ ਕਿਹਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਅਫਵਾਹ ਹੈ। ਇਸ ਮੌਕੇ ਪਟਿਆਲਾ ਦੇ ਆਈਜੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਭੀੜ ਨੂੰ ਹਟਾਉਣ ਲਈ ਹਵਾਈ ਫਾਈਰਿੰਗ ਕੀਤੀ ਹੈ ਅਤੇ ਫਿਲਹਾਲ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿਸੇ ਵੀ ਅਫਵਾਹ ਉਤੇ ਧਿਆਨ ਨਾ ਦਿੱਤਾ ਜਾਵੇ। 

Leave a Reply

Your email address will not be published. Required fields are marked *