ਨੌਕਰੀ ਦੀ ਮੰਗ ਕਰਦੇ ਬੇਰੁਜ਼ਗਾਰਾਂ ‘ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ

Home » Blog » ਨੌਕਰੀ ਦੀ ਮੰਗ ਕਰਦੇ ਬੇਰੁਜ਼ਗਾਰਾਂ ‘ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ
ਨੌਕਰੀ ਦੀ ਮੰਗ ਕਰਦੇ ਬੇਰੁਜ਼ਗਾਰਾਂ ‘ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ

ਪਟਿਆਲਾ, / ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਅਤੇ ਪਿਛਲੇ 86 ਦਿਨਾਂ ਤੋਂ ਸ਼ਾਹੀ ਸ਼ਹਿਰ ਵਿਖੇ ਟਾਵਰ ‘ਤੇ ਬੈਠੇ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਵਿਗੜਣ ਦੇ ਬਾਵਜੂਦ ਸਰਕਾਰ ਵਲੋਂ ਮੰਗਾਂ ਮੰਨੀਆਂ ਨਾ ਜਾਣ ਕਾਰਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ ਗਿਆ |

ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾਂ ਨੇ ਦੱਸਿਆ ਕਿ ਜਦੋਂ ਸਮੂਹ ਯੂਨੀਅਨ ਦੇ ਕਾਰਕੁੰਨ ਮੋਤੀ ਮਹਿਲ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤੇ ਬੇਰੁਜ਼ਗਾਰਾਂ ਨਾਲ ਪੁਲਿਸ ਦੀ ਧੱਕਾ-ਮੁੱਕੀ ਸ਼ੁਰੂ ਹੋ ਗਈ ਤੇ ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ | ਜਿਸ ਦੌਰਾਨ ਕੁੱਝ ਬੇਰੁਜ਼ਗਾਰਾਂ ਨੂੰ ਸੱਟਾਂ ਵੱਜੀਆਂ ਅਤੇ ਦੋ ਕਾਰਕੁੰਨਾਂ ਤਰਸੇਮ ਬੁਢਲਾਡਾ ਅਤੇ ਰਣਜੀਤ ਕੌਰ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪਟਿਆਲਾ ਪੁਲਿਸ ਵਲੋਂ ਭੀੜ ਨੂੰ ਮੋਤੀ ਮਹਿਲ ਤੋਂ ਖਦੇੜਣ ਲਈ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਅੱਜ ਦੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਵਲੋਂ ਜਿੱਥੇ ਯੂਨੀਅਨ ਦੇ ਸਾਥੀਆਂ ‘ਤੇ ਤਸ਼ੱਦਦ ਢਾਹਿਆ ਗਿਆ ਉੱਥੇ ਹੀ ਕਈ ਸਾਥੀ ਫੱਟੜ ਵੀ ਹੋ ਗਏ | ਪੁਲਿਸ ਵਲੋਂ ਸੂਬਾ ਪ੍ਰਧਾਨ ਸਮੇਤ 40 ਦੇ ਕਰੀਬ ਸਾਥੀਆਂ ਸ਼ੁਤਰਾਣਾ ਥਾਣੇ ਲੈ ਗਏ |

ਉਪਰੰਤ ਯੂਨੀਅਨ ਦੇ ਬਾਕੀ ਰਹਿੰਦੇ ਸਾਥੀਆਂ ਵਲੋਂ ਸੰਗਰੂਰ-ਰਾਜਪੁਰਾ ਬਾਈਪਾਸ ਨੂੰ ਜਾਮ ਕੀਤਾ ਗਿਆ ਅਤੇ ਅਮਨ ਤੇ ਸੰਦੀਪ ਫ਼ਾਜ਼ਿਲਕਾ ਦੋਵੇਂ ਉਵਰਬਿ੍ਜ ਦੇ ਉੱਪਰ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ | ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਹਾਈਵੇ ਜਾਮ ਕਰੀ ਬੈਠੇ ਯੂਨੀਅਨ ਦੇ ਬੇਰੁਜ਼ਗਾਰਾਂ ਨੂੰ ਧੱਕੇ ਨਾਲ ਚੁੱਕ ਕੇ ਗਾਜੇਵਾਸ ਅਤੇ ਭੁੱਨਰਹੇੜੀ ਥਾਣੇ ਲੈ ਗਏ ਅਤੇ ਜਾਮ ਖੁਲ੍ਹਵਾਇਆ ਗਿਆ ਜਦੋਂ ਕਿ ਦੋ ਸਾਥੀ ਜੋ ਪੁਲ ਦੇ ਉੱਪਰ ਬੈਠੇ ਸਨ ਨੂੰ ਉਤਾਰਨ ਵਿਚ ਪੁਲਿਸ ਨਾਕਾਮਯਾਬ ਰਹੀ | ਇਸ ਮੌਕੇ ਮੌਜੂਦ ਸੋਨੀਆ ਪਟਿਆਲਾ, ਬਲਜਿੰਦਰ ਨਾਭਾ, ਸੁਖਚੈਨ ਪਟਿਆਲਾ, ਕਰਨ ਮੁਕਤਸਰ, ਮਨੀ ਸੰਗਰੂਰ, ਰਵਿੰਦਰ ਅਬੋਹਰ, ਹਰਪ੍ਰੀਤ ਕੌਰ ਮਾਨਸਾ, ਮਨੋਜ ਫ਼ਿਰੋਜਪੁਰ ਤੇ ਗਗਨਦੀਪ ਕੌਰ ਮਾਨਸਾ ਆਦਿ ਮੌਜੂਦ ਸਨ | ਇਸੇ ਦੌਰਾਨ ਅਧਿਆਪਕ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨਾਲ 16 ਜੂਨ ਨੂੰ ਮੀਟਿੰਗ ਤੈਅ ਕੀਤੀ ਗਈ ਹੈ |

ਪਟਿਆਲਾ-ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਰੁਜ਼ਗਾਰ ਮੰਗਣ ਵਾਲੇ ਬੇਰੁਜ਼ਗਾਰ ਅਧਿਆਪਕਾਂ ‘ਤੇ ਅੱਜ ਫੇਰ ਲਾਠੀਚਾਰਜ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਸਖ਼ਤ ਨਿਖੇਧੀ ਕੀਤੀ ਗਈ | ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੁਕੇਸ਼ ਗੁਜਰਾਤੀ, ਹਰਦੀਪ ਟੋਡਰਪੁਰ ਅਤੇ ਅਤਿੰਦਰਪਾਲ ਘੱਗਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਹਿਰੀ ‘ਚੋਂ ਗ਼ਾਇਬ ਹਨ ਡੀ.ਟੀ.ਐੱਫ. ਪਟਿਆਲਾ ਦੇ ਆਗੂਆਂ ਅਮਨਦੀਪ ਦੇਵੀਗੜ੍ਹ, ਹਰਵਿੰਦਰ ਰੱਖੜਾ, ਕੁਲਦੀਪ ਗੋਬਿੰਦਪੁਰਾ, ਰਾਮ ਸ਼ਰਨ, ਰਾਜਿੰਦਰ ਸਮਾਣਾ ਅਤੇ ਗਗਨ ਰਾਣੂ ਆਦਿ ਨੇ ਕਿਹਾ ਕਿ ਲੋਕਾਂ ਨੂੰ ਅਖੌਤੀ ਕਾਨੂੰਨਾਂ ਦੀ ਸਿੱਖਿਆ ਦੇਣ ਵਾਲਿਆਂ ਸੱਤਾਧਾਰੀ ਸਿਆਸੀ ਲੀਡਰਾਂ ਵਲੋਂ ਖ਼ੁਦ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਤਹਿਸੀਲਦਾਰਾਂ ਅਤੇ ਡੀਐਸਪੀਆਂ ਦੀਆਂ ਸਿੱਧੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ |

Leave a Reply

Your email address will not be published.