ਨੁਨਾਵੁਤ ਦੀ ਸੰਸਦ ਮੈਂਬਰ ਲੋਰੀ ਇਡਲੋਟ ਨੇ ਨਿਊ ਡੈਮੋਕ੍ਰੇਟਿਕ ਪਾਰਟੀ (NDP) ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਕਦਮ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਦੇ ਹੋਰ ਕਰੀਬ ਪਹੁੰਚ ਗਈ ਹੈ। NDP ਦੇ ਅੰਤਰਿਮ ਨੇਤਾ ਡੌਨ ਡੇਵਿਸ ਨੇ ਇਸ ਫੈਸਲੇ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਡੇਵਿਸ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਕੋਈ ਚੁਣਿਆ ਹੋਇਆ ਪ੍ਰਤੀਨਿਧ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਸਨੂੰ ਵੋਟਰਾਂ ਕੋਲ ਵਾਪਸ ਜਾ ਕੇ ਨਵਾਂ ਫਤਵਾ ਲੈਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਇਸ ਤਰ੍ਹਾਂ ਪਾਰਟੀ ਬਦਲਣਾ ਵੋਟਰਾਂ ਦੇ ਫੈਸਲੇ ਦਾ ਅਪਮਾਨ ਹੈ। ਇਡਲੋਟ ਦੇ ਜਾਣ ਨਾਲ ਹੁਣ ਹਾਊਸ ਆਫ ਕਾਮਨਜ਼ ਵਿੱਚ NDP ਦੀਆਂ ਸਿਰਫ ਛੇ ਸੀਟਾਂ ਰਹਿ ਗਈਆਂ ਹਨ।
ਅਕਤੂਬਰ ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਕਿਸੇ ਵਿਰੋਧੀ ਧਿਰ ਦੇ ਐਮ.ਪੀ. ਨੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਹੈ। ਇਸ ਤੋਂ ਪਹਿਲਾਂ ਸਾਬਕਾ ਕੰਜ਼ਰਵੇਟਿਵ ਐਮ.ਪੀ. ਕ੍ਰਿਸ ਡੀ’ਐਂਟਰੇਮੋਂਟ, ਮਾਈਕਲ ਮਾ, ਅਤੇ ਮੈਟ ਜੇਨਰੋਕਸ ਵੀ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 13 ਅਪ੍ਰੈਲ ਨੂੰ ਹੋਣ ਵਾਲੀਆਂ ਤਿੰਨ ਉਪ-ਚੋਣਾਂ ‘ਤੇ ਹਨ, ਜਿਨ੍ਹਾਂ ਦੇ ਨਤੀਜੇ ਤੈਅ ਕਰਨਗੇ ਕਿ ਲਿਬਰਲ ਪਾਰਟੀ ਬਹੁਮਤ ਹਾਸਲ ਕਰ ਪਾਵੇਗੀ ਜਾਂ ਨਹੀਂ।









