ਨੁਕਸਾਨ ਨਹੀਂ ਸਗੋਂ ਟਿਕਾਊ ਉਦਯੋਗੀਕਰਨ ਹੋਣਾ ਸੀ ਮੱਤੇਵਾੜਾ ਪ੍ਰੋਜੈਕਟ : ਕੈਪਟਨ 

ਨੁਕਸਾਨ ਨਹੀਂ ਸਗੋਂ ਟਿਕਾਊ ਉਦਯੋਗੀਕਰਨ ਹੋਣਾ ਸੀ ਮੱਤੇਵਾੜਾ ਪ੍ਰੋਜੈਕਟ : ਕੈਪਟਨ 

ਪਟਿਆਲਾ : ਮੱਤੇਵਾੜਾ ਇੰਡਸਟਰੀਅਲ ਪ੍ਰੋਜੈਕਟ ਦੇ ਰੱਦ ਹੋਣ ‘ਤੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਨਾਲ ਵਾਤਾਵਰਣ ਨੂੰ ਨੁਕਸਾਨ ਨਹੀਂ ਸਗੋਂ ਟਿਕਾਊ ਉਦਯੋਗੀਕਰਨ ਹੋਣਾ ਸੀ। ਕੈਪਟਨ ਨੇ ਕਿਹਾ ਕਿ ਟੈਕਸਟਾਈਲ ਪਾਰਕ ਮੱਤੇਵਾੜਾ ਜੰਗਲੀ ਖੇਤਰ ਦੇ ਅੰਦਰ ਨਹੀਂ ਆਉਣਾ ਸੀ, ਸਗੋਂ ਇਸ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਤਾਵਰਣ ਦੀਆਂ ਸਾਰੀਆਂ ਚਿੰਤਾਵਾਂ ਦੇ ਹੱਲ ਦਾ ਧਿਆਨ ਰੱਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਪਾਰਕ ਨੂੰ ਮਨਜ਼ੂਰੀ ਦਿੱਤੀ ਗਈ ਸੀ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਟੈਕਸਟਾਈਲ ਪਾਰਕ ਦੇਸ਼ ਭਰ ਵਿੱਚ ਬਣ ਰਹੇ ਅਜਿਹੇ ਸੱਤ ਪਾਰਕਾਂ ਵਿੱਚੋਂ ਇੱਕ ਹੈ। ਇਹ ਟੈਕਸਟਾਈਲ ਪਾਰਕ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਟੀਚਾ 9 ਦੇ ਅਨੁਸਾਰ ਟਿਕਾਊ ਉਦਯੋਗੀਕਰਨ ਦੇ ਖਾਸ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ ਜੋ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।

ਦੱਸ ਦੇਈਏ ਕਿ ਮੱਤੇਵਾੜਾ ਜੰਗਲ ਨੂੰ ਹਟਾਕੇ ਇੱਥੇ ਟੈਕਸਟਾਈਲ ਪਾਰਕ ਬਣਾਇਆ ਜਾਣਾ ਸੀ। ਜਿਸ ਦਾ ਵਿਰੋਧੀ ਪਾਰਟੀਆਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸੀਐਮ ਮਾਨ ਨੇ ਪਬਲਿਕ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਇਸ ਪ੍ਰੋਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ਨੇੜੇ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਦੇ ਵਿਰੋਧ ਵਿੱਚ ਐਤਵਾਰ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਮੋਰਚਾ ਲਗਾਇਆ ਗਿਆ ਸੀ। ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ ਗਈ ਸੀ । ਸਮੂਹ ਪੰਜਾਬੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੱਤੇਵਾੜਾ ਦਾ ਇਹ ਜੰਗਲ ਲੱਖਾਂ ਹੀ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਘਰ ਹੀ ਨਹੀਂ ਸਗੋਂ ਪੰਜਾਬ ਵਾਸੀਆਂ ਨੂੰ ਸਾਫ-ਸੁਥਰੀ ਹਵਾ ਦੇਣ ਵਿੱਚ ਵੀ ਸਹਾਈ ਹੈ। ਬੀਤੇ ਦਿਨੀਂ ਪਬਲਿਕ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਸਨ। ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਵਿਧਾਇਕ ਮਨਪ੍ਰੀਤ ਇਆਲੀ, ਸੰਗਰੂਰ ਤੋਂ ਸਾਂਸਦ ਸਿਮਰਨਜੀਤ ਮਾਨ ਵੀ ਸ਼ਾਮਿਲ ਹੋਏ ਸਨ । ਇਨ੍ਹਾਂ ਸਭ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਨ ਦਾ ਵਿਰੋਧ ਕੀਤਾ ਗਿਆ ਸੀ।

Leave a Reply

Your email address will not be published.