ਨਹੀਂ ਰਹੇ ਦਿੱਗਜ਼ ਅਦਾਕਾਰ

Home » Blog » ਨਹੀਂ ਰਹੇ ਦਿੱਗਜ਼ ਅਦਾਕਾਰ
ਨਹੀਂ ਰਹੇ ਦਿੱਗਜ਼ ਅਦਾਕਾਰ

• ਬਾਲੀਵੁੱਡ ਸਮੇਤ ਦੇਸ਼-ਵਿਦੇਸ਼ ‘ਚ ਸੋਗ ਦੀ ਲਹਿਰ

ਮੁੰਬਈ, 7 ਜੁਲਾਈ (ਏਜੰਸੀ)-ਬਾਲੀਵੁੱਡ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ, ਜਿਨ੍ਹਾਂ ਨੇ ਆਪਣੇ ਫ਼ਿਲਮੀ ਤੇ 7 ਦਹਾਕਿਆਂ ਦੇ ਜਨਤਕ ਜੀਵਨ ਰਾਹੀਂ ਭਾਰਤ ਦੇ ਸਰਬੋਤਮ ਰੂਪ ਨੂੰ ਪੇਸ਼ ਕੀਤਾ, ਦਾ ਅੱਜ ਮੁੰਬਈ ਦੇ ਹਸਪਤਾਲ ‘ਚ ਦਿਹਾਂਤ ਹੋ ਗਿਆ | ਉਹ 98 ਸਾਲ ਦੇ ਸਨ | ਅਦਾਕਾਰ, ਜਿਨ੍ਹਾਂ ਨੂੰ ‘ਮੁਗ਼ਲ-ਏ-ਆਜ਼ਮ’ ਅਤੇ ‘ਦੇਵਦਾਸ’ ਵਰਗੀਆਂ ਕਲਾਸਿਕ ਫ਼ਿਲਮਾਂ ਵਿਚ ਚਿੰਤਾਤੁਰ, ਭਾਵਮਈ ਰੁਮਾਂਟਿਕ ਕਲਾਕਾਰੀ ਲਈ ‘ਟਰੈਜ਼ਡੀ ਕਿੰਗ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਆਪਣੇ ਪਿੱਛੇ ਪਤਨੀ ਸਾਇਰਾ ਬਾਨੋ ਨੂੰ ਛੱਡ ਗਏ ਹਨ | ਸਾਂਤਾਕਰੂਜ਼ ਮੁੰਬਈ ਵਿਖੇ ਜੂਹੂ ਕਬਰਿਸਤਾਨ ਵਿਖੇ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਨੂੰ ਰਾਜਕੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਉਨ੍ਹਾਂ ਦੀ ਮ੍ਤਿਕ ਦੇਹ ਨੂੰ ਅਦਾਕਾਰ ਦੀ ਪਤਨੀ ਸਾਇਰਾ ਬਾਨੋ ਸਮੇਤ ਪਰਿਵਾਰ ਦੀ ਹਾਜ਼ਰੀ ‘ਚ 4:45 ਵਜੇ ਦਫ਼ਨਾ ਦਿੱਤਾ ਗਿਆ | ਸਾਂਤਾਕਰੂਜ਼ ਮੁੰਬਈ ‘ਚ ਜੂਹੂ ਕਬਰਿਸਤਾਨ ਵਿਖੇ ਉਨ੍ਹਾਂ ਨੂੰ ਪੁਲਿਸ ਨੇ ਬੰਦੂਕਾਂ ਨਾਲ ਸਲਾਮੀ ਦਿੱਤੀ ਤੇ ਪੁਲਿਸ ਬੈਂਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ |

ਕਬਰਿਸਤਾਨ ਦੇ ਅੰਦਰ 25-30 ਤੋਂ ਜ਼ਿਆਦਾ ਵਿਅਕਤੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਉਥੇ ਮੀਡੀਆ ਕਰਮੀਆਂ ਤੇ ਪ੍ਰਸੰਸਕਾਂ ਦੀ ਕਾਫ਼ੀ ਭੀੜ ਇਕੱਠੀ ਹੋ ਗਈ ਸੀ | 100 ਦੇ ਕਰੀਬ ਲੋਕਾਂ ਦੀ ਭੀੜ ਨੂੰ ਪੁਲਿਸ ਕਾਬੂ ਕਰ ਰਹੀ ਸੀ | ਦਫ਼ਨਾਏ ਜਾਣ ਦੇ ਬਾਅਦ ਮੈਗਾ ਸਟਾਰ ਅਮਿਤਾਬ ਬਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬਚਨ ਨੇ ਜੁਹੂ ਕਬਰਿਸਤਾਨ ਜਾ ਕੇ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ | ਕਬਰਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਦਿਲੀਪ ਕੁਮਾਰ ਦੀ ਮ੍ਤਿਕ ਦੇਹ ਨੂੰ ਉਨ੍ਹਾਂ ਦੇ ਪਾਲੀ ਹਿਲ ਰਿਹਾਇਸ਼ ‘ਤੇ ਤਿਰੰਗੇ ‘ਚ ਲਪੇਟਿਆ ਗਿਆ | 60 ਤੋਂ ਜ਼ਿਆਦਾ ਪੁਲਿਸ ਕਰਮੀਂ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਜੂਦ ਸਨ | ਉਨ੍ਹਾਂ ਦੇ ਘਰ ਵੱਲ ਜਾਂਦੇ ਰਸਤੇ ‘ਤੇ ਲੋਕਾਂ ਦੇ ਦਾਖ਼ਲੇ ਨੂੰ ਰੋਕਣ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਸਨ | ਦਿਲੀਪ ਕੁਮਾਰ ਨੂੰ ਪਿਛਲੇ ਮੰਗਲਵਾਰ ਨੂੰ ਖ਼ਾਰ ‘ਚ ਹਿੰਦੂਜਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ | ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਜਲੀਲ ਪਰਕਰ ਨੇ ਕਿਹਾ ਕਿ ਉਨ੍ਹਾਂ ਦਾ ਸਵੇਰੇ 7:30 ਵਜੇ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ |

ਪਰਿਵਾਰ ਦੇ ਇਕ ਦੋਸਤ ਫੈਜ਼ਲ ਫਾਰੂਕੀ ਨੇ ਅਦਾਕਾਰ ਦੇ ਟਵਿਟਰ ‘ਤੇ 8:01 ਵਜੇ ਟਵੀਟ ਕਰ ਕੇ ਦਿਲੀਪ ਕੁਮਾਰ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ | ਕਰੀਬ 9:30 ਵਜੇ ਦਿਲੀਪ ਕੁਮਾਰ ਦੀ ਮ੍ਤਿਕ ਦੇਹ ਨੂੰ ਉਨ੍ਹਾਂ ਦੀ ਹਾਲੀ ਹਿਲ ਰਿਹਾਇਸ਼ ‘ਤੇ ਲਿਆਂਦਾ ਗਿਆ ਜਿਥੇ ਧਰਮਿੰਦਰ, ਸ਼ਬਾਨਾ ਆਜ਼ਮੀ, ਵਿਦਿਆ ਬਾਲਨ ਅਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਸਮੇਤ ਦੋਸਤਾਂ, ਸਾਥੀਆਂ ਅਤੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਭਾਵੁਕ ਹੋਏ ਧਰਮਿੰਦਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਉਹ ਬਹੁਤ ਉਦਾਸ ਹਨ, ਉਹ ਕੁੱਝ ਨਹੀਂ ਕਹਿ ਸਕਦੇ | ਉਨ੍ਹਾਂ ਨੇ ਆਪਣਾ ਭਰਾ ਗੁਆ ਦਿੱਤਾ ਹੈ |

ਰਾਜ ਕਪੂਰ ਅਤੇ ਦੇਵ ਆਨੰਦ ਦੇ ਨਾਲ ਸੁਨਹਿਰੀ ਤਿੱਕੜੀ ‘ਚੋਂ ਆਖ਼ਰੀ ਅਤੇ ਭਾਰਤ ਦੇ ਸਭ ਤੋਂ ਸਨਮਾਨਿਤ ਸਿਤਾਰਿਆਂ ‘ਚੋਂ ਇਕ ਹਿੰਦੀ ਸਿਨਮਾ ਦੇ ਦਿੱਗਜ਼ ਦਿਲੀਪ ਕੁਮਾਰ ਨੂੰ ਪਿਛਲੇ ਮਹੀਨੇ ਸਾਹ ਲੈਣ ‘ਚ ਮੁਸ਼ਕਿਲ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ | ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ | ਉਹ ਪ੍ਰੋਸਟੇਟ ਕੈਂਸਰ ਅਤੇ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਨੂੰ ਵਾਰ-ਵਾਰ ਹਸਪਤਾਲ ਲਿਜਾਣਾ ਪੈਂਦਾ ਸੀ | ਉਨ੍ਹਾਂ ਦੇ ਘਰ ਵਿਚ ਹੀ ਮਿੰਨੀ ਆਈ. ਸੀ. ਯੂ. ਬਣਾਇਆ ਗਿਆ ਸੀ ਅਤੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ | ਦਿਲੀਪ ਕੁਮਾਰ ਦਾ ਜਨਮ ਪਿਸ਼ਾਵਰ (ਪਾਕਿ) ‘ਚ 11 ਦਸੰਬਰ 1922 ਨੂੰ ਹੋਇਆ | ਉਨ੍ਹਾਂ ਦੇ ਬਚਪਨ ਦਾ ਨਾਂਅ ਯੂਸਫ਼ ਖ਼ਾਨ ਸੀ | ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ‘ਚ ਦਿਲੀਪ ਕੁਮਾਰ ਦਾ ਫੇਫੜਿਆਂ ਦੇ ਬਾਹਰ ਝਿੱਲੀ ਦੀਆਂ ਪਰਤਾਂ ਦਰਮਿਆਨ ਵਾਧੂ ਤਰਲ ਨੂੰ ਕੱਢਣ ਲਈ ਸਫਲ ਐਸਪੀਰੇਸ਼ਨ ਪ੍ਰਕਿਰਿਆ ਕੀਤੀ ਅਤੇ ਪੰਜ ਦਿਨ ਬਾਅਦ ਮੁੜ ਹਸਪਤਾਲ ਲੈ ਕੇ ਆਉਣ ਦਾ ਕਹਿ ਕੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ

Leave a Reply

Your email address will not be published.