ਨਹੀਂ ਭੁੱਲਣਾ ਉਹ ਡੇਢ ਸਾਲ

ਨਹੀਂ ਭੁੱਲਣਾ ਉਹ ਡੇਢ ਸਾਲ

ਗੱਲ ਉਸ ਸਮੇਂ ਦੀ ਹੈ ਜਿਸ ਸਮੇਂ ਮੈਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪਾਸ ਕਰ ਕੇ ਅੱਗੇ ਦੀ ਪੜ੍ਹਾਈ ਬਾਰੇ ਸੋਚ ਰਹੀ ਸੀ ਪਰ ਘਰ ਦੀਆਂ ਕੁਝ ਮੁਸੀਬਤਾਂ ਅਤੇ ਹਾਲਾਤ ਨੇ ਮੈਨੂੰ ਇਸ ਕਦਰ ਜਕੜਿਆ ਹੋਇਆ ਸੀ ਕਿ ਮੈਂ ਅੱਗੇ ਦੀ ਪੜ੍ਹਾਈ ਬਾਰੇ ਕੁਝ ਵੀ ਸੋਚਣ ਵਿਚ ਅਸਮਰੱਥ ਸਾਂ। ਕਿਸ ਖੇਤਰ ਦੀ ਪੜ੍ਹਾਈ ਕਰਾਂ, ਇਸ ਵਿਸ਼ੇ ਨੂੰ ਲੈ ਕੇ ਵੀ ਉਲਝਣ ਵਿਚ ਸਾਂ ਕਿਉਂਕਿ ਮੈਂ ਮਾਨਸਿਕ ਤੌਰ ’ਤੇ ਕਿਸੇ ਵੀ ਚੀਜ਼ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਕਹਿ ਲਓ ਕਿ ਮੈਂ ਮਾਨਸਿਕ ਤੌਰ ’ਤੇ ਉਸ ਸਮੇਂ ਬਹੁਤ ਕਮਜ਼ੋਰ ਸੀ। ਅੱਗੇ ਦੀ ਪੜ੍ਹਾਈ ਬਾਰੇ ਸੋਚਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਮੇਰੇ ਮਨ ਵਿਚ ਸੀ ਕਿ ਜੇਕਰ ਮੈਂ ਇਸ ਵਕਤ ਸਹੀ ਨਿਰਣਾ ਨਾ ਲਿਆ ਤਾਂ ਮੇਰਾ ਭਵਿੱਖ ਰੋਸ਼ਨ ਨਹੀਂ ਹੋਵੇਗਾ। ਸੱਚ ਦੱਸਾਂ ਤਾਂ ਮੈਂ ਖ਼ੁਦ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਸਾਂ ਕਿ ਮੈਂ ਅੱਗੇ ਕੀ ਕਰਾਂ? ਪਰ ਫਿਰ ਉਸ ਤੋਂ ਬਾਅਦ ਕੋਰੋਨਾ ਦੀ ਇਸ ਮਹਾਮਾਰੀ ਨੇ ਮੇਰੇ ਲਈ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਸਨ।ਦੂਸਰੇ ਪਾਸੇ ਮਾਂ ਦੀ ਸਿਹਤ ਦਿਨ-ਬਦਿਨ ਵਿਗੜਦੀ ਜਾ ਰਹੀ ਸੀ। ਮੇਰਾ ਸਾਰਾ ਦਿਨ ਉਨ੍ਹਾਂ ਦੇ ਅੱਗੇ-ਪਿੱਛੇ, ਉਨ੍ਹਾਂ ਨੂੰ ਸੰਭਾਲਣ ਅਤੇ ਦੇਖ-ਭਾਲ ਵਿਚ ਹੀ ਲੰਘ ਜਾਂਦਾ ਅਤੇ ਮਾਤਾ ਜੀ ਦਾ ਤਣਾਅ ਆਏ ਦਿਨ ਹੋਰ ਵਧਦਾ ਜਾਂਦਾ। ਮਾਂ ਦੀ ਢਿੱਲੀ ਸਿਹਤ ਦਾ ਕੋਈ ਖ਼ਾਸ ਕਾਰਨ ਤਾਂ ਨਹੀਂ ਸੀ ਪਰ ਮਾਨਸਿਕ ਤੌਰ ’ਤੇ ਪਰੇਸ਼ਾਨ ਹੋਣ ਕਾਰਨ ਉਨ੍ਹਾਂ ਨੂੰ ਇੰਜ ਜਾਪਦਾ ਕਿ ਸ਼ਾਇਦ ਹੁਣ ਉਨ੍ਹਾਂ ਦਾ ਇਸ ਦੁਨੀਆ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।

ਅਸੀਂ ਕਾਫ਼ੀ ਥਾਵਾਂ ਤੋਂ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਪਰ ਉਨ੍ਹਾਂ ਦੀ ਸਿਹਤ ’ਤੇ ਉਸ ਦਾ ਕੋਈ ਪ੍ਰਭਾਵ ਨਾ ਪਿਆ। ਕਾਫ਼ੀ ਮਹੀਨਿਆਂ ਤਕ ਮਾਂ ਇਸ ਰੋਗ ਨਾਲ ਲੜਦੀ ਰਹੀ ਅਤੇ ਮੁਸੀਬਤਾਂ ਨਾਲ ਭਰੇ ਉਸ ਵਕਤ ਵਿਚ ਮੈਂ ਬਹੁਤ ਕੁਝ ਸਿੱਖਿਆ।ਜਿਵੇਂ ਕਹਿੰਦੇ ਹੁੰਦੇ ਨੇ ਕਿ ਮਾੜਾ ਵਕਤ ਸਾਨੂੰ ਬਹੁਤ ਕੁਝ ਚੰਗਾ ਸਿਖਾ ਜਾਂਦਾ ਹੈ ਅਤੇ ਇਹ ਸਤਰਾਂ ਮੈਨੂੰ ਮੇਰੇ ’ਤੇ ਬਿਲਕੁਲ ਢੁੱਕਦੀਆਂ ਜਾਪਦੀਆਂ ਸਨ। ਇਸ ਦੁੱਖ ਦੀ ਘੜੀ ਵਿਚ ਮੈਂ ਬਹੁਤ ਕੁਝ ਅਜਿਹਾ ਸਿੱਖਿਆ ਜੋ ਸ਼ਾਇਦ ਕਦੇ ਮੈਂ ਕਿਤਾਬਾਂ ਤੋਂ ਨਾ ਸਿੱਖ ਸਕਦੀ। ਵਕਤ ਕਦੇ ਕਿਸੇ ਲਈ ਠਹਿਰਦਾ ਨਹੀਂ। ਉਹ ਤਾਂ ਆਪਣੀ ਰਫ਼ਤਾਰ ਦੇ ਨਾਲ ਵਹਿੰਦਾ ਗਿਆ। ਪਰ ਮੈਂ ਹੁਣ ਵੀ ਆਪਣੀ ਪੜ੍ਹਾਈ ਅਤੇ ਪਾਠਕ੍ਰਮ ਨੂੰ ਲੈ ਕੇ ਚਿੰਤਤ ਸਾਂ। ਮਨ ਵਿਚ ਅਜਿਹੇ ਬਹੁਤ ਸਾਰੇ ਅਜੀਬ ਖ਼ਿਆਲ ਆਉਂਦੇ ਰਹਿੰਦੇ ਸੀ ਕਿ ਜੇਕਰ ਮਾਂ ਨਾ ਰਹੀ ਤਾਂ ਅਸੀਂ ਕੀ ਕਰਾਂਗੇ? ਕਦੇ ਮਾਂ ਦੀ ਸਿਹਤ ਵਿਚ ਫ਼ਰਕ ਵੀ ਨਜ਼ਰ ਆਉਣਾ ਪਰ ਫਿਰ ਕੁਝ ਸਮੇਂ ਬਾਅਦ ਉਸ ਦਾ ਉਸੇ ਹਾਲਤ ਵਿਚ ਚਲੇ ਜਾਣਾ ਸਾਡੇ ਲਈ ਦੁੱਖ ਅਤੇ ਚਿੰਤਾ ਦਾ ਵਿਸ਼ਾ ਬਣਦਾ। ਘਰ ਵਿਚ ਹਰ ਸਮੇਂ ਅਸ਼ਾਂਤੀ ਵਾਲਾ ਮਾਹੌਲ ਬਣਿਆ ਰਹਿਣਾ, ਹਰ ਸਮੇਂ ਚਿੰਤਾ ਲੱਗੀ ਰਹਿਣੀ।

ਅਸਾਂ ਹਰ ਦਿਨ ਅਰਦਾਸ ਕਰਨੀ ਕਿ ਮਾਂ ਜਲਦ ਠੀਕ ਹੋ ਜਾਵੇ। ਅਸੀਂ ਮਾਂ ਨੂੰ ਹਰ ਦਿਨ ਹੌਸਲਾ ਵੀ ਦਿੰਦੇ ਕਹਿਣਾ ਕਿ ਕੁਝ ਨ੍ਹੀਂ ਹੁੰਦਾ ਤੁਹਾਨੂੰ, ਅਜੇ ਤਾਂ ਅਸੀਂ ਬਹੁਤ ਕੁਝ ਕਰਨਾ ਹੈ ਤੁਹਾਡੇ ਲਈ। ਇਹ ਸੁਣਦਿਆਂ ਮਾਂ ਦੇ ਮੁਰਝਾਏ ਹੋਏ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਆ ਜਾਂਦੀ। ਉਸ ਸਮੇਂ ਮੇਰੇ ਦਿਮਾਗ ਵਿਚ ਸਿਰਫ਼ ਇੱਕੋ ਹੀ ਖ਼ਿਆਲ ਆਉਂਦਾ ਕਿ ਮਾਂ ਜਲਦ ਤੋਂ ਜਲਦ ਠੀਕ ਹੋ ਜਾਵੇ ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ ਅਤੇ ਉਸ ਨੂੰ ਮੁਕੰਮਲ ਕਰਾਂ।ਮੈਂ ਖ਼ੁਦ ਬਹੁਤ ਚਿੰਤਤ ਸਾਂ ਕਿ ਮੇਰਾ ਇਹ ਸਮਾਂ ਵਿਅਰਥ ਜਾ ਰਿਹਾ ਹੈ ਅਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਸ ਚੀਜ਼ ਨਾਲ ਦੁਬਾਰਾ ਜੁੜਨਾ ਜਿਸ ਤੋਂ ਤੁਸੀਂ ਇਕ ਲੰਬੇ ਸਮੇਂ ਤਕ ਦੂਰ ਰਹੇ ਹੋਵੋ। ਉਂਜ ਤਾਂ ਮੈਂ ਸੋਚਿਆ ਸੀ ਕਿ ਮੈਂ ਖੇਡਾਂ ਨਾਲ ਸਬੰਧਤ ਹੀ ਕੋਈ ਕੋਰਸ ਜਾਂ ਡਿਗਰੀ ਕਰਾਂਗੀ ਕਿਉਂਕਿ ਜਦ ਮੈਂ ਸਕੂਲ ਵਿਚ ਸੀ ਤਾਂ ਮੈਂ ਖੇਡਾਂ ਵਿਚ ਬਹੁਤ ਰੁਚੀ ਲੈਂਦੀ ਸੀ ਅਤੇ ਜਦ ਸਕੂਲ ਦੀਆਂ ਖੇਡਾਂ ਹੁੰਦੀਆਂ ਤਾਂ ਮੈਂ ਉਨ੍ਹਾਂ ਵਿਚ ਇਨਾਮ ਵੀ ਹਾਸਲ ਕਰਦੀ ਸੀ ਅਤੇ ਮੇਰੇ ਸਕੂਲ ਦੇ ਡੀਪੀ ਸਰ ਨੇ ਵੀ ਮੈਨੂੰ ਹਮੇਸ਼ਾ ਇਸ ਗੱਲ ਨੂੰ ਲੈ ਕੇ ਪ੍ਰੇਰਿਤ ਕਰਨਾ ਕਿ ਤੂੰ ਖੇਡ ਨਾਲ ਸਬੰਧਤ ਕੋਰਸ ਵਿਚ ਹੀ ਦਾਖ਼ਲਾ ਲੈ ਪਰ ਇਹ ਖੇਡ ਸਬੰਧੀ ਕੋਰਸ ਮੇਰੇ ਆਲੇ-ਦੁਆਲੇ ਦੇ ਇਲਾਕੇ ਵਿਚ ਕਿਤੇ ਨਹੀਂ ਸੀ। ਇਸ ਕਰਕੇ ਮੈਂ ਆਪਣੇ ਨਾਨਕੇ ਖੰਨੇ ਵੱਲ ਜਾਣ ਲਈ ਆਪਣੇ ਘਰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਖੰਨੇ ਆ ਗਈ। ਆਰੰਭ ਵਿਚ ਮੈਨੂੰ ਪਿੰਡ ਦੀ ਉਸ ਸੁਗੰਧਿਤ ਮਿੱਟੀ ਅਤੇ ਹਰਿਆਵਲ ਤੋਂ ਦੂਰ ਇਸ ਭੀੜ ਭਰੇ ਸ਼ਹਿਰ ’ਚ ਰਹਿਣਾ ਬਹੁਤ ਔਖਾ ਜਾਪਿਆ ਪਰ ਹੌਲੀ-ਹੌਲੀ ਮਾਹੌਲ ਅਨੁਸਾਰ ਖ਼ੁਦ ਨੂੰ ਢਾਲ ਲਿਆ।

ਜਦ ਮੈਂ ਇਸ ਕੋਰਸ ਬਾਰੇ ਆਪਣੇ ਮਾਮਾ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਹ ਕੋਰਸ ਕਰਨ ਤੋਂ ਮੈਨੂੰ ਵਰਜ ਦਿੱਤਾ ਤੇ ਕਿਹਾ ਕਿ ਮੈਂ ਪੱਤਰਕਾਰੀ ਅਤੇ ਜਨ-ਸੰਚਾਰ ਦਾ ਕੋਰਸ ਕਰਾਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਇਸ ਕੋਰਸ ਲਈ ਹੀ ਬਣੀ ਹਾਂ। ਕਿਤੇ ਨਾ ਕਿਤੇ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਕਿ ਮੈਨੂੰ ਆਪਣੇ ਪਸੰਦੀਦਾ ਪਾਠਕ੍ਰਮ ਨੂੰ ਕਿਉਂ ਨਹੀਂ ਸੀ ਕਰਨ ਦੇ ਰਹੇ ਪਰ ਫਿਰ ਮੈਂ ਆਪਣੇ ਮਾਮਾ ਜੀ ਦੁਆਰਾ ਦੱਸੇ ਗਏ ਉਸ ਕੋਰਸ ਬਾਰੇ ਇਕ ਮਹੀਨਾ ਪੂਰਾ ਸੋਚਿਆ ਤੇ ਸਮਝਿਆ।

ਇਕ ਮਹੀਨੇ ਬਾਅਦ ਮੈਂ ਇਹ ਫ਼ੈਸਲਾ ਲਿਆ ਕਿ ਮੈਂ ਇਹੀ ਕੋਰਸ ਕਰਾਂਗੀ ਕਿਉਂਕਿ ਘਰੇ ਖ਼ਾਲੀ ਬੈਠਣ ਨਾਲੋਂ ਤਾਂ ਚੰਗਾ ਹੈ ਕਿ ਕਿਸੇ ਕਾਲਜ ਵਿਚ ਦਾਖ਼ਲਾ ਲਵਾਂ ਅਤੇ ਅੱਗੇ ਦੀ ਪੜ੍ਹਾਈ ਜਾਰੀ ਰੱਖਾਂ। ਮੇਰੇ ਮਨ ਵਿਚ ਇਹ ਵੀ ਖ਼ਿਆਲ ਸੀ ਕਿ ਵੱਡਿਆਂ ਦੀ ਗੱਲ ਮੰਨ ਕੇ ਜੋ ਵੀ ਹੋਵੇਗਾ, ਚੰਗਾ ਹੀ ਹੋਵੇਗਾ ਅਤੇ ਮੈਂ ਪਿਛਲੇ ਸਾਲ ਅਗਸਤ ਵਿਚ ਮਾਤਾ ਗੁਜਰੀ ਕਾਲਜ (ਸ੍ਰੀ ਫਤਹਿਗੜ੍ਹ ਸਾਹਿਬ) ਵਿਚ ਇਸ ਕੋਰਸ ਵਿਚ ਦਾਖ਼ਲਾ ਲੈ ਲਿਆ।

ਮੈਂ ਅਖ਼ੀਰ ਵਿਚ ਇਹੀ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਵਿਚ ਅਜਿਹੀਆਂ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ ਜੋ ਉਸ ਸਮੇਂ ਤਾਂ ਬਹੁਤ ਮੁਸ਼ਕਲ ਲੱਗਦੀਆਂ ਹਨ ਪਰ ਇਹ ਸਾਨੂੰ ਜ਼ਿੰਦਗੀ ਦੇ ਸਬਕ ਸਿਖਾਉਂਦੀਆਂ ਹਨ। ਇਨਸਾਨ ਨੂੰ ਕਦੇ ਵੀ ਆਪਣੇ ਮਾੜੇ ਸਮੇਂ ਤੋਂ ਭੱਜਣਾ ਨਹੀਂ ਚਾਹੀਦਾ ਕਿਉਂਕਿ ਇਹ ਇਕ ਅਜਿਹਾ ਸਮਾਂ ਹੁੰਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਤਰਾਸ਼ਦਾ ਹੈ ਜਾਂ ਇਹ ਕਹਿ ਲਓ ਕਿ ਇਨਸਾਨ ਨੂੰ ਮਾੜੇ ਸਮੇਂ ਵਿਚ ਜਿਊਣਾ ਸਿਖਾ ਜਾਂਦਾ ਹੈ। ਜੋ ਗੱਲਾਂ ਮੈਂ ਉਸ ਡੇਢ ਸਾਲ ਵਿਚ ਸਿੱਖੀਆਂ ਅਤੇ ਸਮਝੀਆਂ, ਉਹੀ ਗੱਲਾਂ ਮੈਨੂੰ ਅੱਜ ਮੇਰੀ ਮੰਜ਼ਿਲ ਤਕ ਲੈ ਕੇ ਜਾ ਰਹੀਆਂ ਹਨ। ਅੱਜ ਮੇਰੇ ਮਾਂ ਅਤੇ ਪਿਓ ਬਹੁਤ ਫ਼ਖ਼ਰ ਮਹਿਸੂਸ ਕਰਦੇ ਹਨ ਕਿ ਮੈਂ ਉਨ੍ਹਾਂ ਦੀ ਧੀ ਹਾਂ ਅਤੇ ਉਨ੍ਹਾਂ ਦਾ ਨਾਂ ਉੱਚਾ ਕਰ ਰਹੀ ਹਾਂ। ਸਭ ਤੋਂ ਵੱਧ ਧੰਨਵਾਦ ਮੇਰੇ ਮਾਮਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕੋਰਸ ਲਈ ਰਾਜ਼ੀ ਕੀਤਾ।

-ਹਰੀਤ

Leave a Reply

Your email address will not be published.