ਨਵੀਂ ਆਸ ਦੀ ਕਿਰਨ ਬਿਖੇਰ ਗਿਆ 2021

Home » Blog » ਨਵੀਂ ਆਸ ਦੀ ਕਿਰਨ ਬਿਖੇਰ ਗਿਆ 2021
ਨਵੀਂ ਆਸ ਦੀ ਕਿਰਨ ਬਿਖੇਰ ਗਿਆ 2021

ਅਰਵਿੰਦਰ ਕੌਰ ਕਾਕੜਾ (ਡਾ.) ਹਰ ਨਵੇਂ ਵਰ੍ਹੇ ਦੀ ਉਡੀਕ ਬੜੀਆਂ ਉਮੀਦਾਂ, ਆਸ਼ਾਵਾਂ ਤੇ ਉਮੰਗਾਂ ਨਾਲ ਕੀਤੀ ਜਾਂਦੀ ਹੈ ਕਿ ਇਹ ਵਰ੍ਹਾ ਮਨੁੱਖਤਾ ਲਈ ਕੁਝ ਚੰਗਾ ਲੈ ਕੇ ਆਵੇ।

ਕਈ ਵਰ੍ਹੇ ਮਨੁੱਖਤਾ ਦੇ ਵਿਹੜੇ ਵਿੱਚ ਗਹਿਰੇ ਜ਼ਖ਼ਮ ਬਣ ਕੇ ਉੱਭਰ ਆਉਂਦੇ ਹਨ ਤੇ ਕਈ ਵਰ੍ਹੇ ਨਵੀਂ ਆਸ ਦੀ ਕਿਰਨ ਬਿਖੇਰਦੇ ਹਨ। ਸਮਾਂ ਤਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ, ਉਸ ਵਿਚਲੀਆਂ ਕਾਰਗੁਜ਼ਾਰੀਆਂ ਵਿੱਚੋਂ ਹੀ ਅਸੀਂ ਉਸ ਵਰ੍ਹੇ ਦਾ ਲੇਖਾ ਜੋਖਾ ਕਰਦੇ ਹਾਂ। ਲੰਘੇ ਵਰ੍ਹੇ ਵਿੱਚ ਕੀ ਕੁਝ ਪਾਇਆ ਤੇ ਕੀ ਖੋਇਆ ਇਸ ਬਾਰੇ ਸੋਚਣਾ ਜ਼ਰੂਰੀ ਹੈ। ਲੰਘਿਆ ਵਰ੍ਹਾ ਸੰਘਰਸ਼ਾਂ ਦੇ ਪਿੜ ਵਿੱਚ ਆਪਣਾ ਨਾਮ ਲਿਖਵਾ ਗਿਆ। ਸਾਲ 2021 ਸਾਡੇ ਲਈ ਪ੍ਰੇਰਨਾਮਈ ਬਣ ਕੇ ਆਇਆ। ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨੇ ਸਾਨੂੰ ਨਵੇਂ ਦਿਸਹੱਦੇ ਦਿਖਾਏ। ਕਿਸਾਨੀ ਅੰਦੋਲਨ ਵਿਸ਼ਵ ਦਾ ਵੱਡਾ ਅਤੇ ਲੰਬਾ ਸਮਾਂ ਲੜਿਆ ਗਿਆ ਜਮਹੂਰੀ ਤੇ ਸ਼ਾਂਤਮਈ ਅੰਦੋਲਨ ਰਿਹਾ। ਇਸ ਨੇ ਦੁਨੀਆ ਭਰ ਵਿੱਚ ਮਿਸਾਲ ਕਾਇਮ ਕੀਤੀ ਕਿ ਸ਼ਾਂਤਮਈ ਤਰੀਕੇ ਨਾਲ ਏਕਤਾ ਅਤੇ ਸੰਜਮ ਨਾਲ ਲੜੀ ਲੜਾਈ ਫ਼ਲਦਾਇਕ ਸਿੱਟੇ ਲੈ ਕੇ ਆਉਂਦੀ ਹੈ। ਇਸ ਨੇ ਇਹ ਵੀ ਦੱਸਿਆ ਕਿ ਆਪਣੇ ਏਜੰਡੇ ’ਤੇ ਟਿਕੇ ਰਹੀਏ ਤਾਂ ਸਰਕਾਰ ਤੇ ਹੋਰ ਤਾਕਤਾਂ ਅੰਦੋਲਨ ਨੂੰ ਲੀਹੋਂ ਨਹੀਂ ਲਾਹ ਸਕਦੀਆਂ। ਆਖ਼ਰ ਇਹ ਸੱਚ ਕਰ ਦਿਖਾਇਆ ਕਿ ਜੇਕਰ ਅਸੀਂ ਸ਼ਾਂਤ ਰਹੇ ਤਾਂ ਜਿੱਤਾਂਗੇ ਅਤੇ ਜੇਕਰ ਅੰਦੋਲਨ ਹਿੰਸਕ ਹੋਇਆ ਤਾਂ ਤਾਨਾਸ਼ਾਹੀ ਤਾਕਤਾਂ ਜਿੱਤਣਗੀਆਂ।

ਲੰਘੇ ਸਾਲ ਨੇ ਇਹ ਵੀ ਸਬਕ ਸਿਖਾਇਆ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਅਤੇ ਜਮਹੂਰੀ ਢੰਗ ਨਾਲ ਲੜੇ ਅੰਦੋਲਨਾਂ ਅੱਗੇ ਹਾਕਮਾਂ ਨੂੰ ਝੁਕਣਾ ਹੀ ਪੈਂਦਾ ਹੈ। ਇਸ ਅੰਦੋਲਨ ਨੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਲਈ ਨਵੀਂ ਰੌਸ਼ਨੀ ਦਿਖਾਈ ਕਿ ਵੱਡੇ ਕਾਰਪੋਰੇਟ ਘਰਾਣੇ ਜੋ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਜਵਾਬ ਦੇਣਾ ਹੈ। ਨਵੀਆਂ ਆਰਥਿਕ ਨੀਤੀਆਂ ਨੇ ਜਿੱਥੇ ਸਮਾਜ ਅੰਦਰ ਕਾਣੀ ਵੰਡ ਨੂੰ ਹੋਰ ਵਧਾ ਦਿੱਤਾ। ਲੋਕਾਂ ਦੇ ਹੱਕਾਂ ਉੱਪਰ ਲਗਾਤਾਰ ਡਾਕੇ ਵੱਜਦੇ ਰਹੇ। ਖੇਤਰੀ ਪੱਧਰ ’ਤੇ ਭਾਵੇਂ ਇਨ੍ਹਾਂ ਨੀਤੀਆਂ ਵਿਰੁੱਧ ਆਵਾਜ਼ ਉੱਠਦੀ ਰਹੀ, ਪਰ ਦੇਸ਼ ਪੱਧਰ ’ਤੇ ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲੋਕਾਂ ਨੇ ਲੜ ਕੇ ਪਹਿਲਾ ਵੱਡਾ ਮੋੜਾ ਦਿੱਤਾ ਹੈ। ਲੰਘੇ ਵਰ੍ਹੇ ਦੀ ਕਾਮਯਾਬੀ ਇਹ ਵੀ ਰਹੀ ਕਿ ਇਸ ਨੇ ਚੁੱਪ ਨੂੰ ਤੋੜਿਆ ਤੇ ਪ੍ਰਤੀਰੋਧੀ ਸੁਰ ਵਿੱਚ ਉੱਭਰਿਆ। ਨਾਗਰਿਕ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਲੜਾਈ ਕਿਵੇਂ ਜਿੱਤੀ ਜਾਵੇ, ਉਸ ਲਈ ਵੀ ਇਸ ਵਰ੍ਹੇ ਲੋਕਾਂ ਨੂੰ ਕਾਫ਼ੀ ਪ੍ਰੇਰਨਾ ਮਿਲੀ। ਇਸ ਸਾਲ ਨੇ ਸੰਘਰਸ਼ਾਂ ’ਤੇ ਪੂਰਾ ਪਹਿਰਾ ਦਿੱਤਾ ਤੇ ਆਪਣੇ ਹੱਕਾਂ ਦੀ ਲੜਾਈ ਹੋਰ ਵੀ ਤੇਜ਼ ਕੀਤੀ।

ਨਵੰਬਰ 2020 ਵਿੱਚ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਇਸ ਜਨ ਅੰਦੋਲਨ ਨੇ ਦੇਸ਼ ਦੇ ਹਰ ਖੇਤਰ, ਹਰ ਜਾਤ, ਹਰ ਧਰਮ ਦੇ ਲੋਕਾਂ ਨੂੰ ਜੋੜਦਿਆਂ ਏਕਤਾ ਵਿੱਚ ਅਨੇਕਤਾ ਅਤੇ ਅਨੇਕਤਾ ਵਿੱਚ ਏਕਤਾ ਦਾ ਸਬੂਤ ਦਿੱਤਾ। ਇਸ ਅੰਦੋਲਨ ਨੂੰ ਕੁਝ ਤਾਕਤਾਂ ਨੇ ਪਾੜਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜੋ ਲੋਕ ਸੰਘਰਸ਼ਾਂ ਵਿੱਚ ਵਿਸ਼ਵਾਸ ਰੱਖਦੇ ਰਹੇ ਉਹ ਉੱਥੇ ਡਟੇ ਰਹੇ ਤੇ ਉਨ੍ਹਾਂ ਨੇ ਅੰਦੋਲਨ ਪਾੜਨ ਵਾਲੀਆਂ ਸ਼ਕਤੀਆਂ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ ਤੇ ਅੰਦੋਲਨ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ। ਇਸ ਲੜਾਈ ਵਿੱਚ ਭਾਵੇਂ ਬਹੁਤ ਸਾਰੀਆਂ ਜਾਨਾਂ ਵੀ ਗਵਾਉਣੀਆਂ ਪਈਆਂ। ਲਖੀਮਪੁਰ ਦੀ ਘਟਨਾ ਨੇ ਵੀ ਸਾਰਿਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਹਕੂਮਤ ਦੇ ਕਰੂਰ ਚਿਹਰੇ ਦਾ ਵੀ ਪਰਦਾਫਾਸ਼ ਕੀਤਾ। ਅਜਿਹੀਆਂ ਕਈ ਕੌੜੀਆਂ ਯਾਦਾਂ ਇਸ ਸੰਘਰਸ਼ ਦੇ ਨਾਲ ਨਾਲ ਤੁਰਦੀਆਂ ਰਹੀਆਂ, ਪਰ ਅਖੀਰ ਵਿੱਚ ਅਸੀਂ ਆਪਣੇ ਮਕਸਦ ’ਤੇ ਪੂਰੀ ਤਰ੍ਹਾਂ ਕਾਮਯਾਬ ਹੋ ਗਏ। ਆਪਣੀਆਂ ਹੱਕੀ ਮੰਗਾਂ ਲਈ ਫ਼ੈਸਲਾਕੁੰਨ ਯੁੱਧ ਜੋ ਪੰਜਾਬ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ’ਤੇ ਚੱਲਿਆ ਉਹ ਸਾਡੇ ਸਬਰ, ਤਿਆਗ ਤੇ ਕੁਰਬਾਨੀ ਦਾ ਇਮਤਿਹਾਨ ਲੈ ਗਿਆ।

ਆਖਿਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪਏ। ਇਸ ਅੰਦੋਲਨ ਨੇ ਬਹੁਤ ਸਾਰੇ ਸਬਕ ਵੀ ਸਿਖਾਏ ਤੇ ਲੜਾਈ ਲਈ ਠੀਕ ਦਿਸ਼ਾ ਵੀ ਪ੍ਰਦਾਨ ਕੀਤੀ। ਇਸ ਨੇ ਇਹ ਦਰਸਾ ਦਿੱਤਾ ਕਿ ਸੋਚ ਸਮਝ ਕੇ ਲਿਆ ਫ਼ੈਸਲਾ ਹੀ ਠੀਕ ਹੁੰਦਾ ਹੈ। ਸਮੇਂ ਦੇ ਬੀਤਣ ਦੇ ਨਾਲ ਨਾਲ ਝੱਖੜ ਝੁਲਦੇ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਆਪਣੇ ਨਿਸ਼ਾਨੇ ’ਤੇ ਤੁਰਦਿਆਂ ਮੰਜ਼ਿਲ ਮਿਲ ਜਾਂਦੀ ਹੈ। ਇੱਥੇ ਇਹ ਗੱਲ ਵੀ ਸਾਹਮਣੇ ਆਈ ਕਿ ਕੋਈ ਵੀ ਫ਼ੈਸਲਾ ਭਾਵੁਕਤਾ ਵਿੱਚ ਲੈਣ ਦੀ ਬਜਾਏ ਉਸ ਦੀ ਜੜ ਤੱਕ ਜਾਣਾ ਜ਼ਰੂਰੀ ਹੋ ਜਾਂਦਾ ਹੈ। ਕਈ ਵਾਰੀ ਕੀਤੇ ਫ਼ੈਸਲਿਆਂ ਵਿੱਚ ਜੋ ਕਮੀਆਂ ਰਹਿ ਗਈਆਂ ਹੁੰਦੀਆਂ ਹਨ, ਉਨ੍ਹਾਂ ’ਤੇ ਵੀ ਵਿਚਾਰ ਵਟਾਂਦਰਾ ਜ਼ਰੂਰੀ ਹੈ। ਲੋਕਾਂ ਦੇ ਮਸਲੇ ਲੋਕਾਂ ਨੂੰ ਕਿਵੇਂ ਇੱਕ ਪਲੈਟਫਾਰਮ ’ਤੇ ਇਕੱਠਾ ਕਰਦੇ ਹਨ, ਇਹ ਵੀ ਲੰਘੇ ਵਰ੍ਹੇ ਨੇ ਸਿਖਾ ਦਿੱਤਾ। ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਕਿਵੇਂ ਮੁਕਾਬਲਾ ਕਰਨਾ ਹੈ ਤੇ ਲੋਕ ਆਵਾਜ਼ ਕਿਵੇਂ ਬਣਨਾ ਹੈ, ਅਜਿਹੀ ਸੋਝੀ ਦੇ ਪ੍ਰਤੱਖ ਦਰਸ਼ ਦਿਖਾ ਦਿੱਤੇ। ਕਿਸਾਨ ਅੰਦੋਲਨ ਦਾ ਸਮੁੱਚੇ ਦੇਸ਼ ਵਿੱਚ ਪ੍ਰਭਾਵ ਪਿਆ ਤੇ ਹਰ ਥਾਂ ਖੇਤਰੀ ਪੱਧਰ ’ਤੇ ਵੀ ਆਪਣੇ ਹੱਕਾਂ ਦੀ ਲੜਾਈ ਹੋਰ ਤੇਜ਼ ਹੋ ਗਈ। ਅਧਿਆਪਕਾਂ, ਮੁਲਾਜ਼ਮਾਂ, ਮਜ਼ਦੂਰਾਂ ਤੇ ਹੋਰ ਵਰਗਾਂ ਦਾ ਸੰਘਰਸ਼ ਵੀ ਲੰਘੇ ਵਰ੍ਹੇ ਕਾਫ਼ੀ ਜ਼ਿਆਦਾ ਮਘਦਾ ਰਿਹਾ।

ਇਸ ਨੇ ਇਹ ਵੀ ਦਿਖਾ ਦਿੱਤਾ ਕਿ ਅਸਲ ਵਿੱਚ ਰਾਜ ਸੱਤਾ ਦੀ ਤਾਕਤ ਲੋਕ ਹੁੰਦੇ ਹਨ ਤੇ ਸ਼ਕਤੀ ਨਾਲ ਜਜ਼ਬਿਆਂ ਨੂੰ ਕੁਚਲਿਆ ਨਹੀਂ ਜਾ ਸਕਦਾ। ਇਸ ਅੰਦੋਲਨ ਨੇ ਰਿਸ਼ਤਿਆਂ ਦੀ ਨਵੀਂ ਪਰਿਭਾਸ਼ਾ ਵੀ ਕਾਇਮ ਕੀਤੀ ਹੈ। ਇਸ ਨੇ ਪੰਜਾਬੀ ਸਾਹਿਤ ਅਤੇ ਸੰਗੀਤ ਨੂੰ ਨਵੇਂ ਮੁੱਦਿਆਂ ਨਾਲ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਵਿੱਚ ਨੌਜਵਾਨਾਂ ਦੀ ਹਾਜ਼ਰੀ ਨੇ ਨਵੇ ਅੰਦੋਲਨਾਂ ਦਾ ਸੁਨਹਿਰੀ ਭਵਿੱਖ ਵੀ ਦਿਖਾਇਆ। ਇਸ ਨੇ ਖੇਤਰੀ ਮੁੱਦਿਆਂ ਉੱਤੇ ਲੜਨ ਵਾਲੇ ਲੋਕਾਂ ਨੂੰ ਪਾਣੀ, ਭਾਸ਼ਾ, ਸੱਭਿਆਚਾਰ ਅਤੇ ਖੇਤਰਾਂ ਦੀਆਂ ਬਹਿਸਾਂ ਵਿੱਚੋਂ ਬਾਹਰ ਕੱਢ ਕੇ ਸਮੁੱਚੇ ਪ੍ਰਬੰਧ ਦੀ ਜੜ ਪਛਾਣਨ ਦਾ ਰਾਹ ਦੱਸਿਆ। ਪਿੰਡਾਂ ਦੇ ਲੋਕਾਂ ਨੇ ਪਹਿਲੀ ਵਾਰੀ ਵੋਟਾਂ ਮੰਗਣ ਆਏ ਨੁਮਾਇੰਦਿਆਂ ਨੂੰ ਸਵਾਲਾਂ ਵਿੱਚ ਘੇਰ ਲਿਆ। ਭਾਵੇਂ ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ ਵਿੱਚ ਵਾਧਾ ਤੇ ਕਰੋਨਾ ਵਰਗੀਆਂ ਭਿਅੰਕਰ ਬਿਮਾਰੀਆਂ ਦਾ ਭੈਅ ਲੋਕਾਂ ਉੱਪਰ ਮੰਡਰਾਉਂਦਾ ਰਿਹਾ। ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਜਾਤ, ਲੰਿਗਕ ਆਦਿ ਹਰ ਖੇਤਰ ਦੇ ਅਸਾਵੇਂਪਣ ਨੂੰ ਦਰਸਾਉਂਦੀਆਂ ਵੀ ਹਾਜ਼ਰੀ ਲਵਾਉਂਦੀਆਂ ਰਹੀਆਂ ਜੋ ਸਭ ਰਾਜਸੀ ਸਮਾਜਿਕ ਪ੍ਰਬੰਧ ਨਾਲ ਜੁੜੀਆਂ ਹੋਈਆਂ ਹਨ।

ਜਿੰਨਾ ਚਿਰ ਇਹ ਪ੍ਰਬੰਧ ਤਬਦੀਲ ਨਹੀਂ ਹੁੰਦਾ, Eਨਾ ਚਿਰ ਇਹ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ। ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਨਿਕਲਣ ਦੀ ਧਰਾਤਲ ਕਿਸਾਨ ਅੰਦੋਲਨ ਨੇ ਪ੍ਰਦਾਨ ਕਰ ਦਿੱਤੀ ਹੈ। ਜੋ ਬੀਤੇ ਸਾਲ ਦਾ ਹਾਸਲ ਰਿਹਾ। ਭਾਵੇਂ ਕੁਝ ਰੁਝਾਨ ਪਹਿਲਾਂ ਦੀ ਤਰ੍ਹਾਂ ਹੀ ਲੰਘੇ ਸਾਲ ਵੀ ਦਸਤਕ ਦਿੰਦੇ ਰਹੇ ਕਿ ਸੱਤਾਧਾਰੀ ਜਮਾਤ ਆਪਣਾ ਲਾਹਾ ਲੈਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੀ ਹੈ। ਸਾਲ ਦੇ ਅੰਤ ਵਿੱਚ ਵੋਟ ਤੰਤਰ ਦੀ ਰਣਨੀਤੀ ਵੀ ਸਾਹਮਣੇ ਆਈ। ਲੋਕਾਂ ਦੀ ਏਕਤਾ ਹਾਕਮਾਂ ਨੂੰ ਚੁਭਦੀ ਰਹੀ, ਇਸੇ ਕਰਕੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਸਾਜ਼ਿਸ਼ਾਂ ਵੀ ਚਰਚਾ ਬਣੀਆਂ ਤਾਂ ਕਿ ਲੋਕ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਦੂਸਰੇ ਪਾਸੇ ਲਾਇਆ ਜਾਵੇ। ਕੀ ਕਿਸਾਨ ਅੰਦੋਲਨ ਦੀ ਜਿੱਤ ਦਾ ਰਾਹ ਸਮਾਜ ਲਈ ਨਵੀਂ ਨੁਹਾਰ ਪੈਦਾ ਕਰੇਗਾ? ਇਸ ਸਵਾਲ ਦਾ ਜਵਾਬ ਅਜੇ ਭਵਿੱਖ ਦੇ ਗਰਭ ਵਿੱਚ ਹੈ, ਪਰ ਨਵੇਂ ਵਰ੍ਹੇ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਸਾਹਮਣੇ ਹਨ। ਇਹ ਆਸ ਹੈ ਕਿ ਇਹ ਸਾਲ ਮਨੁੱਖਤਾ ਦੇ ਵਿਹੜੇ ਵਿੱਚ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਭੂਮਿਕਾ ਨਿਭਾਵੇ ਤੇ ਲੋਕ ਸੰਘਰਸ਼ਾਂ ਨੂੰ ਬੂਰ ਪਵੇ।

Leave a Reply

Your email address will not be published.