‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਹੇਠ ਭਾਜਪਾ ਨੇ ਵਜਾਇਆ ਚੋਣ ਬਿਗੁਲ

Home » Blog » ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਹੇਠ ਭਾਜਪਾ ਨੇ ਵਜਾਇਆ ਚੋਣ ਬਿਗੁਲ
‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਹੇਠ ਭਾਜਪਾ ਨੇ ਵਜਾਇਆ ਚੋਣ ਬਿਗੁਲ

ਮੁੱਲਾਂਪੁਰ-ਦਾਖਾ / ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਦਾਖਾ ਅਧੀਨ ਹਸਨਪੁਰ ਨੇੜੇ ਰਿਜ਼ੋਰਟਸ ਅੰਦਰ ਪ੍ਰਦੇਸ਼ ਪ੍ਰੀਸ਼ਦ ਸੰਮੇਲਨ ਕਰਦਿਆਂ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਹੇਠ ਚੋਣਾਂ ਦਾ ਬਿਗੁਲ ਵਜਾ ਦਿੱਤਾ ।

ਕੇਂਦਰੀ ਮੰਤਰੀ ਮੰਡਲ, ਪੰਜਾਬ ਦੀ ਸਮੁੱਚੀ ਲੀਡਰਸ਼ਿਪ, ਜ਼ਿਲ੍ਹਾ, ਬਲਾਕ ਪ੍ਰਧਾਨ, ਭਾਜਪਾ ਨਾਲ ਜੁੜੇ ਲੋਕਾਂ ਦੀ ਨਿਰੋਲ ਇਕੱਤਰਤਾ ‘ਚ ਸੱਤਾਧਾਰੀ ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲੈਂਦਿਆਂ ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਪਾਰਟੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਚੋਣ ਲੜੇਗੀ । ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਪੰਜਾਬ ‘ਚ ਭਾਜਪਾ ਦੇ ਪਲੇਠੇ ਸੰਮੇਲਨ ‘ਚ ਹੈਰਾਨੀਕੁੰਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਰਾਜਾਂ ਦੇ ਵਡੇਰੇ ਹਿੱਤਾਂ ਲਈ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਹਿੰਦੂ-ਸਿੱਖ ਤਾਕਤ ਨੂੰ ਕਮਜ਼ੋਰ ਕਰਨ ‘ਚ ਲੱਗੀਆਂ ਹੋਈਆਂ ਹਨ ਪਰ ਆਗਾਮੀ ਚੋਣਾਂ ‘ਚ ਪੰਜਾਬ ਦਾ ਸੂਝਵਾਨ ਵੋਟਰ ਭਾਜਪਾ ਦੀ ਨਿਰੋਲ ਸਰਕਾਰ ਬਣਾ ਕੇ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵੇਗਾ । ਸ਼ੇਖਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਨੌਕਰੀ, ਰੇਤ ਮਾਫੀਆ ਨੂੰ ਲਗਾਮ, ਬੇਰੁਜ਼ਗਾਰੀ ਭੱਤਾ ਹਰ ਵਾਅਦੇ ਤੋਂ ਮੁਕਰੀ, ਜਦ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੰਜਾਬ ਕਾਂਗਰਸ ਨੇ ਲੋਕਾਂ ਤੋਂ ਬਚਣ ਲਈ ਮੁੱਖ ਮੰਤਰੀ ਦਾ ਚਿਹਰਾ ਬਦਲ ਲਿਆ ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਭਲਾਈ ਹਿਤ ਖੇਤੀ ਕਾਨੂੰਨ ਵਾਪਸ ਲਏ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ । ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਚਰਨਜੀਤ ਸਿੰਘ ਚੰਨੀ ਦੀ ਸੂਬਾ ਸਰਕਾਰ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੀ ਹਮਲੇ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦਾ ਵੋਟਰ ਭਾਰਤੀ ਜਨਤਾ ਪਾਰਟੀ ‘ਚ ਭਵਿੱਖ ਦੇਖਣਾ ਚਾਹੁੰਦਾ ਹੈ ਅਤੇ ਹੁਣ ਅਜਿਹਾ ਸਮਾਂ ਦੂਰ ਨਹੀਂ । ਇਸ ਮੌਕੇ ਸਟੇਜ ਸੰਚਾਲਕ ਜੀਵਨ ਦੱਤਾ ਵਲੋਂ ‘ਬੋਲੇ ਸੋ ਨਿਹਾਲ ਜੈਕਾਰੇ’ ਦੇ ਨਾਲ ਭਾਰਤ ਮਾਤਾ ਦੀ ਜੈ ਨਾਅਰੇ ਦਾ ਪੰਡਾਲ ਦੀ ਇਕੱਤਰਤਾ ਨੇ ਜੋਸ਼ ਨਾਲ ਹੱਥ ਖੜ੍ਹੇ ਕਰਕੇ ਜਵਾਬ ਦਿੱਤਾ ।

ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸੂਬਾ ਇੰਚਾਰਜ ਦੁਸ਼ਿਅੰਤ ਗੌਤਮ, ਮਨੋਰੰਜਨ ਕਾਲੀਆ, ਸੁਰਜੀਤ ਜਿਆਣੀ, ਮਦਨ ਮੋਹਨ ਮਿੱਤਲ, ਦਿਆ ਸਿੰਘ ਸੋਢੀ, ਹਰਜੀਤ ਸਿੰਘ ਗਰੇਵਾਲ, ਰਜਿੰਦਰ ਭੰਡਾਰੀ, ਐੱਮ.ਐੱਲ.ਏ. ਦਿਨੇਸ਼ ਬੱਬੂ, ਸੁਭਾਸ਼ ਵਰਮਾ, ਡਾ: ਨਰਿੰਦਰ ਰੈਣਾ, ਭਾਜਪਾ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ, ਮੀਤ ਪ੍ਰਧਾਨ ਸੁਨੀਲ ਮੌਦਗਿਲ, ਮੋਨਾ ਜੈਸਵਾਲ ਕਈ ਹੋਰਨਾਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ । ਇਸ ਮੌਕੇ ਅਮਨਜੋਤ ਕੌਰ ਰਾਮੂਵਾਲੀਆ, ਮੇਜਰ ਸਿੰਘ ਦੇਤਵਾਲ, ਨਵਦੀਪ ਸਿੰਘ ਗਰੇਵਾਲ, ਜਸਵੰਤ ਸਿੰਘ ਛਾਪਾ, ਪ੍ਰਦੀਪ ਜੋਧਾਂ, ਡਾ: ਸਤੀਸ਼ ਕੁਮਾਰ, ਕੈਲਾਸ਼ ਚੌਧਰੀ, ਰਾਮ ਗੁਪਤਾ, ਕੰਤੇਦੂ ਸ਼ਰਮਾ, ਪ੍ਰਵੀਨ ਬਾਂਸਲ, ਰਾਜੇਸ਼ ਬੱਗਾ, ਸਰਬਜੀਤ ਸਿੰਘ ਮੱਕੜ ਸਮੇਤ ਰਾਜ ਭਰ ‘ਚੋਂ ਵੱਖੋ-ਵੱਖ ਜ਼ਿਿਲ੍ਹਆਂ ਦੇ ਸੈਂਕੜੇ ਹੋਰ ਅਹੁਦੇਦਾਰ ਤੇ ਡੈਲੀਗੇਟ ਮੌਜੂਦ ਰਹੇ ।

ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਤੇ ਕਲਾਕਾਰ ਭਾਜਪਾ ‘ਚ ਸ਼ਾਮਿਲ ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਅਸ਼ਵਨੀ ਸ਼ਰਮਾ ਦੀ ਹਾਜ਼ਰੀ ‘ਚ ਚੌਧਰੀ ਮੋਹਨ ਲਾਲ ਬੰਗਾ ਸਾਬਕਾ ਵਿਧਾਇਕ, ਹਰਪਾਲ ਸਿੰਘ ਜੱਲ੍ਹਾ ਪਾਇਲ ਐੱਸ.ਜੀ.ਪੀ.ਸੀ. ਮੈਂਬਰ, ਆਈ.ਏ.ਐੱਸ. ਸੇਵਾਮੁਕਤ ਐੱਸ.ਆਰ ਲੱਧੜ, ਗੌਤਮ ਗਿਰੀਸ਼ ਲੱਧੜ, ਪਰਮਜੀਤ ਸਿੰਘ ਖ਼ਾਲਸਾ ਬਲਾਚੌਰ, ਰਣਜੀਤ ਸਿੰਘ ਖੋਜੇਵਾਲ ਕਪੂਰਥਲਾ, ਉੱਘੇ ਲੋਕ ਗਾਇਕ ਹਾਕਮ ਬਖਤੜੀਵਾਲਾ, ਬੂਟਾ ਮੁਹੰਮਦ, ਰੁਪਿੰਦਰ ਸਿੰਘ ਸਿੱਧੂ ਬਠਿੰਡਾ ਸਮੇਤ ਕਈ ਹੋਰਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ।

Leave a Reply

Your email address will not be published.