ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ‘ਨਵੇਂ ਪ੍ਰਧਾਨ’, ਜਾਖੜ ਦੀ ਛੁੱਟੀ! ਕਾਟੋ-ਕਲੇਸ਼ ਜਾਰੀ

Home » Blog » ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ‘ਨਵੇਂ ਪ੍ਰਧਾਨ’, ਜਾਖੜ ਦੀ ਛੁੱਟੀ! ਕਾਟੋ-ਕਲੇਸ਼ ਜਾਰੀ
ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ‘ਨਵੇਂ ਪ੍ਰਧਾਨ’, ਜਾਖੜ ਦੀ ਛੁੱਟੀ! ਕਾਟੋ-ਕਲੇਸ਼ ਜਾਰੀ

ਚੰਡੀਗੜ੍ਹ / ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਾਟੋ-ਕਲੇਸ਼ ਨੂੰ ਹਾਈਕਮਾਂਡ ਨੇ ਚੇਅਰਮੈਨੀਆਂ ਅਤੇ ਪ੍ਰਧਾਨਗੀਆਂ ਵੰਡ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਛੁੱਟੀ ਕਰ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਸਿੱਧੂ ਨੂੰ ਬੇਸ਼ੱਕ ਅਹਿਮ ਜ਼ਿੰਮੇਵਾਰੀ ਮਿਲੀ ਹੈ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੈਪੇਂਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਜੇਇੰਦਰ ਸਿੰਗਲਾ ਨੂੰ ਪਾਰਟੀ ਵਲੋਂ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਿੰਗਲਾ ਤੇ ਚੌਧਰੀ ਦੋਵਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉੱਥੇ ਹੀ ਕੈਪਟਨ ਧੜੇ ਤੋਂ ਵੱਖ ਚੱਲ ਰਹੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਮੋਢਿਆ ’ਤੇ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਾਉਂਦਿਆਂ ਉਨ੍ਹਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਹਾਲਾਂਕਿ ਇਨ੍ਹਾਂ ਨਿਯੁਕਤੀਆਂ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਸਵੇਰੇ ਪੰਜਾਬ ਕਾਂਗਰਸ ਦੇ ਘਮਾਸਾਨ ’ਤੇ ਸੁਲ੍ਹਾ ਦਾ ਫਾਰਮੂਲਾ ਦੱਸਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਾਮ ਹੁੰਦੇ-ਹੁੰਦੇ ਕਹਿਣ ਲੱਗੇ ਕਿ ਹਾਲੇ ਮੰਥਨ ਜਾਰੀ ਹੈ। ਇਹ ਮੰਥਨ ਹਾਲੇ ਕਿੰਨੇ ਦਿਨ ਚੱਲੇਗਾ, ਇਸਦਾ ਫਿਲਹਾਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਮਤਲਬ ਇਹ ਹੈ ਕਿ ਜਿੱਥੋਂ ਚੱਲੇ ਸੀ, ਉਥੇ ਹੀ ਆ ਕੇ ਦੁਬਾਰਾ ਖੜ੍ਹੇ ਹੋ ਗਏ। ਪੰਜਾਬ ਕਾਂਗਰਸ ’ਤੇ ਸਸਪੈਂਸ ਬਰਕਰਾਰ ਹੈ। ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ’ਚ ਇਕ ਨਵਾਂ ਮੋੜ ਉਦੋਂ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਮਾਮਲਿਆਂ ਦੇ ਪ੍ਰਧਾਨ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹਿ ਦਿੱਤਾ ਕਿ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਰਾਵਤ ਨੇ ਕਿਹਾ ਕਿ ਹਾਈਕਮਾਂਡ ਨਾਲ ਮੇਰੀ ਮੁਲਾਕਾਤ ਉੱਤਰਾਖੰਡ ਨੂੰ ਲੈ ਕੇ ਸੀ, ਪੰਜਾਬ ਬਾਰੇ ਕੋਈ ਗੱਲ ਨਹੀਂ ਹੋਈ। ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ ਪਰ ਇਸ ਦੇ ਨਾਲ ਰਲਦਾ-ਮਿਲਦਾ ਹੀ ਫੈਸਲਾ ਲਿਆ ਜਾਵੇਗਾ ਪਰ ਅਜੇ ਕਈ ਗੱਲਾਂ ’ਤੇ ਵਿਚਾਰ-ਵਟਾਂਦਰੇ ਕਰਨੇ ਬਾਕੀ ਹਨ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।

Leave a Reply

Your email address will not be published.