ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ

Home » Blog » ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ
ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ

ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ।

ਇਹ ਨਵੀਂ ਟੀਮ ਨਵਜੋਤ ਸਿੱਧੂ ਦੇ ਸਲਾਹਕਾਰ ਦੇ ਤੌਰ ’ਤੇ ਕੰਮ ਕਰੇਗੀ। ਇਸ ਟੀਮ ਵਿਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਸਾਬਕਾ ਰਜਿਸਟਰਾਰ ਫਰੀਦਕੋਟ ਮਾਲਵਿੰਦਰ ਸਿੰਘ ਮਾਲੀ ਅਤੇ ਉੱਘੀ ਸ਼ਖ਼ਸੀਅਤ ਡਾ. ਪਿਆਰੇ ਲਾਲ ਗਰਗ ਸ਼ਾਮਲ ਹਨ। ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਸਿੱਧੂ ਨੇ ਆਖਿਆ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈਂ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਦਾ ਹਾਂ। ਡਾ. ਅਮਰ ਸਿੰਘ (ਮੈਂਬਰ ਲੋਕ ਸਭਾ), ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.), ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਮੇਰੇ ਸਲਾਹਕਾਰ ਹੋਣਗੇ। ਸਿੱਧੂ ਨੇ ਕਿਹਾ ਕਿ ਹਰ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਨ੍ਹਾਂ ਦੇ ਨਜ਼ਰੀਏ ਅਤੇ ਕੰਮ ਕਰਕੇ ਮੈਂ ਨਿੱਜੀ ਤੌਰ ’ਤੇ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਨਾਲ-ਨਾਲ ਸਿੱਧੂ ਨਾਲ ਚਾਰ ਹੋਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਸਨ। ਇਨ੍ਹਾਂ ਵਿਚ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ। ਹੁਣ ਜਦੋਂ ਨਵਜੋਤ ਸਿੱਧੂ ਨੇ ਆਪਣੇ ਅੱਗੋਂ ਹੋਰ ਚਾਰ ਸਲਾਹਕਾਰ ਨਿਯੁਕਤ ਕਰ ਦਿੱਤੇ ਹਨ, ਤਾਂ ਇਸ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।

Leave a Reply

Your email address will not be published.