ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ

Home » Blog » ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਦਾ ਮਿਸ਼ਨ ਸੂਬੇ ਦੇ ਵੱਡੇ ਮਸਲੇ ਹੱਲ ਕਰਨਾ ਹੈ।

ਉਨ੍ਹਾਂ ਕਿਹਾ ਕਿ ਮੁਲਕ ਦੇ ਕਿਸਾਨਾਂ ਵੱਲੋਂ ਦਿੱਲੀ ‘ਚ ਕੀਤੇ ਜਾ ਰਹੇ ਸੰਘਰਸ਼ ਨੂੰ ਸਭ ਤੋਂ ਵੱਡਾ ਮਸਲਾ ਕਰਾਰ ਦਿੱਤਾ। ਸਿੱਧੂ ਨੇ ਬੇਅਦਬੀ ਦੇ ਮਾਮਲੇ ਨੂੰ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਇਥੇ ਕਾਂਗਰਸ ਭਵਨ ‘ਚ ਅਹੁਦਾ ਸੰਭਾਲ ਸਮਾਗਮ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ‘ਚ ਕਿਹਾ ਕਿ ਉਹ ਪੰਜਾਬ ਦੇ ਕਲਿਆਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਸਮਾਗਮ ਦੌਰਾਨ ਕੈਪਟਨ ਦੀ ਹਾਜਰੀ ਨੇ ਪਾਰਟੀ ‘ਚ ‘ਸਭ ਅੱਛਾ‘ ਹੋਣ ਦਾ ਪ੍ਰਭਾਵ ਦਿੱਤਾ। ਅਮਰਿੰਦਰ ਸਿੰਘ ਅਤੇ ਸਿੱਧੂ ਦੇ ਇਕ ਮੰਚ ‘ਤੇ ਆਉਣ ਨੂੰ ਪਾਰਟੀ ਲਈ ਸ਼ੁਭ ਸੰਕੇਤ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਵੱਡੇ ਚਿਹਰੇ ਇਕੋ ਫਰੇਮ ‘ਚ ਦਿਖਾਈ ਦਿੱਤੇ। ਸਾਰੇ ਆਗੂਆਂ ਨੇ ਅਗਲੀਆਂ ਚੋਣਾਂ ਨੂੰ ਲੈ ਕੇ ਆਪਣੇ ਭਾਸ਼ਣਾਂ ‘ਚ ਪੂਰਾ ਤਾਣ ਲਾਇਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ਤਾਂ ਨਵਜੋਤ ਸਿੱਧੂ ਨੇ ਸੂਬੇ ਦੇ ਮਸਲਿਆਂ ਦਾ ਢੇਰ ਸਟੇਜ ‘ਤੇ ਲਾ ਦਿੱਤਾ। ਸਮਾਗਮਾਂ ਵਿਚ ਉਹ ਮੁੱਦੇ ਛਾਏ ਰਹੇ ਜਿਨ੍ਹਾਂ ਨੂੰ ਲੈ ਕੇ ਪੰਜਾਬੀਆਂ ਵੱਲੋਂ ਕੈਪਟਨ ਸਰਕਾਰ ‘ਤੇ ਤਨਜ ਕਸੇ ਜਾ ਰਹੇ ਸਨ।

ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਹਾਈਕਮਾਨ ਦੇ ਪੰਜਾਬ ਲਈ 18 ਨੁਕਾਤੀ ਏਜੰਡੇ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹਰ ਵਰਕਰ ਪ੍ਰਧਾਨ ਬਣ ਗਿਆ ਹੈ ਅਤੇ ਪ੍ਰਧਾਨ ਤੇ ਵਰਕਰ ਵਿਚਲਾ ਫਾਸਲਾ ਮਿਟ ਗਿਆ ਹੈ। ਉਨ੍ਹਾਂ ਕਿਹਾ,’’ਇਹ ਮਸਲਾ ਪ੍ਰਧਾਨਗੀ ਦਾ ਨਹੀਂ ਬਲਕਿ ਇਹ ਮਸਲਾ ਗੁਰੂ ਦਾ, ਕਿਸਾਨਾਂ ਦਾ, ਰੁਜ਼ਗਾਰ ਦਾ ਅਤੇ ਇਨਸਾਫ ਦਾ ਹੈ। ਅੱਜ ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੈ ਅਤੇ ਪਵਿੱਤਰ ਸੰਘਰਸ਼ ਲੜ ਰਿਹਾ ਹੈ। ਇਸੇ ਸੰਘਰਸ਼ ਨੇ ਏਕੇ ਦਾ ਰਾਹ ਦਿਖਾਇਆ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਨੇ ਇਹ ਦਿਨ ਦਿਖਾਏ ਹਨ।“ ਸਿੱਧੂ ਨੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੁਨੇਹਾ ਦਿੱਤਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਉਨ੍ਹਾਂ ਪੁੱਛਿਆ ਕਿ ਸਰਕਾਰ ਦੀ ਤਾਕਤ ਕਿਸਾਨਾਂ ਦੇ ਕੰਮ ਕਿਵੇਂ ਆ ਸਕਦੀ ਹੈ। ਬੇਅਦਬੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,”ਇਹ ਮਸਲਾ ਮੇਰੇ ਗੁਰੂ ਦਾ ਹੈ ਅਤੇ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀਆਂ ਉਮੀਦਾਂ ਦੀ ਇਹ ਪ੍ਰਧਾਨਗੀ ਹੈ।“ ਸਿੱਧੂ ਨੇ ਬਿਜਲੀ ਦੇ ਵਧੇ ਰੇਟਾਂ ਅਤੇ ਬਿਜਲੀ ਸਮਝੌਤਿਆਂ ਦੀ ਗੱਲ ਵੀ ਕੀਤੀ।

ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸੁਆਲ ਪੁੱਛਦਾ ਹੈ ਕਿ ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲੇ ਕਿੱਥੇ ਨੇ। ‘ਕਿੱਥੇ ਨੇ ਮਗਰਮੱਛ, ਉਨ੍ਹਾਂ ਨੂੰ ਢਾਹੁਣਾ ਪਵੇਗਾ। ਮੁੱਖ ਮੰਤਰੀ ਸਾਹਬ! ਏਹ ਮਸਲੇ ਹੱਲ ਕਰਨੇ ਨੇ।‘ ਸਿੱਧੂ ਨੇ ਈ.ਟੀ.ਟੀ. ਟੀਚਰਾਂ ਅਤੇ ਡਰਾਈਵਰਾਂ ਦੇ ਮੁੱਦੇ ਵੀ ਛੋਹੇ। ਇਹ ਵਚਨ ਵੀ ਕੀਤਾ ਕਿ ਉਹ ਪੰਜਾਬ ਦੇ ਵਰਕਰਾਂ ਅਤੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਵਾਪਸ ਕਰਨਗੇ। ਸਿੱਧੂ ਨੇ ਅਸਿੱਧੇ ਤਰੀਕੇ ਨਾਲ ਬਾਦਲ ਤੇ ਮਜੀਠਾ ਪਰਿਵਾਰ ਨੂੰ ਵੀ ਨਿਸ਼ਾਨੇ ‘ਤੇ ਲਿਆ। ਸਿੱਧੂ ਨੇ ਜੈਕਾਰਿਆਂ ਨਾਲ ਆਪਣਾ ਭਾਸ਼ਨ ਸਮਾਪਤ ਕੀਤਾ। ਨਵਜੋਤ ਸਿੱਧੂ ਨੇ ਆਪਣੇ ਪਿਤਾ ਦੇ ਸਿਆਸੀ ਸਫਰ ਦਾ ਉਚੇਚੇ ਤੌਰ ‘ਤੇ ਜਿਕਰ ਕੀਤਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨ ‘ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਰੋਨਾ ਕਾਲ ਦੌਰਾਨ ਕੀਤੇ ਗਏ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਮਾਰੀ ਮੱਲ੍ਹ ਨੂੰ ਉਭਾਰਿਆ ਅਤੇ ਇਨ੍ਹਾਂ ਦਾ ਸਿਹਰਾ ਬਲਬੀਰ ਸਿੰਘ ਸਿੱਧੂ, ਉ .ਪੀ. ਸੋਨੀ ਅਤੇ ਵਿਜੈਇੰਦਰ ਸਿੰਗਲਾ ਨੂੰ ਦਿੱਤਾ। ਕੈਪਟਨ ਨੇ ਬੇਅਦਬੀ ਅਤੇ ਬਹਿਬਲ ਕਲਾਂ ਦੇ ਮੁੱਦੇ ‘ਤੇ ਕਿਹਾ ਕਿ ਇਹ ਮਾਮਲੇ ਕਾਨੂੰਨ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਸੀ.ਬੀ.ਆਈ. ਤੋਂ ਕੇਸ ਵਾਪਸ ਲਿਆ ਜਦੋਂ ਕਿ ਅਕਾਲੀਆਂ ਨੇ ਸੀ.ਬੀ.ਆਈ. ਨੂੰ ਇਹ ਮਾਮਲਾ ਦਿੱਤਾ ਸੀ।

ਅਮਰਿੰਦਰ ਨੇ ਕਿਹਾ,”ਲੋਕਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਪਛਾਣ ਲਿਆ ਹੈ। ਅਗਲੀ ਚੋਣ ਵਿਚ ਨਾ ਕਿਧਰੇ ਬਾਦਲ ਦਿਸਣਗੇ ਅਤੇ ਨਾ ਹੀ ਮਜੀਠੀਏ। ਮੈਂ ਤੇ ਸਿੱਧੂ ਹੁਣ ਪੰਜਾਬ ‘ਚ ਹੀ ਨਹੀਂ, ਦੇਸ਼ ਦੀ ਸਿਆਸਤ ਵਿਚ ਵੀ ਇਕੱਠੇ ਚੱਲਾਂਗੇ।“ ਉਨ੍ਹਾਂ ਸਿੱਧੂ ਦੇ ਪਿਤਾ ਨਾਲ ਪਰਿਵਾਰਕ ਸਾਂਝ ਨੂੰ ਚੇਤੇ ਕਰਦਿਆਂ ਕਿਹਾ ਕਿ ਨਵਜੋਤ ਦੇ ਪਿਤਾ ਨੇ ਉਨ੍ਹਾਂ ਨੂੰ ਸਿਆਸਤ ਲਈ ਪ੍ਰੇਰਿਆ। ਉਦੋਂ ਨਵਜੋਤ ਛੇ ਕੁ ਵਰ੍ਹਿਆਂ ਦਾ ਸੀ ਜਦੋਂ ਉਹ ਚੀਨ ਦੀ ਸਰਹੱਦ ‘ਤੇ ਤਾਇਨਾਤ ਸਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਸਮਾਂ ਨਾ ਮਿਲਿਆ। ਮੁੱਖ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਨਵਜੋਤ ਸਿੱਧੂ ਦੀ ਵਾਰ ਵਾਰ ਗੱਲ ਕੀਤੀ ਜਦੋਂ ਕਿ ਨਵਜੋਤ ਸਿੱਧੂ ਨੇ ਆਪਣੇ ਭਾਸ਼ਨ ਵਿਚ ਮੁੱਖ ਮੰਤਰੀ ਦਾ ਨਾਮ ਲੈਣ ਤੋਂ ਗੁਰੇਜ ਕੀਤਾ। ਸਟੇਜ ‘ਤੇ ਦੋਵੇਂ ਆਗੂ ਬੇਸ਼ੱਕ ਨਾਲੋਂ ਨਾਲ ਬੈਠੇ ਸਨ ਪ੍ਰੰਤੂ ਉਨ੍ਹਾਂ ‘ਚ ਦਿਲਾਂ ਦੀ ਦੂਰੀ ਸਾਫ ਝਲਕ ਰਹੀ ਸੀ। ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਸਿੱਧੂ ਨੇ ਜਿਥੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਲਈ ਪਾਰਟੀ ਦੇ ਆਗੂਆਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਚੋਣ ਵਾਅਦੇ ਪੂਰੇ ਕੀਤੇ ਬਿਨਾ ਨਹੀਂ ਸਰਨਾ।

ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਵਿਚ ਹਾਈਕਮਾਨ ਵੱਲੋਂ ਦਿੱਤੇ 18 ਨੁਕਤਿਆਂ ਵਿਚੋਂ ਪੰਜ ਤੇ ਤੁਰਤ ਕਾਰਵਾਈ ਲਈ ਆਖਿਆ ਹੈ। ਸਿੱਧੂ ਨੇ ਕੈਪਟਨ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਆਖਿਆ ਹੈ ਕਿ ਪੰਜਾਬ ਨੂੰ ਅੱਜ ਫੈਸਲੇ ਲੈਣ ਵਿਚ ਦਲੇਰ, ਦ੍ਰਿੜ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ ਜੋ ਹਰ ਪੰਜਾਬੀ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੋਵੇ। ਸਿੱਧੂ ਨੇ 18 ਨੁਕਤਿਆਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਸ਼ਾ ਤਸਕਰੀ, ਕਿਸਾਨੀ ਮਸਲੇ, ਬਿਜਲੀ ਖਰੀਦ ਸਮਝੌਤੇ ਤੇ ਮੁਲਾਜ਼ਮ ਜਥੇਬੰਦੀਆਂ ਦੇ ਮਸਲਿਆਂ ਦਾ ਤੁਰਤ ਹੱਲ ਕਰਨ ਲਈ ਆਖ ਦਿੱਤਾ ਹੈ। ਉਧਰ, ਸਿੱਧੂ ਦੀਆਂ ਇਨ੍ਹਾਂ ਸਰਗਰਮੀਆਂ ਤੋਂ ਕੈਪਟਨ ਧੜਾ ਫਿਕਰਮੰਦ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਸਿੱਧੂ ਨਾਲ ਮੁਲਾਕਾਤ ਦੇ ਤੁਰਤ ਬਾਅਦ ਕੈਪਟਨ ਨੇ ਦਾਅਵਾ ਕਰ ਦਿੱਤਾ ਕਿ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਵੱਡੇ ਪੱਧਰ ਉਤੇ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਕੈਪਟਨ ਦੇ ਤੇਵਰ ਬਦਲੇ ਹੋਏ ਹਨ। ਖਾਸਕਰ ਕਿਸਾਨੀ ਮਸਲਿਆਂ ਬਾਰੇ ਕੈਪਟਨ ਵਿਚ ਨਵਾਂ ਜੋਸ਼ ਵਿਖਾਈ ਦੇ ਰਿਹਾ ਹੈ।

ਪੰਜਾਬਚ ਐਕਸਪ੍ਰੈੱਸ ਵੇਅ ਲਈ ਐਕੁਆਇਰ ਜਮੀਨ ਦੀ ਮੁਆਵਜ਼ਾ ਰਾਸ਼ੀ ਲਈ ਸੰਘਰਸ਼ੀ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹਮਦਰਦੀ ਵੀ ਇਸੇ ਰਣਨੀਤੀ ਦਾ ਹਿੱਸਾ ਜਾਪ ਰਹੀ ਹੈ। ਹਜ਼ਾਰਾਂ ਕਿਸਾਨ ਲੰਮੇ ਅਰਸੇ ਤੋਂ ਪੰਜਾਬ ਵਿਚ ਲਗਾਤਾਰ ਇਸ ਮਾਮਲੇ `ਤੇ ਸੰਘਰਸ਼ ਕਰ ਰਹੇ ਹਨ ਪਰ ਕਾਫੀ ਸਮੇਂ ਮਗਰੋਂ ਮੁੱਖ ਮੰਤਰੀ ਨੇ ਇਨ੍ਹਾਂ ਕਿਸਾਨਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਮੁਆਵਜ਼ਾ ਰਾਸ਼ੀ ਦੇ ਮਾਮਲੇ ਉਤੇ ਕੇਂਦਰੀ ਸੜਕੀ ਆਵਾਜਾਈ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਦੀ ਗੱਲ ਆਖੀ ਹੈ।ਯਾਦ ਰਹੇ ਕਿ ਕੈਪਟਨ ਸਰਕਾਰ ਚੋਣ ਵਾਅਦਿਆਂ ਤੋਂ ਭੱਜਣ ਦੇ ਮਾਮਲੇ ਉਤੇ ਚੁਫੇਰਿਉਂ ਘਿਰੀ ਹੋਈ ਹੈ। ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹਮੇਸ਼ਾ ਸਰਕਾਰ ਦੀਆਂ ਨਕਾਮੀਆਂ ਉਤੇ ਸਵਾਲ ਚੁੱਕਦੇ ਹਨ। ਹੁਣ ਚੋਣਾਂ ਤੋਂ ਪਹਿਲਾਂ ਸੱਤਾ ਦੇ ਬਚੇ 6-7 ਮਹੀਨਿਆਂ ਵਿਚ ਕਾਂਗਰਸ ਸਰਕਾਰ ਲੋਕਾਂ ਦੇ ਸਾਰੇ ਉਲਾਂਭੇ ਲਾਹੁਣ ਦੀਆਂ ਕੋਸ਼ਿਸ਼ਾਂ ਵਿਚ ਹੈ।

Leave a Reply

Your email address will not be published.