ਨਰਮ ਪਈ ਯੂ.ਪੀ. ਸਰਕਾਰ, ਸਿਆਸੀ ਵਫ਼ਦਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ

Home » Blog » ਨਰਮ ਪਈ ਯੂ.ਪੀ. ਸਰਕਾਰ, ਸਿਆਸੀ ਵਫ਼ਦਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ
ਨਰਮ ਪਈ ਯੂ.ਪੀ. ਸਰਕਾਰ, ਸਿਆਸੀ ਵਫ਼ਦਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ

ਰਾਹੁਲ, ਪਿ੍ਅੰਕਾ ਗਾਂਧੀ ਤੇ ਮੁੱਖ ਮੰਤਰੀ ਚੰਨੀ ਵਲੋਂ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ

ਲਖਨਊ / ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਖੀਮਪੁਰ ਖੀਰੀ ਦੇ ਦੌਰੇ ‘ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ | ਹਾਲਾਂਕਿ ਇਕੋ ਸਮੇਂ ਸਿਰਫ 5 ਲੋਕਾਂ ਨੂੰ ਹੀ ਜਾਣ ਦੀ ਆਗਿਆ ਹੈ | ਇਸੇ ਤਹਿਤ ਪਿ੍ਅੰਕਾ ਗਾਂਧੀ ਹਿਰਾਸਤ ‘ਚੋਂ ਰਿਹਾਅ ਹੋਣ ਉਪਰੰਤ ਆਪਣੇ ਭਰਾ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖੀਮਪੁਰ ਖੀਰੀ ਪੁੱਜੀ ਅਤੇ ਹਿੰਸਾ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਰਣਦੀਪ ਸੂਰਜੇਵਾਲਾ ਤੇ ਦੀਪੇਂਦਰ ਹੁੱਡਾ ਵੀ ਉਨ੍ਹਾਂ ਦੇ ਨਾਲ ਸਨ | ਕਾਂਗਰਸੀ ਆਗੂ ਸਭ ਤੋਂ ਪਹਿਲਾਂ ਪਲੀਆ ਤਹਿਸੀਲ ‘ਚ ਸਥਿਤ ਲਵਪ੍ਰੀਤ ਸਿੰਘ ਦੇ ਘਰ ਗਏ, ਉਸ ਤੋਂ ਬਾਅਦ ਉਹ ਨਿਘਾਸਨ ਤਹਿਸੀਲ ‘ਚ ਸਥਿਤ ਪੱਤਰਕਾਰ ਰਮਨ ਕਸ਼ਅਪ ਅਤੇ ਧੋਰਾਹਾ ਤਹਿਸੀਲ ‘ਚ ਸਥਿਤ ਨਛੱਤਰ ਸਿੰਘ ਦੇ ਘਰ ਗਏ | ਹਿੰਸਾ ‘ਚ ਮਾਰੇ ਗਏ ਦੋ ਕਿਸਾਨ ਤੇ ਇਕ ਪੱਤਰਕਾਰ ਲਖੀਮਪੁਰ ਜ਼ਿਲ੍ਹੇ ਨਾਲ ਅਤੇ ਦੋ ਕਿਸਾਨ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਿਤ ਸਨ |

ਇਸੇ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸਵੈ ਨੋਟਿਸ ਲਿਆ ਹੈ ਅਤੇ ਚੀਫ਼ ਜਸਟਿਸ ਐਨ. ਵੀ. ਰਮਨਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਵਲੋਂ ਵੀਰਵਾਰ ਨੂੰ ਇਸ ਸਬੰਧੀ ਸੁਣਵਾਈ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਸੀਤਾਪੁਰ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਦਰ) ਪਿਆਰੇ ਲਾਲ ਮੌਰਿਆ ਨੇ ਕਿਹਾ ਕਿ ਪਿ੍ਅੰਕਾ ਗਾਂਧੀ ਨੂੰ ਹਿਰਾਸਤ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲਖਨਊ ਹਵਾਈ ਅੱਡੇ ਤੋਂ ਸਿੱਧਾ ਆਪਣੇ ਵਾਹਨ ‘ਚ ਸੀਤਾਪੁਰ ਪਹੁੰਚੇ ਅਤੇ ਉਥੇ ਹਿਰਾਸਤ ‘ਚ ਬੰਦ ਆਪਣੀ ਭੈਣ ਪਿ੍ਅੰਕਾ ਨਾਲ ਗੱਲਬਾਤ ਕੀਤੀ | ਇਸ ਤੋਂ ਪਹਿਲਾਂ ਜਦ ਪ੍ਰਸ਼ਾਸਨ ਵਲੋਂ ਰਾਹੁਲ ਗਾਂਧੀ ਨੂੰ ਲਖਨਊ ਹਵਾਈ ਅੱਡੇ ਤੋਂ ਪੁਲਿਸ ਦੇ ਵਾਹਨ ‘ਚ ਸੀਤਾਪੁਰ ਜਾਣ ਲਈ ਆਖਿਆ ਗਿਆ ਤਾਂ ਉਹ ਹਵਾਈ ਅੱਡੇ ਵਿਖੇ ਹੀ ਕੁਝ ਸਮਾਂ ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਸਮੇਤ ਧਰਨੇ ‘ਤੇ ਬੈਠ ਗਏ | ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਆਪਣੇ ਵਾਹਨ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ |

ਵਿਰੋਧੀ ਧਿਰ ਨੇ ਨਕਾਰਾਤਮਿਕ ਰਵੱਈਆ ਅਪਣਾਇਆ- ਯੂ.ਪੀ. ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਸੰਵੇਦਨਸ਼ੀਲ ਲਖੀਮਪੁਰ ਘਟਨਾ ‘ਚ ਵਿਰੋਧੀ ਧਿਰ ਨੇ ਨਾਕਾਰਾਤਮਿਕ ਰਵੱਈਆ ਅਪਣਾਇਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਸਰਕਾਰੀ ਬੁਲਾਰੇ ਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਇਕ ਫੋਟੋ ਮੌਕਾ ਭਾਲਣ ਲਈ ਲਖੀਮਪੁਰ ਦਾ ਦੌਰਾਨ ਕਰਨਾ ਚਾਹੁੰਦੀ ਹੈ |

ਦੂਸਰੀ ਵਾਰ ਪੋਸਟਮਾਰਟਮ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਕੀਤਾ ਸਸਕਾਰ ਲਖੀਮਪੁਰ ਖੀਰੀ ਹਿੰਸਾ ‘ਚ ਮਾਰੇ ਗਏ ਇਕ ਕਿਸਾਨ 22 ਸਾਲਾ ਗੁਰਵਿੰਦਰ ਸਿੰਘ ਉਰਫ ਗਿਆਨੀ ਜੀ ਦਾ ਦੂਸਰੀ ਵਾਰ ਪੋਸਟਮਾਰਟਮ ਕਰਨ ਤੋਂ ਬਾਅਦ ਬੁੱਧਵਾਰ ਸਵੇਰੇ ਸਸਕਾਰ ਕਰ ਦਿੱਤਾ ਗਿਆ | ਪੁਲਿਸ ਅਧਿਕਾਰੀ ਸੁਜਾਤਾ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਦੂਸਰੀ ਵਾਰ ਪੋਸਟਮਾਰਟਮ ਦੀ ਮੰਗ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਰਾਤ ਲਖਨਊ ਤੋਂ ਆਈ ਮਾਹਰਾਂ ਦੀ ਇਕ ਟੀਮ ਨੇ ਗੁਰਵਿੰਦਰ ਸਿੰਘ ਦਾ ਮੁੜ ਪੋਸਟਮਾਰਟਮ ਕੀਤਾ | ਵਧੀਕ ਐਸ.ਐਸ.ਪੀ. (ਦਿਹਾਤੀ) ਅਸ਼ੋਕ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਏ.ਡੀ.ਜੀ. (ਗੋਰਖਪੁਰ) ਅਖਿਲ ਕੁਮਾਰ ਅਤੇ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ‘ਚ ਗੁਰਵਿੰਦਰ ਸਿੰਘ ਦਾ ਉਸ ਦੇ ਜੱਦੀ ਪਿੰਡ ਮੋਹਰੀਆ ‘ਚ ਸਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਨ ਵਾਲੇ ਮਾਹਰਾਂ ਦੀ ਨਿਗਰਾਨੀ ‘ਚ ਰਿਪੋਰਟ ਤਿਆਰ ਕੀਤੀ ਜਾਵੇਗੀ | ਭਾਜਪਾ ਨੇ ਰਾਹੁਲ ਗਾਂਧੀ ‘ਤੇ ਲਖੀਮਪੁਰ ਖੀਰੀ ਘਟਨਾ ‘ਤੇ ਅਸ਼ਾਂਤੀ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਇਸ ਦੁਖਾਂਤ ਨੂੰ ਸਿਆਸੀ ਲਾਭ ਲੈਣ ਦੇ ਮੌਕੇ ਵਜੋਂ ਵਰਤ ਰਿਹਾ ਹੈ | ਕਾਂਗਰਸੀ ਆਗੂ ਵਲੋਂ ਸਰਕਾਰ ‘ਤੇ ਤਿੱਖਾ ਹਮਲਾ ਕਰਨ ਤੋਂ ਬਾਅਦ ਰਾਹੁਲ ‘ਤੇ ਨਿਸ਼ਾਨਾ ਸਾਧਦਿਆਂ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ‘ਗੈਰਜ਼ਿੰਮੇਵਾਰੀ’ ਉਸ ਦਾ ਦੂਸਰਾ ਨਾਂਅ ਬਣ ਗਈ ਹੈ |

ਕਪਿਲ ਸਿੱਬਲ ਤੇ ਤਾਂਖਾ ਨੇ ਯੋਗੀ ਨੂੰ ਲਿਖਿਆ ਪੱਤਰ ਨਵੀਂ ਦਿੱਲੀ / ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰਾਂ ਕਪਿਲ ਸਿੱਬਲ ਤੇ ਵਿਵੇਕ ਤਾਂਖਾ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਪੱਤਰ ਲਿਖ ਕੇ ਸੀਤਾਪੁਰ ‘ਚ ਪਾਰਟੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਤੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੀ ‘ਨਾਜਾਇਜ਼ ਹਿਰਾਸਤ’ ‘ਤੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਵਿਰੁੱਧ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਭੇਜਿਆ ਤੇ ਪੁੱਛਿਆ ਕਿ ਉਨ੍ਹਾਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਦੇ ਬੇਟੇ ਨੂੰ ਗਿ੍ਫ਼ਤਾਰ ਕੀਤਾ, ਜੋ ਲਖੀਮਪੁਰ ਹਿੰਸਾ ‘ਚ ਦੋਸ਼ੀ ਹੈ |

Leave a Reply

Your email address will not be published.