ਧਰਮਸ਼ਾਲਾ ‘ਚ ਬੱਦਲ ਫਟਿਆ ਕਈ ਕਾਰਾਂ ਤੇ ਮਕਾਨ ਰੁੜ੍ਹੇ

Home » Blog » ਧਰਮਸ਼ਾਲਾ ‘ਚ ਬੱਦਲ ਫਟਿਆ ਕਈ ਕਾਰਾਂ ਤੇ ਮਕਾਨ ਰੁੜ੍ਹੇ
ਧਰਮਸ਼ਾਲਾ ‘ਚ ਬੱਦਲ ਫਟਿਆ ਕਈ ਕਾਰਾਂ ਤੇ ਮਕਾਨ ਰੁੜ੍ਹੇ

ਧਰਮਸ਼ਾਲਾ / ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਬੱਦਲ ਫਟਣ ਕਾਰਨ ਪਏ ਭਾਰੀ ਮੀਂਹ ਨਾਲ ਆਏ ਹੜ੍ਹਾਂ ਨਾਲ ਕਈ ਇਮਾਰਤਾਂ ਅਤੇ ਕਾਰਾਂ ਰੁੜ੍ਹ ਗਈਆਂ।

ਖ਼ਰਾਬ ਮੌਸਮ ਕਾਰਨ ਹਵਾਈ ਅੱਡਾ ਬੰਦ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਹਦਾਇਤ ਕੀਤੀ ਕਿ ਉਹ ਭਾਰੀ ਮੀਂਹ ਦੇ ਚੱਲਦੇ ਧਰਮਸ਼ਾਲਾ ਆਉਣ ਦਾ ਪ੍ਰੋਗਰਾਮ ਟਾਲ ਦੇਣ। ਧਰਮਸ਼ਾਲਾ ਤੋਂ ਕਰੀਬ 30 ਕਿਲੋਮੀਟਰ ਦੂਰ ਬੋਹ ਵੈਲੀ ‘ਚ ਢਿੱਗਾਂ ਡਿੱਗਣ ਕਾਰਨ ਪੰਜ ਮਕਾਨ ਮਲਬੇ ਹੇਠ ਦੱਬੇ ਗਏ। ਮੁੱਢਲੀਆਂ ਰਿਪੋਰਟਾਂ ਅਨੁਸਾਰ ਕਰੀਬ 12 ਵਿਅਕਤੀਆਂ ਦੇ ਮਲਬੇ ਹੇਠ ਦੱਬੇ ਜਾਣ ਦਾ ਖਦਸ਼ਾ ਹੈ। ਮੌਕੇ ‘ਤੇ ਪੁੱਜੇ ਕਾਂਗੜਾ ਦੇ ਐਸ. ਪੀ. ਵਿਮੁਕਤ ਰੰਜਨ ਨੇ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, 10 ਤੋਂ ਵੱਧ ਲੋਕ ਲਾਪਤਾ ਹਨ ਅਤੇ ਬਚਾਅ ਕਾਰਜ ਖ਼ਤਮ ਹੋਣ ਦੇ ਬਾਅਦ ਹੀ ਮਲਬੇ ਹੇਠ ਦੱਬੇ ਗਏ ਲੋਕਾਂ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ। ਧਰਮਸ਼ਾਲਾ ਤੇ ਬੋਹ ਵੈਲੀ ਵਿਚ ਕੌਮੀ ਆਫਤ ਪ੍ਰਬੰਧਨ (ਐਨ. ਡੀ.ਆਰ.ਐਫ.) ਟੀਮਾਂ ਬਚਾਅ ਕਾਰਜਾਂ ਵਿਚ ਜੁਟ ਗਈਆਂ ਹਨ। ਵੀਡੀਉ ਕਲਿੱਪਾਂ ‘ਚ ਦਿਖਾਇਆ ਗਿਆ ਹੈ ਕਿ ਮੈਕਲੋਡਗੰਜ ਨਾਲ ਲਗਦੇ ਧਰਮਸ਼ਾਲਾ ਦੇ ਉਪਰਲੇ ਖੇਤਰ ‘ਚ ਭਾਗਸੂਨਾਗ ਨੇੜੇ ਇਕ ਨਾਲੇ ਨੇ ਭਾਰੀ ਮੀਂਹ ਕਾਰਨ ਆਪਣੇ ਵਹਾਅ ਦਾ ਰਸਤਾ ਬਦਲ ਲਿਆ ਜਿਸ ਕਾਰਨ ਚਾਰ ਕਾਰਾਂ, ਕਈ ਮੋਟਰਸਾਈਕਲ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ।

ਹਵਾਈ ਅੱਡੇ ਦੇ ਟਰੈਫ਼ਿਕ ਇੰਚਾਰਜ ਗੌਰਵ ਕੁਮਾਰ ਨੇ ਕਿਹਾ ਕਿ ਖ਼ਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਗੱਗਲ ਵਿਖੇ ਧਰਮਸ਼ਾਲਾ ਹਵਾਈ ਅੱਡੇ ‘ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਧਰਮਸ਼ਾਲਾ ਨਾਲ ਲਗਦੇ ਮਾਂਝੀ ਖੱਡ ਖੇਤਰ ਵਿਖੇ ਤੇਜ਼ ਹੜ੍ਹਾਂ ਕਾਰਨ ਦੋ ਇਮਾਰਤਾਂ ਰੁੜ੍ਹ ਗਈਆਂ ਜਦਕਿ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਹੜ੍ਹ ਕਾਰਨ ਮੰਡੀ-ਪਠਾਨਕੋਟ ਹਾਈਵੇਅ ‘ਤੇ ਬਣਿਆ ਇਕ ਪੁਲ ਨੁਕਸਾਨਿਆ ਗਿਆ ਜਿਸ ਕਾਰਨ ਦੋਵੇਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ ਗਈ, ਜਿਸ ਦੇ ਬਾਅਦ ਟਰੈਫ਼ਿਕ ਜਾਮ ਲੱਗ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਦੇ ਕਈ ਸੂਬਿਆਂ ‘ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਨੇ ਭਾਰੀ ਮੀਂਹ ਕਾਰਨ ਹੋਏ ਨੁਕਸਾਨ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਅਤੇ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਥਾਨਿਕ ਲੋਕਾਂ ਤੇ ਸੈਲਾਨੀਆਂ ਨੂੰ ਵੀ ਕਿਹਾ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਨਦੀ ਦੇ ਕਿਨਾਰਿਆਂ ਨੇੜੇ ਨਾ ਜਾਣ। ਕਾਂਗੜਾ ਦੇ ਡਿਪਟੀ ਕਮਿਸ਼ਨਰ ਡਾ. ਨਿਪੁਨ ਜਿੰਦਲ ਨੇ ਕਿਹਾ ਕਿ ਧਰਮਸ਼ਾਲਾ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਆਪਣਾ ਦੌਰਾ ਰੱਦ ਕਰਨ ਦੀ ਹਦਾਇਤ ਕੀਤੀ ਗਈ ਹੈ ਤੇ ਜੋ ਸੈਲਾਨੀ ਪਹਿਲਾਂ ਹੀ ਧਰਮਸ਼ਾਲਾ ਪੁੱਜ ਚੁੱਕੇ ਹਨ, ਉਨ੍ਹਾਂ ਨੂੰ ਜਿਥੇ ਉਹ ਹਨ ਉਥੇ ਹੀ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਸੜਕਾਂ ਆਦਿ ਦੇ ਨੁਕਸਾਨੇ ਜਾਣ ਕਾਰਨ ਉਨ੍ਹਾਂ ਨੂੰ ਆਵਾਜਾਈ ਸਮੇਂ ਸਮੱਸਿਆ ਪੇਸ਼ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਰੁਕੇ ਹੋਏ ਸੈਲਾਨੀਆਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਉਹ ਟੋਲ ਫ਼੍ਰੀ ਨੰਬਰ 1077 ‘ਤੇ ਸੰਪਰਕ ਕਰ ਸਕਦੇ ਹਨ। ਜਿੰਦਲ ਨੇ ਅੱਗੇ ਕਿਹਾ ਕਿ ਮੌਸਮ ਵਿਭਾਗ ਨੇ 13 ਜੁਲਾਈ ਤੇ 14 ਤੋਂ 16 ਜੁਲਾਈ ਨੂੰ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਹਿਮਾਚਲ ਦੀ ਸਥਿਤੀ ‘ਤੇ ਨਜ਼ਰ-ਪ੍ਰਧਾਨ ਮੰਤਰੀ ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਦੇ ਕਾਰਨ ਪੈਦਾ ਹੋਈ ਸਥਿਤੀ ‘ਤੇ ਨੇੜਿਉ ਨਜ਼ਰ ਰੱਖੀ ਜਾ ਰਹੀ ਹੈ। ਕੇਂਦਰੀ ਅਧਿਕਾਰੀ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮੋਦੀ ਨੇ ਟਵੀਟ ਕੀਤਾ ਕਿ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ‘ਚ ਪੈਦਾ ਹੋਈ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ। ਹਰ ਸੰਭਵ ਸਹਾਇਤਾ ਵੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਨ। ਜੰਮੂ-ਕਸ਼ਮੀਰ ‘ਚ ਵੀ ਭਾਰੀ ਮੀਂਹ ਨੇ ਮਚਾਈ ਤਬਾਹੀ ਸ੍ਰੀਨਗਰ / ƒਜੰਮੂ-ਕਸ਼ਮੀਰ ‘ਚ ਵਿਸ਼ੇਸ਼ ਕਰ ਜੰਮੂ ਖੇਤਰ ‘ਚ ਪਿਛਲੇ 32 ਸਾਲ ਦਾ ਰਿਕਾਰਡ ਤੋੜਦੇ ਪਏ ਭਾਰੀ ਮੀਂਹ ਨਾਲ ਜਿਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉਥੇ ਪਹਾੜੀ ਇਲਾਕਿਆਂ ‘ਚ ਢਿਗਾਂ ਡਿਗਣ ਅਤੇ ਮੈਦਾਨੀ ਇਲਾਕਿਆਂ ‘ਚ ਨਦੀ ਨਾਲਿਆਂ ਦਾ ਪਾਣੀ ਘਰਾਂ, ਬਸਤੀਆਂ ਤੇ ਖੇਤਾਂ ‘ਚ ਦਾਖ਼ਲ ਹੋ ਗਿਆ।

ਜ਼ਿਲ੍ਹਾ ਡੋਡਾ ਤੇ ਕਿਸ਼ਤਵਾੜ ‘ਚ ਚਨਾਬ ਨਦੀ ‘ਚ ਪਾਣੀ ਦਾ ਪੱਧਰ ਵਧਣ ਨਾਲ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਚਨਾਬ ਨਦੀ ‘ਤੇ ਬਣੇ ਪਣ ਬਿਜਲੀ ਪ੍ਰਾਜੈਕਟਾਂ ਦੇ ਬੰਨ੍ਹਾਂ ਦੇ ਗੇਟ ਸਿਲਟ ਇਕੱਠਾ ਹੋਣ ਦੇ ਮੱਦੇਨਜ਼ਰ ਖੋਲ੍ਹ ਦਿੱਤੇ ਜਾਂਦੇ ਹਨ, ਜਿਸ ਨਾਲ ਚਨਾਬ ਦੇ ਪਾਣੀ ਦਾ ਪੱਧਰ ਇਕ ਦਮ ਵਧ ਜਾਂਦਾ ਹੈ। ਸਾਂਬਾ ਜ਼ਿਲ੍ਹੇ ‘ਚ ਹੋਈ ਭਾਰੀ ਬਾਰਿਸ਼ ਕਾਰਨ ਬੈਸੰਤਰ ਨਾਲੇ ‘ਚ ਹੜ੍ਹ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ। ਗਾਂਦਰਬਲ (ਵਤਨਾਰ) ਤੇ ਜ਼ਿਲ੍ਹੇ ‘ਚ ਬੱਦਲ ਫਟਣ ਨਾਲ ਕਈ ਰਿਹਾਇਸ਼ੀ ਮਕਾਨਾਂ ਨੂੰ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਅਨੁਸਾਰ ਜੰਮੂ ਖੇਤਰ ‘ਚ ਪਿਛਲੇ 24 ਘੰਟੇ ਦੌਰਾਨ ਰਿਕਾਰਡ 150 ਐਮ.ਐਮ., ਜਦਕਿ ਕਟੜਾ ‘ਚ 76 ਐਮ.ਐਮ. ਅਤੇ ਕਸ਼ਮੀਰ ਖੇਤਰ ਦੇ ਅਨੰਤਨਾਗ ‘ਚ 28 ਐਮ.ਐਮ. ਮੀਂਹ ਦਰਜ ਕੀਤਾ ਗਿਆ। ਵਿਭਾਗ ਨੇ ਅਗਲੇ 24 ਘੰਟੇ ਦੌਰਾਨ ਭਾਰੀ ਮੀਂਹ ਪੈਣ ਦੇ ਨਾਲ ਹੜ੍ਹ ਦੇ ਖ਼ਤਰੇ ਦੀ ਸੰਭਾਵਨਾ ਜਤਾਈ ਹੈ।

Leave a Reply

Your email address will not be published.