ਦਫ਼ਤਰ ‘ਤੇ ਕਬਜ਼ੇ ਲਈ ਕਰਵਾਏ ਜਾ ਰਹੇ ਅਖੰਡ ਪਾਠ ਬੇਅਦਬੀ-ਕਾਲਕਾ

ਅੰਮਿ੍ਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਵਿਚ ਨਵੀਆਂ ਸਾਜ਼ਿਸ਼ਾਂ ਘੜ ਕੇ ਲੜਾਈਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਸ਼ੋ੍ਮਣੀ ਅਕਾਲੀ ਦਲ ਵੱਲੋਂ ਦਫਤਰ ਦੇ ਵਿਵਾਦ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਹਨ, ਉਨ੍ਹਾਂ ਤੋਂ ਵੀ ਇਹ ਵੱਡੀ ਨਿਰਾਦਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਦਫ਼ਤਰ ‘ਤੇ ਕਬਜ਼ਾ ਕਰਨ ਵਾਸਤੇ ਲਗਾਤਾਰ 18 ਅਪ੍ਰਰੈਲ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ ਅਤੇ ਇਹ ਕਹਿ ਕੇ ਕਰਵਾਏ ਜਾ ਰਹੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਖੰਡ ਪਾਠ ਸਾਹਿਬ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ‘ਚ ਨਾ ਕਰਵਾ ਕੇ ਇਕ ਦਫ਼ਤਰ ਵਿਚ ਕਰਵਾਉਣ ਦਾ ਮਕਸਦ ਸਿਰਫ਼ ਤੇ ਸਿਰਫ਼ ਦਫ਼ਤਰ ‘ਤੇ ਕਬਜ਼ਾ ਰੱਖਣਾ ਹੈ। ਸ੍ਰੀ ਅਖੰਡ ਪਾਠ ਮੌਕੇ ਅਕਾਲੀ ਦਲ ਦੇ ਲੀਡਰ ਅਤੇ ਕੁਝ ਨਿਹੰਗ ਸਿੰਘ ਉੱਥੇ ਬੈਠੇ ਹੋਏ ਹਨ।

 ਕਾਲਕਾ ਨੇ ਕਿਹਾ ਕਿ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜ ਕਰੋੜ ਰੁਪਏ ਦਿੱਲੀ ‘ਚ ਪ੍ਰਚਾਰ ਲਈ ਐਲਾਨ ਕਰਨਾ ਵੀ ਕਿਸੇ ਸਿਆਸਤ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਪੰਜ ਕਰੋੜ ਰੁਪਏ ਦਾ ਐਲਾਨ ਕਰਨ ਤੋਂ ਪਹਿਲਾਂ ਕਿਸੇ ਵੀ ਐਗਜ਼ੈਕਟਿਵ ਪਾਸੋਂ ਇਸ ਦੀ ਪ੍ਰਵਾਨਗੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜਿਹੜੇ ਇਲਾਜ ਦੀਆਂ ਗੱਲਾਂ ਐਡਵੋਕੇਟ ਧਾਮੀ ਕਰਦੇ ਹਨ, ਇਸ ਤਰ੍ਹਾਂ ਦਾ ਇਲਾਜ ਪਹਿਲਾਂ ਹੀ ਦਿੱਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਪੰਜਾਹ ਰੁਪਏ ਵਿਚ ਮੁਹੱਈਆ ਕਰਵਾ ਰਹੀ ਹੈ। ਕਾਲਕਾ ਨੇ ਸ਼ੋ੍ਮਣੀ ਕਮੇਟੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਦਿੱਲੀ ਦੀਆਂ ਸੰਗਤਾਂ ਨੂੰ ਸਰਾਵਾਂ ਵਿਚ ਕਮਰੇ ਨਹੀਂ ਦਿੱਤੇ ਜਾਂਦੇ ਅਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਰਾਵਾਂ ਫੁੱਲ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਦੇ ਨਾਲ ਸ਼ੋ੍ਮਣੀ ਕਮੇਟੀ ਵਿਤਕਰਾ ਕਰ ਰਹੀ ਹੈ। ਉਧਰ ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫ੍ਰੀ ਦਰਸ਼ਨ ਕਰਵਾਉਣ ਲਈ ਬੱਸਾਂ ਦੀ ਸਹੂਲਤ ਸ਼ੁਰੂ ਕੀਤੀ ਹੈ ਜਦਕਿ ਸ਼ੋ੍ਮਣੀ ਕਮੇਟੀ ਨੇ ਕਦੀ ਵੀ ਪੰਜਾਬ ਤੋਂ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਸਹੂਲਤ ਨਹੀਂ ਦਿੱਤੀ। ਇਸ ਮੌਕੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ, ਵਿਕਰਮ ਸਿੰਘ, ਜਸਬੀਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *