ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਓਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Home » Blog » ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਓਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਓਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਵਲੋਂ ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ ਦੇ ਸਹਿਯੋਗ ਨਾਲ, ਕਿਸਾਨ ਸੰਘਰਸ ਦੌਰਾਨ ਸ਼ਹੀਦ ਹੋਏ ਕਿਸਾਨਾ ਅਤੇ ਪਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਬੀਤੇ ਐਤਵਾਰ ਬਰੈਂਪਟਨ ਦੇ ਸਿਟੀ ਹਾਲ ਵਿਖੇ ਪ੍ਰੋਗਰਾਮ ਕੀਤਾ ਗਿਆ।

ਇਹ ਪ੍ਰੋਗਰਾਮ ਭਾਰਤ ਵਿਚ ਬੀ ਜੇ ਪੀ ਲੀਡਰ ਵਲੋਂ ਲਖੀਮਪੁਰ ਖੇੜੀ ਵਿਚ ਸ਼ਾਂਤਮਈ ਅੰਦੋਲਨ ਕਰਕੇ ਵਾਪਿਸ ਆ ਰਹੇ ਕਿਸਾਨਾ ਨੂੰ ਅੱਤ ਦਰਿੰਦਗੀ ਨਾਲ ਅਪਣੀਆਂ ਜੀਪਾਂ ਥੱਲੇ ਦਰੜਣ ਅਤੇ ਹਰਿਆਣੇ ਵਿਚ ਕਿਸਾਨਾ ਤੇ ਕੀਤੇ ਗਏ ਲਾਠੀਚਾਰਜ ਅਤੇ ਤਸ਼ੱਦਦ ਖਿਲਾਫ਼ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਨੂੰ ਕਬੂਲਦਿਆਂ, ਇਨ੍ਹਾਂ ਘਿਰਣਤ ਕਾਰਵਾਈਆਂ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਲਈ ਸੀ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਅਪਣੇ ਵਿਚਾਰ ਰੱਖਣ ਤੋਂ ਇਲਾਵਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਵੀ ਵਿਸ਼ੇਸ਼ ਤੌਰ ਤੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਕੈਂਡਲ ਮਾਰਚ ਕੀਤਾ ਗਿਆ। ਰੈਲੀ ਨੂੰ ਸ਼ੁਰੂ ਕਰਦਿਆਂ EਂਟਾਰੀE ਸਿਖ ਐਂਡ ਗੁਰਦਵਾਰਾ ਕੌਂਸਲ ਦੇ ਸਕੱਤਰ ਮਨਜੀਤ ਸਿੰਘ ਪ੍ਰਮਾਰ ਨੇ ਰੈਲੀ ਦੇ ਮਕਸਦ ਬਾਰੇ ਦੱਸਿਆ ਅਤੇ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕਰਵਾਇਆ।

ਕਲਮਾਂ ਦੇ ਕਾਫਲੇ ਦੇ ਸੰਚਾਲਕ ਕੁਲਵਿੰਦਰ ਖਹਿਰਾ ਨੇ ਬੜੇ ਪ੍ਰਭਾਵਸ਼ਾਲੀ ਬੋਲਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਵਿਚ ਯਕੀਨ ਪ੍ਰਗਟਾਇਆ। ਤਰਕਸ਼ੀਲ ਸੋਸਾਇਟੀ ਦੇ ਕੋਆਰਡੀਨੇਟਰ ਬਲਦੇਵ ਰਹਿਪਾ ਨੇ ਕਿਸਾਨੀ ਸੰਘਰਸ਼ ਨੂੰ ਜਿਤਣ ਵਿਚ ਮਦਦ ਦੇਣ ਲਈ, ਕਨੇਡਾ ਵਿਚਲੀਆਂ ਲਈ ਵੱਖ ਵੱਖ ਵਿਚਾਰਾਂ ਵਾਲੀਆਂ ਜਥੇਬੰਦੀਆਂ ਨੂੰ ਇਸ ਦੇ ਸਮਰਥਨ ਵਿਚ ਇੱਕ ਜੱਟ ਹੋਣ ਲਈ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਮੰਚ ਤੇ ਇਕੱਠੀਆਂ ਹੋ ਸਕਦੀਆਂ ਹਨ, ਤਾਂ ਉਨ੍ਹਾਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ ਹੈ। ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਦੇ ਦਰਸ਼ਨ ਗਿੱਲ ਨੇ ਵਿਸਥਾਰ ਵਿਚ ਸੰਘਰਸ਼ ਬਾਰੇ ਅਪਣੇ ਵਿਚਾਰ ਰੱਖਦਿਆਂ, ਇਸ ਨੂੰ ਬੀ ਜੇ ਪੀ ਸਰਕਾਰ ਦੀਆਂ ਲੋਕ ਵਿਚੋਧੀ ਨੀਤੀਆਂ ਦਾ ਸਿੱਟਾ ਦੱਸਿਆ ਅਤੇ ਸੁਸਾਇਟੀ ਵਲੋਂ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ।

ਓਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਦੇ ਗੋਬਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇਹ ਅੱਤ ਮਹੱਤਵ ਪੂਰਨ ਸੰਘਰਸ਼ ਹੈ ਜੋ ਛੋਟੇ ਅਤੇ ਮੱਧ ਦਰਜੇ ਦੇ ਕਿਸਾਨਾ ਦੀ ਹੋਂਦ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ, ਜੇਕਰ ਇਹ ਕਾਮਯਾਬ ਨਹੀਂ ਹੁੰਦਾ ਤਾਂ ਲੋਕਾਂ ਦਾ ਸੰਘਰਸ਼ ਵਿਚੋਂ ਵਿਸ਼ਵਾਸ਼ ਉੱਠ ਜਾਵੇਗਾ ਅਤੇ ਲੰਬੇ ਸਮੇ ਤੱਕ ਕੋਈ ਲੋਕ ਪੱਖੀ ਲਹਿਰ ਨਹੀਂ ਚੱਲ ਸਕੇਗੀ। ਡਾ ਬਲਜਿੰਦਰ ਸੇਖੋਂ ਨੇ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਅੰਤਰਾਸ਼ਟਰੀ ਮੁਦਰਾ ਫੰਡ, ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾਂ ਜਿਹੀਆਂ ਸੰਸਥਾਵਾਂ ਦੇ ਦਬਾਅ ਥੱਲੇ ਬਣਾਏ ਗਏ ਹਨ, ਜੋ ਕਿਸਾਨਾ ਅਤੇ ਆਮ ਲੋਕਾਂ ਦੀ ਜਿੰਦਗੀ ਨਰਕ ਬਣਾ ਦੇਣਗੇ। ਇਨ੍ਹਾਂ ਦਾ ਮੁੱਖ ਮਕਸਦ, ਛੋਟੇ ਅਤੇ ਮੱਧ ਵਰਗ ਦੇ ਕਿਸਾਨਾ ਨੂੰ ਉਨ੍ਹਾਂ ਦੀਆਂ ਜ਼ਮੀਨਾ ਤੋਂ ਪੁੱਟ ਕੇ, ਕਾਰਪੋਰੇਟਾਂ ਲਈ ਸਸਤੇ ਮਜ਼ਦੂਰ ਮਹੱਈਆ ਕਰਵਾਉਣਾ ਹੈ।

ਕੁਲਤਾਰ ਸਿੰਘ ਗਿੱਲ ਨੇ ਕਿਸਾਨੀ ਸੰਘਰਸ਼ ਲਈ ਆਉਦੇ ਦਿਨ੍ਹਾਂ ਵਿਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਆਖਿਰ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਅਪਣੇ ਵਿਚਾਰ ਰੱਖੇ, ਜਿਸ ਵਿਚ ਉਨ੍ਹਾਂ ਕਿਹਾ ਕਿ ਬਰੈਂਪਟਨ ਸਿਟੀ ਕੌਂਸਲ, ਨੇ ਇਸ ਸੰਘਰਸ਼ ਨੂੰ ਸਹੀ ਮੰਨਦੇ ਹੋਏ ਬੜੇ ਪਹਿਲਾਂ ਹੀ ਇਸ ਦੇ ਹੱਕ ਵਿਚ ਮਤਾ ਪਾਸ ਕਰਕੇ ਭਾਰਤ ਦੀ ਸਰਕਾਰ ਨੂੰ ਭੇਜ ਦਿੱਤਾ ਸੀ। ਉਨ੍ਹਾਂ ਦੇ ਵਿਚਾਰ ਵਿਚ ਦੁਨੀਆਂ ਭਰ ਦੇ ਸ਼ਹਿਰਾਂ ਦੀਆਂ ਕੌਂਸਲਾਂ ਨੂੰ ਇਸ ਤਰ੍ਹਾਂ ਦੇ ਮਤੇ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜਣੇ ਚਾਹੀਦੇ ਹਨ, ਤਾਂ ਜੋ ਉਹ ਵੱਖ ਵੱਖ ਸ਼ਹਿਰਾਂ ਦੀ ਆਵਾਜ਼ ਸੁਣ ਕੇ ਇਹ ਕਾਨੂੰਨ ਰੱਦ ਕਰ ਦੇਣ। ਸਟੇਜ ਦੀ ਜੁਮੇਵਾਰੀ ਇੰਦਰਦੀਪ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਆਖੀਰ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ।

Leave a Reply

Your email address will not be published.