ਦੇਸ਼ ‘ਚ ਸਿੱਖਾਂ ਵਿਰੁੱਧ ਨਫ਼ਰਤੀ ਪ੍ਰਚਾਰ ਜਲਦ ਬੰਦ ਕੀਤਾ ਜਾਵੇ : ਬੀਬੀ ਜਗੀਰ ਕੌਰ

ਬੇਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਪੱਤਰ ਰਾਹੀਂ ਜਾਗਰੂਕ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਿੱਖ ਵਿਰੁੱਧ ਨਫਰਤੀ ਪ੍ਰਚਾਰ ਦਾ ਟਾਕਰੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੜੇ ਯੋਜਨਾਬੱਧ ਢੰਗ ਨਾਲ ਸਿੱਖਾਂ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ।ਸ਼ੋਸ਼ਲ ਮੀਡੀਆ ‘ਤੇ ਇੱਕ ਮਿੱਥੀ ਚਾਲ ਨਾਲ ਸਿੱਖਾਂ ਵਿਰੁੱਧ ਨਫ਼ਰਤੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਜਿਹੜਾ ਸਿੱਖ ਕੌਮ ਬਾਰੇ ਨਫ਼ਰਤੀ ਭਾਸ਼ਣ ਦਿੰਦਾ ਹੈ ਜਾਂ ਊਲ-ਜਲੂਲ ਬੋਲਦਾ ਉਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਹਾਲ ਵਿੱਚ ਮਾਰੇ ਸ਼ਿਵ ਸੈਨਾ ਦੇ ਕਥਿਤ ਆਗੂ ਸੂਰੀ ਦੇ ਸ਼ੋਸ਼ਲ ਮੀਡੀਆ ‘ਤੇ ਕੀਤਾ ਜਾਣ ਵਾਲਾ ਕੂੜ ਪ੍ਰਚਾਰ ਸੁਣਿਆ ਨਹੀਂ ਸੀ ਜਾ ਸਕਦਾ ਪਰ ਉਸ ਨੂੰ ਵੱਡੇ ਪੱਧਰ ‘ਤੇ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਇਸ ਨਫ਼ਰਤੀ ਪ੍ਰਚਾਰ ਦਾ ਟਾਕਰਾ ਕੀਤਾ ਜਾ ਸਕੇ ਤੇ ਨਫ਼ਰਤੀ ਪ੍ਰਚਾਰ ਦਾ ਟਾਕਰਾ ਕਰਨ ਲਈ ਮੁਕਾਬਲੇ ਦਾ ਸਿੱਖ ਕੌਮ ਦਾ ਆਪਣਾ ਪਲੇਟਫਾਰਮ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਿੱਖ ਕੌਮ ਬਾਰੇ ਦੇਸ਼ ‘ਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।

ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਕੇ ਦੂਜੇ ਧਰਮਾਂ ਦੀ ਰੱਖਿਆ ਕਰਨ ਵਾਲੀ ਸਿੱਖ ਕੌਮ ਨੂੰ ਨਫਰਤੀ ਪ੍ਰਚਾਰ ਨੇ ਅੱਤਵਾਦੀਆਂ ਦੇ ਤੌਰ ‘ਤੇ ਪਛਾਣ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਸੇ ਨਫ਼ਰਤੀ ਪ੍ਰਚਾਰ ਦਾ ਹੀ ਸਿੱਟਾ ਸਿੱਖ ਕੌਮ ਨੂੰ ਬਹੁਤ ਮਹਿੰਗਾ ਪਿਆ ਸੀ ਤੇ 1984 ਵਰਗੇ ਅਕਿਹ ਦੁਖਾਂਤ ਵਿੱਚੋਂ ਕੌਮ ਨੂੰ ਲੰਘਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਇਸ ਨਫ਼ਰਤੀ ਪ੍ਰਚਾਰ ਦੀ ਧਾਰ ਨੂੰ ਖੁੰਡਾ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਪਣਾ ਪਲੇਟਫਾਰਮ ਖੜਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

Leave a Reply

Your email address will not be published. Required fields are marked *