ਦੇਸ਼ ਵਿਚ ਕੋਰੋਨਾ ਦੇ 3,79,257 ਨਵੇਂ ਮਾਮਲੇ ਆਏ, 3645 ਮੌਤਾਂ

ਨਵੀਂ ਦਿੱਲੀ: ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,79,257 ਨਵੇਂ ਮਾਮਲੇ ਦਰਜ ਕੀਤੇ ਗਏ।

ਇਸ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,83,76,524 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 3645 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਤੋਂ ਬਾਅਦ ਕੁਲ ਮੌਤਾਂ ਦੀ ਗਿਣਤੀ 2,04,832 ਤਕ ਪਹੁੰਚ ਗਈ ਹੈ। ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 30,84,814 ਹੈ। ਇਸ ਨਾਲ ਹੀ ਦੇਸ਼ ਵਿਚ 15,00,20,648 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਪੀ. ਐਮ. ਕੇਅਰਸ ਫ਼ੰਡ ਨਾਲ 1 ਲੱਖ ਪੋਰਟੇਬਲ ਆਕਸੀਜਨ ਸਿਲੰਡਰ ਖ਼ਰੀਦੇਗੀ। ਇਸ ਦੇ ਨਾਲ ਹੀ ਪੀ. ਐਮ. ਕੇਅਰਸ ਫ਼ੰਡ ਤਹਿਤ 500 ਨਵੇਂ ਪੀ. ਐਸ. ਏ. ਆਕਸੀਜਨ ਪਲਾਂਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਮੁੱਖ ਦਫ਼ਤਰਾਂ ਅਤੇ ਟੀਅਰ 2 ਸ਼ਹਿਰਾਂ ‘ਚ ਆਕਸੀਜਨ ਦੀ ਪਹੁੰਚ ਵਿਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਪੋਰਟੇਬਲ ਆਕਸੀਜਨ ਸਿਲੰਡਰ ਅਤੇ ਨਵੇਂ ਪੀ. ਐਸ. ਏ. ਮੰਗ ਵਾਲੇ ਖੇਤਰਾਂ ਨੇੜੇ ਆਕਸੀਜਨ ਦੀ ਸਪਲਾਈ ‘ਚ ਕਾਫ਼ੀ ਵਾਧਾ ਕਰਨਗੇ। ਇਹ ਫ਼ੈਸਲਾ ਮੋਦੀ ਦੀ ਅਗਵਾਈ ‘ਚ ਮੈਡੀਕਲ ਆਕਸੀਜਨ ਦੀ ਸਪਲਾਈ ‘ਚ ਸੁਧਾਰ ਲਈ ਜ਼ਰੂਰੀ ਉਪਾਵਾਂ ‘ਤੇ ਚਰਚਾ ਕਰਨ ਲਈ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਮੋਦੀ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਪੋਰਟੇਬਲ ਆਕਸੀਜਨ ਸਿਲੰਡਰ ਜਲਦੀ ਤੋਂ ਜਲਦੀ ਖ਼ਰੀਦ ਕੇ ਜ਼ਿਆਦਾ ਕੇਸਾਂ ਵਾਲੇ ਰਾਜਾਂ ਨੂੰ ਸੌਂਪੇ ਜਾਣੇ ਚਾਹੀਦੇ ਹਨ। ਬਿਆਨ ‘ਚ ਅੱਗੇ ਕਿਹਾ ਗਿਆ ਕਿ ਪੀ. ਐਮ. ਕੇਅਰਸ ਫ਼ੰਡ ਤਹਿਤ 500 ਨਵੇਂ ਆਕਸੀਜਨ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਹ ਪਹਿਲਾਂ ਮਨਜ਼ੂਰ ਕੀਤੇ 713 ਪਲਾਂਟਾਂ ਤੋਂ ਵੱਖਰੇ ਹਨ। ਕੋਰੋਨਾ ਦਾ ਟਾਕਰਾ ਕਰਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕਈ ਪੱਧਰ ‘ਤੇ ਯਤਨ ਜਾਰੀ ਰੱਖਣ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।

ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ 3.60 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3293 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸੇ ਦਰਮਿਆਨ ਭਾਰਤੀ ਹਵਾਈ ਸੈਨਾ ਮੁਖੀ ਆਰ.ਕੇ. ਭਦੌਰੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ‘ਚ ਮਦਦ ਲਈ ਹਵਾਈ ਸੈਨਾ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਜਾਣੂ ਕਰਵਾਇਆ। ਕੋਵਿਡ-19 ਸਬੰਧੀ ਰਾਹਤ ਕਾਰਜਾਂ ‘ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਸੈਨਾ ਮੁਖੀ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਕੋਵਿਡ-19 ਸਬੰਧੀ ਮੁਹਿੰਮ ‘ਚ ਸ਼ਾਮਿਲ ਹਵਾਈ ਸੈਨਾ ਕਰਮੀ ਵਾਇਰਸ ਤੋਂ ਸੁਰੱਖਿਅਤ ਰਹਿਣ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਕਸੀਜਨ ਟੈਂਕਰਾਂ ਤੇ ਹੋਰਨਾ ਲੋੜੀਂਦੀ ਵਸਤੂਆਂ ਦੇ ਟਰਾਂਸਪੋਰਟ ਆਪਰੇਸ਼ਨ ਦੀ ਰਫ਼ਤਾਰ ਤੇਜ਼ ਕਰਨ, ਉਸ ਦਾ ਪੱਧਰ ਵਧਾਉਣ ਤੇ ਉਸ ਦੀ ਸੁਰੱਖਿਆ ‘ਤੇ ਧਿਆਨ ਦੇਣ ਦੀ ਲੋੜ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਹਵਾਈ ਸੈਨਾ ਮੁਖੀ ਭਦੌਰੀਆ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤ ਤੇ ਵਿਦੇਸ਼ ‘ਚ ਕੋਵਿਡ-19 ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਵਾਈ ਸੈਨਾ ਦੇ ਬੇੜੇ ਹਰ ਸਮੇਂ ਤਿਆਰ ਹਨ।

ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ ਅਧੀਨ ਆਉਣ ਵਾਲੇ ਹਸਪਤਾਲਾਂ ‘ਚ ਕੋਵਿਡ-19 ਸਬੰਧੀ ਸਹੂਲਤਾਂ ‘ਚ ਵਾਧਾ ਕੀਤਾ ਗਿਆ ਹੈ ਅਤੇ ਜਿਥੇ ਵੀ ਸੰਭਵ ਹੋ ਸਕਿਆ ਹੈ ਉਥੇ ਦੂਜੇ ਨਾਗਰਿਕਾਂ ਨੂੰ ਵੀ ਭਰਤੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਵਾਈ ਸੈਨਾ ਦੇ ਜ਼ਿਆਦਾਤਰ ਕਰਮੀਆਂ ਦਾ ਟੀਕਾਕਰਨ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਹਾਂਮਾਰੀ ਸਬੰਧੀ ਮੁਹਿੰਮ ‘ਚ ਵੱਖ-ਵੱਖ ਮੰਤਰਾਲੇ, ਏਜੰਸੀਆਂ ਨਾਲ ਰਲ ਕੇ ਤਾਲਮੇਲ ਯਕੀਨੀ ਬਣਾਉਣ ਲਈ ਹਵਾਈ ਸੈਨਾ ਨੇ ਸਮਰਪਿਤ ਕੋਵਿਡ-19 ਸੈੱਲ ਦਾ ਗਠਨ ਵੀ ਕੀਤਾ ਹੈ। ਭਦੌਰੀਆ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇਸ਼ ਦੀਆਂ ਕੋਵਿਡ-19 ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 24 ਘੰਟੇ ਯਤਨਸ਼ੀਲ ਹੈ। ਇਸ ਮੁਹਿੰਮ ‘ਚ ਵੱਡੇ ਅਤੇ ਛੋਟੇ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਦੇਸ਼ ਦੇ ਹਰ ਖੇਤਰ ‘ਚ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਕੀਤੀ ਜਾ ਸਕੇ।

ਵੈਕਸੀਨ ਲਈ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਨਾਗਰਿਕ ਕੋਵਿਡ-19 ਵੈਕਸੀਨ ਲਗਵਾਉਣ ਲਈ ਬੁੱਧਵਾਰ ਸ਼ਾਮ 4 ਵਜੇ ਤੋਂ ਕੋਵਿਨ ਪੋਰਟਲ ਜਾਂ ਆਰੋਗਿਆ ਸੇਤੂ ਐਪ ਜ਼ਰੀਏ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ। ਯੋਗ ਲੋਕ ਇਨ੍ਹਾਂ ‘ਤੇ ਜਾ ਕੇ ਵੈਕਸੀਨ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਰਕਾਰ 1 ਮਈ ਤੋਂ ਟੀਕਾਕਰਨ ਮੁਹਿੰਮ ਦੇ ਤੀਜਾ ਪੜਾਅ ਸ਼ੁਰੂ ਕਰਨ ਲਈ ਤਿਆਰ ਹੈ। ਸਿਹਤ ਮੰਤਰਾਲੇ ਨੇ ਆਪਣੇ ਟਵੀਟ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੋਵਿਡ 19 ਵਿਰੁੱਧ ਟੀਕਾ ਲਗਵਾਉਣ ਲਈ ਨਵੇਂ ਯੋਗ ਸ਼੍ਰੇਣੀ ਦੇ ਲੋਕ ਅੱਜ ਸ਼ਾਮ 4 ਵਜੇ ਤੋਂ ਕੋਵਿਨ ਪੋਰਟਲ ਅਤੇ ਅਰੋਗਿਆ ਸੇਤੂ ਐਪ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਦੌਰਾਨ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਰਜਿਸਟ੍ਰੇਸ਼ਨ ਕਰਨ ਵਿਚ ਆ ਰਹੀ ਦਿੱਕਤ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਪਰ ਸਿਹਤ ਮੰਤਰਾਲੇ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਐਪ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕੇਵਲ 3 ਘੰਟਿਆਂ ਦੌਰਾਨ (ਸ਼ਾਮ 4 ਤੋਂ ਰਾਤ 7 ਵਜੇ ਤੱਕ) 80 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਆਪ ਰਜਿਸਟਰ ਕਰਵਾ ਲਿਆ ਸੀ।

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਮੌਜੂਦ ਵੈਕਸੀਨ ਸਬੰਧੀ ਕੇਂਦਰ ਵਲੋਂ ਅੰਕੜੇ ਜਾਰੀ ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਵੱਖ-ਵੱਖ ਰਾਜਾਂ ‘ਚ ਕੋਰੋਨਾ ਰੋਕੂ ਟੀਕਿਆਂ ਦੀ ਘਾਟ ਜਾਂ ਖਤਮ ਹੋਣ ਦੀਆਂ ਖ਼ਬਰਾਂ ਵਿਚਕਾਰ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਕੋਵਿਡ-19 ਦੇ 1,06,19,892 ਟੀਕੇ ਉਪਲਬਧ ਹਨ, ਜਦੋਂਕਿ ਉਨ੍ਹਾਂ ਨੂੰ ਅਗਲੇ ਤਿੰਨ ਦਿਨਾਂ ‘ਚ 57,70,000 ਹੋਰ ਟੀਕੇ ਦਿੱਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਹਾਲ ਹੀ ‘ਚ ਮਹਾਰਾਸ਼ਟਰ ਸਰਕਾਰ ਦੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ‘ਚ ਨਸ਼ਰ ਹੋਈਆਂ ਖ਼ਬਰਾਂ ‘ਚ ਦੱਸਿਆ ਗਿਆ ਸੀ ਕਿ ਰਾਜ ‘ਚ ਟੀਕੇ ਖ਼ਤਮ ਹੋ ਗਏ ਹਨ, ਜਿਸ ਨਾਲ ਰਾਜ ਦੀ ਟੀਕਾਕਰਨ ਮੁਹਿੰਮ ‘ਤੇ ਉਲਟ ਅਸਰ ਪੈ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੇਂਦਰ ਸਰਕਾਰ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 15,95,96,140 ਟੀਕੇ ਮੁਫ਼ਤ ਉਪਲਬਧ ਕਰਵਾ ਚੁੱਕਾ ਹੈ ਤੇ ਇਨ੍ਹਾਂ ‘ਚ ਖ਼ਰਾਬ ਹੋਣ ਵਾਲੇ ਟੀਕਿਆਂ ਸਮੇਤ ਕੁੱਲ 14,89,76,248 ਟੀਕਿਆਂ ਦੀ ਖਪਤ ਹੋ ਚੁੱਕੀ ਹੈ। ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ ਕੋਲ 5,06,319, ਦਿੱਲੀ ਕੋਲ 4,47,410, ਰਾਜਸਥਾਨ ਕੋਲ 3,92,002, ਪੱਛਮੀ ਬੰਗਾਲ ਕੋਲ 2,92,808, ਛੱਤੀਸਗੜ੍ਹ ਕੋਲ 3,38,963, ਯੂ.ਪੀ. ਕੋਲ 12,92,837, ਕਰਨਾਟਕ ਕੋਲ 3,46,685 ਕੋਰੋਨਾ ਰੋਕੂ ਟੀਕੇ ਉਪਲਬਧ ਹਨ, ਜਦੋਂਕਿ ਰਾਜਾਂ ਨੂੰ ਆਉਂਦੇ ਤਿੰਨ ਦਿਨਾਂ ‘ਚ ਹੋਰ ਟੀਕੇ ਮੁਹੱਈਆ ਕਰਵਾਏ ਜਾਣਗੇ।

Leave a Reply

Your email address will not be published. Required fields are marked *