ਦੇਸ਼ ਭਰ ‘ਚ ਕੋਰੋਨਾ ਵੈਕਸੀਨ ਦੀ ਇਹਤਿਆਤੀ ਖ਼ੁਰਾਕ ਲੱਗਣੀ ਸ਼ੁਰੂ

ਨਵੀਂ ਦਿੱਲੀ / ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ ਸਰਕਾਰ ਵਲੋਂ ਦੇਸ਼ ਭਰ ‘ਚ ਸੋਮਵਾਰ ਤੋਂ ਸਿਹਤ ਮੁਲਾਜ਼ਮਾਂ ਅਤੇ ਪਹਿਲੀ ਸਫ਼ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਕੋਵਿਡ ਬੂਸਟਰ ਖੁਰਾਕ (ਇਹਤਿਆਤੀ ਖ਼ੁਰਾਕ) ਸ਼ੁਰੂ ਕਰ ਦਿੱਤੀ ਗਈ ਹੈ।

ਲਗਾਤਾਰ ਚੌਥੇ ਦਿਨ 1 ਲੱਖ ਤੋਂ ਵੱਧ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ, 80 ਹਜ਼ਾਰ ਤੱਕ ਪਹੁੰਚ ਗਈ ਜਦਕਿ 146 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਇਸ ਦੌਰਾਨ ਰਾਹਤ ਵਾਲੀ ਗੱਲ ਇਹ ਹੈ ਕਿ ਫਿਲਹਾਲ ਸਰਗਰਮ ਮਾਮਲਿਆਂ ਦੇ 5 ਤੋਂ 10 ਫ਼ੀਸਦੀ ਮਾਮਲਿਆਂ ‘ਚ ਹੀ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਦੀ ਲੋੜ ਪੈ ਰਹੀ ਹੈ। ਕੇਂਦਰ ਸਰਕਾਰ ਨੇ ਨਾਲ ਹੀ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਤ ‘ਚ ਤੇਜ਼ੀ ਨਾਲ ਬਦਲਾਅ ਵੀ ਹੋ ਸਕਦਾ ਹੈ।

5.75 ਕਰੋੜ ਨੂੰ ਲੱਗੇਗੀ ਬੂਸਟਰ ਖ਼ੁਰਾਕ ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਮੁਲਾਜ਼ਮਾਂ ਲਈ ਬੂਸਟਰ ਖੁਰਾਕ ਸ਼ੁਰੂ ਕਰ ਦਿੱਤੀ ਗਈ ਹੈ। ਬੂਸਟਰ ਖੁਰਾਕ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ ਦੇ ਅਖੀਰ ‘ਚ ਅਚਨਚੇਤ ਕੀਤੇ ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਕੀਤਾ ਸੀ। ਅੰਕੜਿਆਂ ਮੁਤਾਬਿਕ ਦੇਸ਼ ਦੇ 5.75 ਕਰੋੜ ਲੋਕਾਂ ਨੂੰ ਕੋਰੋਨਾ ਦੀ ਬੂਸਟਰ ਖੁਰਾਕ ਦਿੱਤੀ ਜਾਵੇਗੀ, ਜਿਨ੍ਹਾਂ ‘ਚ ਇਕ ਕਰੋੜ ਸਿਹਤ ਮੁਲਾਜ਼ਮ, ਦੋ ਕਰੋੜ ਫਰੰਟਲਾਈਨ ਵਰਕਰ ਅਤੇ 60 ਤੋਂ ਵੱਧ ਉਮਰ ਦੇ 2.75 ਕਰੋੜ ਬਜ਼ੁਰਗ ਸ਼ਾਮਿਲ ਹਨ। ਸਿਹਤ ਮੰਤਰਾਲੇ ਮੁਤਾਬਿਕ ਬੂਸਟਕ ਖੁਰਾਕ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਪਾਤਰ ਵਿਅਕਤੀ ਸਿੱਧੇ ਹੀ ਟੀਕਾਕਰਨ ਕੇਂਦਰ ‘ਚ ਜਾ ਕੇ ਟੀਕਾ ਲਗਵਾ ਸਕਦਾ ਹੈ। ਹਾਲਾਂਕਿ ਪਾਤਰ ਵਿਅਕਤੀ ਨੂੰ ਕੋਵਿਡ ਟੀਕੇ ਦੀ ਦੂਜੀ ਖੁਰਾਕ ਲੈਣ ਤੋਂ 9 ਮਹੀਨੇ ਬਾਅਦ ਹੀ ਬੂਸਟਰ ਖੁਰਾਕ ਦਿੱਤੀ ਜਾਵੇਗੀ।

ਮਾਮਲਿਆਂ ‘ਚ 12.5 ਫ਼ੀਸਦੀ ਦਾ ਵਾਧਾ ਕੋਰੋਨਾ ਮਾਮਲਿਆਂ ‘ਚ ਲਗਾਤਾਰ ਆ ਰਹੇ ਉਛਾਲ ਦਰਮਿਆਨ ਸੋਮਵਾਰ ਨੂੰ ਨਵੇਂ ਮਾਮਲਿਆਂ ‘ਚ 12.5 ਫ਼ੀਸਦੀ ਦੀ ਇਜ਼ਾਫ਼ਾ ਦਰਜ ਕੀਤਾ ਗਿਆ। ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1,79,723 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਕੋਰੋਨਾ ਦੇ ਨਾਲ ਚਿੰਤਾ ਦਾ ਵੱਡਾ ਕਾਰਨ ਬਣੇ ਓਮੀਕਰੋਨ ਦੇ ਮਾਮਲਿਆਂ ‘ਚ ਵੀ ਪਿਛਲੇ 24 ਘੰਟਿਆਂ ‘ਚ ਓਮੀਕਰੋਨ ਦੇ 410 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ‘ਚ ਓਮੀਕਰੋਨ ਦੇ ਕੁਲ ਮਾਮਲਿਆਂ ਦੀ ਗਿਣਤੀ 4000 ਪਾਰ ਕਰ ਚੁੱਕੀ ਹੈ ਜਦਕਿ 1552 ਲੋਕ ਠੀਕ ਹੋ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ (1216) ਮਹਾਰਾਸ਼ਟਰ ‘ਚ ਦਰਜ ਕੀਤੇ ਗਏ ਹਨ।

ਫਿਲਹਾਲ ਘੱਟ ਲੋਕਾਂ ਨੂੰ ਕਰਵਾਉਣਾ ਪੈ ਰਿਹਾ ਹੈ ਹਸਪਤਾਲ ‘ਚ ਭਰਤੀ-ਕੇਂਦਰ ਕੇਂਦਰ ਸਰਕਾਰ ਨੇ ਕੋਰੋਨਾ ਦੇ ਹਾਲਾਤ ‘ਤੇ ਰਾਜਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਫਿਲਹਾਲ ਸਰਗਰਮ ਮਾਮਲਿਆਂ ਦੇ 5 ਤੋਂ 10 ਫ਼ੀਸਦੀ ਮਾਮਲਿਆਂ ‘ਚ ਹੀ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਕਰਨ ਦੀ ਲੋੜ ਪੈ ਰਹੀ ਹੈ ਪਰ ਹਾਲਾਤ ‘ਚ ਤੇਜ਼ੀ ਨਾਲ ਬਦਲਾਅ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਚਿੱਠੀ ਲਿਖ ਕੇ ਦੂਜੀ ਲਹਿਰ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੂਜੀ ਲਹਿਰ ‘ਚ ਸਰਗਰਮ ਮਾਮਲਿਆਂ ਦੇ 20 ਤੋਂ 25 ਫ਼ੀਸਦੀ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਦੀ ਲੋੜ ਪਈ ਸੀ, ਜਦਕਿ ਹੁਣ ਫਿਲਹਾਲ ਇਹ ਤਾਦਾਦ 5 ਤੋਂ 10 ਫ਼ੀਸਦੀ ਹੈ। ਕੇਂਦਰ ਨੇ ਰਾਜਾਂ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ ਹਸਪਤਾਲ ‘ਚ ਭਰਤੀ ਮਾਮਲਿਆਂ, ਆਕਸੀਜਨ ਬੈੱਡ, ਆਈ.ਸੀ.ਯੂ. ਬੈੱਡ ਅਤੇ ਵੈਂਟੀਲੇਟਰ ਸਪੋਰਟ ਦੀ ਸਥਿਤੀ ‘ਤੇ ਰੋਜ਼ਾਨਾ ਨਿਗਰਾਨੀ ਰੱਖਣ ਨੂੰ ਵੀ ਕਿਹਾ ਹੈ। ਮੰਤਰਾਲੇ ਨੇ ਫ਼ੋਨ ‘ਤੇ ਸਲਾਹ ਲੈਣ ਲਈ ਸੇਵਾਮੁਕਤ ਡਾਕਟਰਾਂ ਅਤੇ ਐੱਮ.ਬੀ.ਬੀ.ਐੱਸ. ਵਿਿਦਆਰਥੀਆਂ ਦੀ ਨਿਯੁਕਤੀ ਕਰਨ ਦੀ ਸਲਾਹ ਦਿੱਤੀ।

ਸਪੋਰਟਸ ਅਥਾਰਟੀ ਨੇ 67 ਸਿਖਲਾਈ ਕੇਂਦਰ ਬੰਦ ਕਰਨ ਦਾ ਕੀਤਾ ਫ਼ੈਸਲਾ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ 67 ਸਿਖਲਾਈ ਕੇਂਦਰ ਬੰਦ ਕਰ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਥਾਰਟੀ ਵਲੋਂ ਸਿਖਲਾਈ ਕੇਂਦਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਹੁਣ ਕੇਂਦਰ ਬੰਦ ਕਰ ਦਿੱਤੇ ਗਏ ਹਨ।

ਟੀਕਾਕਰਨ ਕੇਂਦਰਾਂ ‘ਤੇ ਕੰਮ ਲਈ ਕੋਈ ਸਮਾਂ ਹੱਦ ਤੈਅ ਨਹੀਂ-ਸਰਕਾਰ ਨਵੀਂ ਦਿੱਲੀ / ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਕੋਵਿਡ ਟੀਕਾਕਰਨ ਕੇਂਦਰਾਂ ਦੇ ਕੰਮ ਲਈ ਕੋਈ ਵੀ ਸਮਾਂ ਹੱਦ ਤੈਅ ਨਹੀਂ ਕੀਤੀ ਗਈ ਹੈ ਤੇ ਉਹ ਮਨੁੱਖੀ ਵਸੀਲੇ ਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ‘ਤੇ ਰੋਜ਼ਾਨਾ ਰਾਤ 10 ਵਜੇ ਤੱਕ ਕੰਮ ਕਰ ਸਕਦੇ ਹਨ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ‘ਚ ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਕਿਹਾ ਕਿ ਇਹ ਸਮਝਿਆ ਜਾ ਰਿਹਾ ਹੈ ਕਿ ਟੀਕਾਕਰਨ ਕੇਂਦਰ ਸਿਰਫ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੀ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸੇ ਸੰਬੰਧ ‘ਚ ਇਹ ਵਾਰ-ਵਾਰ ਦੁਹਰਾਇਆ ਜਾਂਦਾ ਹੈ ਕਿ ਕੋਵਿਡ ਟੀਕਾਕਰਨ ਕੇਂਦਰਾਂ ਲਈ ਕੋਈ ਵੀ ਸਮਾਂ ਹੱਦ ਤੈਅ ਨਹੀਂ ਕੀਤੀ ਗਈ ਹੈ।

Leave a Reply

Your email address will not be published. Required fields are marked *