ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

Home » Blog » ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ
ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਿਕਾਰਡ 2 ਲੱਖ ਨਵੇਂ ਕੇਸ ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2,00,739 ਨਵੇਂ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ 1 ਕਰੋੜ 40 ਲੱਖ 74 ਹਜ਼ਾਰ 564 ਹੋ ਗਈ ਹੈ। ਇਸ ਤਰ੍ਹਾਂ ਹੀ 24 ਘੰਟਿਆਂ ਦੌਰਾਨ 1,038 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,73,123 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 93,528 ਮਰੀਜ਼ ਸਿਹਤਮੰਦ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 1,24,29,564 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਸਰਗਰਮ ਕੇਸ 14 ਲੱਖ ਨੂੰ ਪਾਰ ਕਰ ਕੇ 14, 71,877 ਹੋ ਗਏ ਹਨ। ਦੇਸ਼ ’ਚ ਰਿਕਵਰੀ ਦਰ ਘੱਟ ਕੇ 88.31 ਫ਼ੀਸਦੀ ਅਤੇ ਸਰਗਰਮ ਕੇਸਾਂ ਦੀ ਦਰ ਵੱਧ ਕੇ 10.46 ਫ਼ੀਸਦੀ ਹੋ ਗਈ ਹੈ, ਜਦਕਿ ਮੌਤ ਦਰ ਘੱਟ ਕੇ 1.23 ਫ਼ੀਸਦੀ ਰਹਿ ਗਈ ਹੈ।

ਜੇਕਰ ਕੋਰੋਨਾ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ 16 ਜਨਵਰੀ 2021 ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਲੈ ਕੇ ਹੁਣ ਤੱਕ 11,44,93,238 ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਕੇਸਾਂ ਵਿਚ ਪਹਿਲੇ ਨੰਬਰ ’ਤੇ ਹੈ ਅਤੇ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 19,050 ਵੱਧ ਕੇ 6,13,635 ਹੋ ਗਈ ਹੈ। ਇਸ ਦੌਰਾਨ ਸੂਬੇ ਵਿਚ 39,624 ਹੋਰ ਮਰੀਜ਼ ਸਿਹਤਮੰਦ ਹੋਏ, ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 29,05,721 ਪਹੁੰਚ ਗਈ ਹੈ। ਜਦਕਿ 278 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 58,804 ਹੋ ਗਿਆ ਹੈ। ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਵਾਇਰਸ ਦਾ ਖ਼ੌਫਨਾਕ ਰੂਪ ਵੇਖਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਬੇਕਾਬੂ ਹੋ ਰਹੇ ਕੋਰੋਨਾ ਦੇ ਕੇਸਾਂ ਕਾਰਨ ਹਸਪਤਾਲਾਂ ’ਚ ਇਸ ਦਾ ਬੋਝ ਵੱਧਦਾ ਜਾ ਰਿਹਾ ਹੈ। ਮਰੀਜ਼ਾਂ ਨੂੰ ਬੈੱਡਾਂ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ।

ਗੁਜਰਾਤ ਦੇ ਅਹਿਮਦਾਬਾਦ ਦੀ ਤਸਵੀਰ ਵੀ ਕੁਝ ਵੱਖਰੀ ਹੀ ਹੈ। ਇੱਥੇ ਹਸਪਤਾਲ ’ਚ ਦਾਖ਼ਲ ਹੋਣ ਲਈ ਮਰੀਜ਼ਾਂ ਨੂੰ ਉਡੀਕ ਕਰਨੀ ਪੈ ਰਹੀ ਹੈ। ਇਹ ਦ੍ਰਿਸ਼ ਗੁਜਰਾਤ ਦੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਕੈਂਪਸ ਦਾ ਹੈ, ਜਿੱਥੇ ਐਂਬੂਲੈਂਸ ਲਾਈਨਾਂ ’ਚ ਖੜ੍ਹੀਆਂ ਹਨ। ਐਂਬੂਲੈਂਸ ਵਿਚ ਮਰੀਜ਼ ਲੇਟੇ ਹੋਏ ਹਨ, ਕੁਝ ਮਰੀਜ਼ਾਂ ਨੂੰ ਐਂਬੂਲੈਂਸ ਦੇ ਅੰਦਰ ਹੀ ਆਕਸੀਜਨ ਦਿੱਤੀ ਜਾ ਰਹੀ ਹੈ। ਲਾਈਨਾਂ ਵਿਚ ਲੱਗੀਆਂ ਐਂਬੂਲੈਂਸ ’ਚ ਪਏ ਮਰੀਜ਼ ਹਸਪਤਾਲ ਅੰਦਰ ਬੈੱਡ ਖਾਲੀ ਹੋਣ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਦੇ ਇਸ ਸਭ ਤੋਂ ਵੱਡੇ ਕੋਵਿਡ-19 ਹਸਪਤਾਲ ’ਚ 1200 ਬੈੱਡ ਫੂਲ ਹੋ ਚੁੱਕੇ ਹਨ। ਜਿਸ ਕਾਰਨ ਮਰੀਜ਼ਾਂ ਨੂੰ ਬਾਹਰ ਹੀ ਰੋਕਿਆ ਗਿਆ ਹੈ। ਅਜਿਹੇ ਵਿਚ ਮਰੀਜ਼ਾਂ ਨੂੰ ਐਂਬੂਲੈਂਸ ’ਚ ਹੀ ਆਕਸੀਜਨ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਗੁਜਰਾਤ ਕੋਵਿਡ-19 ਕਾਰਨ ਭਾਰਤ ਦੇ 10 ਸਭ ਤੋਂ ਪ੍ਰਭਾਵਿਤ ਸੂਬਿਆਂ ’ਚੋਂ ਇਕ ਹੈ। ਸੂਬੇ ’ਚ ਇਸ ਸਮੇਂ ਕੋਰੋਨਾ ਵਾਇਰਸ ਦੇ 30,000 ਤੋਂ ਵਧੇਰੇ ਸਰਗਰਮ ਕੇਸ ਹਨ, ਜਿਨ੍ਹਾਂ ’ਚੋਂ 7,165 ਕੇਸ ਇਕੱਲੇ ਅਹਿਮਦਾਬਾਦ ਵਿਚ ਹਨ।

Leave a Reply

Your email address will not be published.