ਦੇਸ਼ ਕੋਵਿਡ-19 ਦੀ ਮਹਾਮਾਰੀ ਤੋਂ ਬਾਦ ਬਲੈਕ ਫੰਗਸ

Home » Blog » ਦੇਸ਼ ਕੋਵਿਡ-19 ਦੀ ਮਹਾਮਾਰੀ ਤੋਂ ਬਾਦ ਬਲੈਕ ਫੰਗਸ
ਦੇਸ਼ ਕੋਵਿਡ-19 ਦੀ ਮਹਾਮਾਰੀ ਤੋਂ ਬਾਦ ਬਲੈਕ ਫੰਗਸ

ਦੇਸ਼ ਕੋਵਿਡ-19 ਦੀ ਮਹਾਮਾਰੀ ਦਾ ਸਾਹਮਣਾ ਕਰ ਹੀ ਰਿਹਾ ਸੀ ਕਿ ਕਾਲੀ ਉੱਲੀ (ਬਲੈਕ ਫੰਗਸ) ਨਾਂ ਦੀ ਗੰਭੀਰ ਬਿਮਾਰੀ ਜਿਸ ਦਾ ਵਿਗਿਆਨਕ ਨਾਮ ਮਿਊਕਰਮਾਈਕੋਸਿਸ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ।

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਦਾ ਕਾਰਨ ਨਾ ਤਾਂ ਬੈਕਟੀਰੀਆ ਹੈ ਅਤੇ ਨਾ ਹੀ ਵਾਇਰਸ, ਇਹ ਇਕ ਤਰ੍ਹਾਂ ਦੀ ਉੱਲੀ ਹੈ ਜੋ ਮਿੱਟੀ, ਗਲ ਸੜ ਰਹੇ ਪਦਾਰਥਾਂ ਅਤੇ ਹਵਾ ਵਿਚ ਪਾਈ ਜਾਂਦੀ ਹੈ। ਇਹ ਗੰਦਗੀ, ਰੂੜੀਆਂ, ਗਲ ਸੜ ਰਹੇ ਪਦਾਰਥਾਂ ਦੇ ਢੇਰਾਂ ਤੇ ਸਿੱਲੀਆਂ ਥਾਵਾਂ ’ਤੇ ਜ਼ਿਆਦਾ ਪਨਪਦੀ ਹੈ। ਸਿਹਤਮੰਦ ਮਨੁੱਖ ਇਸ ਫੰਗਸ (ਉੱਲੀ) ਦਾ ਸਾਹਮਣਾ ਬਹੁਤ ਆਸਾਨੀ ਨਾਲ ਕਰ ਲੈਂਦੇ ਹਨ ਪਰ ਇਹ ਫੰਗਸ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਕਮਜ਼ੋਰ ਹੋ ਚੁੱਕੀ ਹੋਵੇ, ’ਤੇ ਤੇਜ਼ੀ ਨਾਲ ਹਮਲਾ ਕਰਦੀ ਹੈ। ਵੀਰਵਾਰ ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਵਿਚ ਦੱਸਿਆ ਕਿ ਦੇਸ਼ ਵਿਚ 7251 ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਹਨ। ਵੱਖ ਵੱਖ ਪ੍ਰਾਂਤਾਂ ਵਿਚ ਇਹ ਸੰਖਿਆ ਵਧ ਰਹੀ ਹੈ। ਇਸ ਬਿਮਾਰੀ ਦਾ ਫੈਲਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ।

2003 ਵਿਚ ਵੀ ਸਾਰਸ ਦੀ ਬਿਮਾਰੀ ਦੌਰਾਨ ਬਲੈਕ ਫੰਗਸ ਦੇ ਕੇਸ ਸਾਹਮਣੇ ਆਏ ਸਨ। ਕੋਵਿਡ-19 ਦੌਰਾਨ ਸਟੀਰਾਇਡ ਦਵਾਈਆਂ ਦਾ ਜ਼ਰੂਰਤ ਤੋਂ ਵੱਧ ਤੇ ਕਈ ਵਾਰ ਡਾਕਟਰ ਦੀ ਸਲਾਹ ਤੋਂ ਬਿਨਾਂ ਪ੍ਰਯੋਗ ਇਸ ਫੈਲਾਉ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਟੀਰਾਇਡ ਦਵਾਈਆਂ ਦੀ ਵਰਤੋਂ ਨੇ ਲੱਖਾਂ ਜਾਨਾਂ ਬਚਾਈਆਂ ਹਨ ਪਰ ਇਨ੍ਹਾਂ ਦੀ ਵਰਤੋਂ ਡਾਕਟਰਾਂ ਨੂੰ ਬਹੁਤ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਸ ਦੀ ਵਰਤੋਂ ਨਾਲ ਖ਼ੂਨ ਵਿਚ ਸ਼ੂਗਰ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸ਼ੂਗਰ ਦੀ ਬਿਮਾਰੀ ਹੋਵੇ, ਉਨ੍ਹਾਂ ਵਿਚ ਇਹ ਵਾਧਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਾਰਨ ਮਰੀਜ਼ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਘਟਦੀ ਹੈ ਅਤੇ ਬਲੈਕ ਫੰਗਸ ਉਨ੍ਹਾਂ ਦੀ ਸਾਹ ਪ੍ਰਣਾਲੀ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਕਾਬਜ਼ ਹੋ ਜਾਂਦੀ ਹੈ। ਇਹ ਘਾਤਕ ਬਿਮਾਰੀ ਹੈ। ਇਹ ਦਿਮਾਗ ਅਤੇ ਹੋਰ ਅੰਗਾਂ ਵਿਚ ਵੀ ਫੈਲ ਸਕਦੀ ਹੈ।

ਇਹ ਬਿਮਾਰੀ ਹੋਣ ਦਾ ਖ਼ਤਰਾ ਕੁਝ ਵਿਅਕਤੀਆਂ ਨੂੰ ਜ਼ਿਆਦਾ ਹੁੰਦਾ ਹੈ ਜਿਵੇਂ ਸ਼ੂਗਰ ਦੇ ਮਰੀਜ਼ਾਂ ਅਤੇ ਖ਼ਾਸ ਕਰ ਕੇ ਉਨ੍ਹਾਂ ਮਰੀਜ਼ਾਂ ਨੂੰ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਵਿਚ ਨਾ ਆ ਰਹੀ ਹੋਵੇ; ਕੈਂਸਰ ਦੇ ਮਰੀਜ਼ਾਂ ਨੂੰ ਜਿਹੜੇ ਕੈਂਸਰ ਨੂੰ ਦਬਾਉਣ ਵਾਲੀ ਦਵਾਈ ਖਾ ਰਹੇ ਹੋਣ ਅਤੇ ਕੁਝ ਹੋਰ ਮਰੀਜ਼ਾਂ ਜਿਨ੍ਹਾਂ ਨੂੰ ਰੋਗਾਂ ਨੂੰ ਕਾਬੂ ਵਿਚ ਰੱਖਣ ਲਈ ਲਗਾਤਾਰ ਸਟੀਰਾਇਡ ਖਾਣੇ ਪੈਂਦੇ ਹਨ। ਕੋਵਿਡ-19 ਦੌਰਾਨ ਬਲੈਕ ਫੰਗਸ ਦੇ ਕੇਸਾਂ ਦਾ ਵਧਣਾ ਸਟੀਰਾਇਡਜ਼ ਦੇ ਜਲਦੀ ਸ਼ੁਰੂ ਕਰਨ, ਜ਼ਰੂਰਤ ਤੋਂ ਜ਼ਿਆਦਾ ਸਟੀਰਾਇਡਜ਼ ਵਰਤਣ ਅਤੇ ਡਾਕਟਰ ਦੀ ਨਿਗਰਾਨੀ ਤੋਂ ਬਿਨਾਂ ਇਹ ਦਵਾਈ ਦਿੱਤੇ ਜਾਣ ਨਾਲ ਸਬੰਧਿਤ ਜਾਪਦਾ ਹੈ। ਸਾਡੇ ਦੇਸ਼ ਵਿਚ ਬਹੁਤ ਸਾਰੀ ਵਸੋਂ ਅਜਿਹੇ ਵਿਅਕਤੀਆਂ ਕੋਲ ਸਿਹਤ ਸੰਭਾਲ ਲਈ ਜਾਂਦੀ ਹੈ ਜਿਨ੍ਹਾਂ ਨੂੰ ਡਾਕਟਰੀ ਦੇ ਪੇਸ਼ੇ ਦਾ ਕੋਈ ਗਿਆਨ ਨਹੀਂ ਹੁੰਦਾ ਪਰ ਉਹ ਡਾਕਟਰ ਅਖਵਾਉਂਦੇ ਹਨ।

ਅਜਿਹੇ ਅਸਿਖਿਅਤ ਵਿਅਕਤੀ ਸਟੀਰਾਇਡਜ਼ ਕਾਫ਼ੀ ਮਾਤਰਾ ਵਿਚ ਦਿੰਦੇ ਹਨ। ਦੇਸ਼ ਦੇ ਸਿਹਤ ਖੇਤਰ ਨਾਲ ਸਬੰਧਿਤ ਚੋਟੀ ਦੇ ਮਾਹਿਰ ਵਾਰ ਵਾਰ ਇਹ ਚਿਤਾਵਨੀ ਦਿੰਦੇ ਰਹੇ ਹਨ ਕਿ ਕੋਵਿਡ ਦੇ ਮਰੀਜ਼ਾਂ ਵਿਚ ਸਟੀਰਾਇਡਜ਼ ਦਾ ਪ੍ਰਯੋਗ ਨਾ ਤੇ ਜਲਦੀ ਸ਼ੁਰੂ ਕੀਤਾ ਜਾਵੇ, ਨਾ ਹੀ ਇਹ ਬਹੁਤੀ ਮਾਤਰਾ ਵਿਚ ਦਿੱਤੇ ਜਾਣ ਅਤੇ ਨਾ ਹੀ ਇਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਤੇ ਸਲਾਹ ਤੋਂ ਬਿਨਾਂ ਵਰਤਿਆ ਜਾਵੇ। ਦੇਸ਼ ਦੇ ਸਾਹਮਣੇ ਇਕ ਸੰਕਟ ਇਹ ਹੈ ਕਿ ਇਸ ਬਿਮਾਰੀ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਐਫੋਟੈਰੀਸੀਨ-ਬੀ ਵੀ ਘੱਟ ਮਾਤਰਾ ਵਿਚ ਉਪਲੱਬਧ ਹੈ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਉਚਿਤ ਪ੍ਰਬੰਧ ਕਰਨ ਲਈ ਕਿਹਾ ਹੈ। ਦਵਾਈ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸਰਕਾਰ ਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੌਰਾਨ ਸਟੀਰਾਇਡ ਦੇਣ ਦੇ ਪਰੋਟੋਕੋਲ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਲੋਕ ਆਪਣੀ ਮਰਜ਼ੀ ਨਾਲ ਇਹ ਦਵਾਈ ਨਾ ਖਾਣ।

Leave a Reply

Your email address will not be published.