‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ

Home » Blog » ‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ
‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ

ਚੰਡੀਗੜ੍ਹ, 30 ਦਸੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦਹਾਕਿਆਂ ਤੋਂ ਵਾਰੀ ਬੰਨ ਕੇ ਪੰਜਾਬ ਦੀ ਰਾਜ ਸੱਤਾ ਭੋਗਦੇ ਆ ਰਹੇ ਬਾਦਲ, ਕਾਂਗਰਸ, ਕੈਪਟਨ ਅਤੇ ਭਾਜਪਾ ਕੋਲ ਜੇਕਰ ਪੰਜਾਬ ਅਤੇ ਪੰਜਾਬੀਆਂ ਲਈ ਕੋਈ ਦੂਰ-ਦ੍ਰਿਸ਼ਟੀ ਹੁੰਦੀ ਤਾਂ ਪੰਜਾਬ ਅਤੇ ਪੰਜਾਬੀਆਂ ਦੀ ਹਾਲਤ ਐਨੀ ਤਰਸਯੋਗ ਨਾ ਹੁੰਦੀ।

ਭਗਵੰਤ ਮਾਨ ਨੇ ਇਹ ਪ੍ਰਤੀਕਿਰਿਆ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਉਸ ਬਿਆਨ ਬਾਰੇ ਦਿੱਤੀ, ਜਿਸ ‘ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਦੂਰ-ਦ੍ਰਿਸ਼ਟੀ ਵਾਲੇ ਮੁੱਖ ਮੰਤਰੀ ਦੀ ਲੋੜ ਹੈ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਸੁਖਬੀਰ ਸਿੰਘ ਬਾਦਲ ਬਿਲਕੁਲ ਸਹੀ ਫੁਰਮਾ ਰਹੇ ਹਨ ਕਿ ਸੂਬੇ ਨੂੰ ਇੱਕ ਦੂਰ-ਦ੍ਰਿਸ਼ਟੀ ਵਾਲੇ ਮੁੱਖ ਮੰਤਰੀ ਦੀ ਜ਼ਰੂਰਤ ਹੈ, ਕਿਉਂਕਿ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਲਈ ਕੋਈ ਦੂਰ-ਦ੍ਰਿਸ਼ਟੀ ਨਹੀਂ ਸੀ ਅਤੇ ਇਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਜਿੱਥੇ ਪੰਜਾਬ ਸਾਢੇ 3 ਲੱਖ ਕਰੋੜ ਦੇ ਕਰਜ਼ੇ ਵਿੱਚ ਡੁੱਬਿਆ ਹੈ, ਉੱਥੇ ਹੀ ਨਸ਼ਿਆਂ ਨਾਲ ਨੌਜਵਾਨ ਮਾਰੇ ਗਏ, ਗ਼ਰੀਬੀ ਕਾਰਨ ਲੱਖਾਂ ਲੋਕਾਂ ਨੇ ਆਤਮ ਹੱਤਿਆਵਾਂ ਕੀਤੀਆਂ, ਪੰਜਾਬ ਨੇ ਕਾਲ਼ੇ ਦੌਰ ਦਾ ਸੰਤਾਪ ਭੋਗਿਆ, ਪੰਜਾਬ ਦਾ ਪਾਣੀ ਤੇ ਜ਼ਮੀਨ ਅਤੇ ਵਾਤਾਵਰਨ ਲੁੱਟੇ ਗਏ। ਜੂਨੀਅਰ ਬਾਦਲ ਦੀ ਇਸ ਟਿੱਪਣੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮੇ ਮੁੱਖ ਮੰਤਰੀ ਹੋਣ ਦਾ ਸਰਟੀਫਿਕੇਟ ਵੀ ਦੇ ਦਿੱਤਾ ਹੈ ਅਤੇ ਭਵਿੱਖ ਲਈ ਪੰਜਾਬੀਆਂ ਨੂੰ ਸੁਚੇਤ ਵੀ ਕਰ ਦਿੱਤਾ ਹੈ ਕਿ ਪਹਿਲਾਂ ਦੁਹਰਾਈਆਂ ਗਈਆਂ ਗ਼ਲਤੀਆਂ ਦੁਬਾਰਾ ਨਾ ਕੀਤੀਆਂ ਜਾਣ।”

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਜਿਸ ਤਰਸਯੋਗ ਮੋੜ ‘ਤੇ ਪਹੁੰਚਾ ਦਿੱਤਾ ਗਿਆ ਹੈ, ਉਸ ਤੋਂ ਸਾਫ਼ ਹੈ ਕਿ ਵਾਰ-  ਵਾਰ ਮੁੱਖ ਮੰਤਰੀ ਰਹਿਣ ਵਾਲੇ ਬਾਦਲਾਂ ਕੋਲ ਦੂਰ- ਦੂਰ ਤੱਕ ਕੋਈ ਦ੍ਰਿਸ਼ਟੀ ਨਹੀਂ ਸੀ, ਜਿਸ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਬਹੁਪੱਖੀ ਵਿਕਾਸ ਹੋ ਸਕਦਾ ਹੁੰਦਾ। ਇਸ ਉਮਰ ‘ਚ ਆ ਕੇ ਬਾਦਲਾਂ ਕੋਲੋਂ ਕਿਸੇ ਦੂਰ ਦ੍ਰਿਸ਼ਟੀ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ, ਜਿਸ ਨਾਲ ਇਹ ਟੱਬਰ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਸੰਕਟਾਂ ‘ਚੋਂ ਕੱਢ ਸਕਦਾ ਹੋਵੇ। ਇਹੋ ਹਾਲ ਭਾਜਪਾ, ਕੈਪਟਨ ਅਤੇ ਢੀਂਡਸਾ ਗਰੁੱਪ ਦਾ ਰਿਹਾ ਹੈ, ਕਿਉਂਕਿ ਇਹ ਸਾਰੇ ਹੁਣ ਤੱਕ ਪੰਜਾਬ ਅਤੇ ਕੇਂਦਰ ਦੀ ਸੱਤਾ ਦਾ ਵਾਰ- ਵਾਰ ਸੁੱਖ ਭੋਗ ਚੁੱਕੇ ਹਨ।”

ਮਾਨ ਨੇ ਸੁਖਬੀਰ ਸਿੰਘ ਬਾਦਲ ‘ਤੇ ਪਲਟਵਾਰ ਜਾਰੀ ਰੱਖਦਿਆਂ ਕਿਹਾ, ”ਬੇਸ਼ੱਕ ਇਹ ਸਾਰੇ (ਬਾਦਲ, ਕਾਂਗਰਸ, ਕੈਪਟਨ, ਭਾਜਪਾ ਅਤੇ ਢੀਂਡਸਾ) ਪੰਜਾਬ ਅਤੇ ਪੰਜਾਬੀਆਂ ਬਾਰੇ ਭੋਰਾ ਭਰ ਵੀ ਲਾਭਕਾਰੀ ਦ੍ਰਿਸ਼ਟੀ ਨਹੀਂ ਦਿਖਾ ਸਕੇ, ਪ੍ਰੰਤੂ ਆਪਣੇ ਟੱਬਰਾਂ ਅਤੇ ਕਰੀਬੀਆਂ ਦੀਆਂ ਅਗਲੀਆਂ ਸੱਤ ਪੁਸ਼ਤਾਂ ਦਾ ਬੇੜਾ ਪਾਰ ਕਰ ਗਏ। ਅੱਜ ਤੋਂ ਕਰੀਬ 50 ਸਾਲ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਨਾ ਪੰਜਾਬ ਸਰਕਾਰ ਅਤੇ ਪੰਜਾਬੀ ਕਰਜ਼ਾਈ ਸਨ ਅਤੇ ਨਾ ਹੀ ਬਾਦਲਾਂ ਕੋਲ ਸੈਂਕੜੇ ਬੱਸਾਂ, ਸੱਤ ਤਾਰਾ ਹੋਟਲ, ਮੀਡੀਆ ਚੈਨਲ, ਹਜ਼ਾਰਾਂ ਏਕੜ ਜ਼ਮੀਨ ਅਤੇ ਜਾਇਦਾਦ ਸੀ। ਅੱਜ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਅਰਬਾਂ ਰੁਪਏ ਦੇ ਕਰਜ਼ੇ ਦੇ ਭਾਰ ਥੱਲੇ ਦੱਬੇ ਪਏ ਹਨ, ਪ੍ਰੰਤੂ ਬਾਦਲਾਂ ਦੀਆਂ ਬੱਸਾਂ ਦਾ ਬੇੜਾ (ਫ਼ਲੀਟ) ਦਿਨ ਰਾਤ ਵੱਧ ਰਿਹਾ ਹੈ।

ਜਹਾਜ਼ਾਂ (ਐਵੀਏਸ਼ਨ), ਹੋਟਲਾਂ, ਜ਼ਮੀਨਾਂ ਅਤੇ ਦੇਸ਼- ਵਿਦੇਸ਼ ‘ਚ ਜੋੜੀਆਂ ਸੰਪਤੀਆਂ ਅਤੇ ਬੈਂਕ ਖਾਤਿਆਂ ਦਾ ਬਾਦਲਾਂ ਨੂੰ ਖ਼ੁਦ ਵੀ ਅੰਦਾਜ਼ਾ ਨਹੀਂ ਕਿ ਇਨ੍ਹਾਂ ਦੀ ਕੁੱਲ ਕੀਮਤ ਕਿੰਨੀ ਬਣੇਗੀ। ਇਹੋ ਹਾਲ ਬਾਕੀ ਆਗੂਆਂ ਦਾ ਹੈ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਸ਼ਾਹੀ ਖ਼ਾਨਦਾਨ ਦੇ ਵਾਰਸ ਹਨ, ਪਰ 2002 ‘ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਟਿਆਲੇ ਵਿੱਚ ਇਹ ਚਰਚਾ ਮਸ਼ਹੂਰ ਸੀ ਕਿ ਸ਼ਾਹੀ ਪਰਿਵਾਰ ਕੋਲ ਮੋਤੀ ਮਹੱਲ ‘ਤੇ ਰੰਗ ਰੋਗਨ (ਕਲੀ) ਕਰਾਉਣ ਦੀ ਵੀ ਗੁੰਜਾਇਸ਼ ਨਹੀਂ ਸੀ ਬਚੀ। ਦੋ ਵਾਰ ਮੁੱਖ ਮੰਤਰੀ ਬਣਨ ਨਾਲ ਕੈਪਟਨ ਪਰਿਵਾਰ ਨੇ ਖ਼ੁਦ ਤਾਂ ਬਾਦਲ ਪਰਿਵਾਰ ਬਰਾਬਰ ਸਿਸਵਾਂ ਫਾਰਮ ਹਾਊਸ ‘ਤੇ ਇੱਕ ਹੋਰ ਮਹੱਲ ਬਣਾ ਲਿਆ, ਪਰ ਪੰਜਾਬ ਸਰਕਾਰ ਦਾ ਕਰਜ਼ਾ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੀ ਟਪਾ ਦਿੱਤਾ। ਕਿਸਾਨ, ਮਜ਼ਦੂਰ, ਬੇਰੁਜ਼ਗਾਰ, ਬਜ਼ੁਰਗ, ਮੁਲਾਜ਼ਮਾਂ ਸਮੇਤ ਸਾਰੇ ਵਰਗ ਆਪਣੇ ਹੱਕ- ਹਕੂਕਾਂ ਲਈ ਧਰਨੇ- ਪ੍ਰਦਰਸ਼ਨਾਂ ਲਈ ਮਜਬੂਰ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਵਾਰ- ਵਾਰ ਧੋਖਾ ਖਾ ਕੇ ਅੱਜ ਇਹ ਗੱਲ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਂਗਰਸ, ਕੈਪਟਨ, ਭਾਜਪਾ ਅਤੇ ਬਾਦਲਾਂ ਅਜਿਹੇ ਲੀਡਰ ਨਹੀਂ ਚਾਹੀਦੇ, ਜਿਨ੍ਹਾਂ ਦੀ ਦੂਰ-ਦ੍ਰਿਸ਼ਟੀ ਆਪਣੇ ਟੱਬਰਾਂ ਅਤੇ ਕੁਨਬਿਆਂ ਦੀਆਂ ਦੀਵਾਰਾਂ ਟੱਕ ਕੇ ਪੰਜਾਬ ਅਤੇ ਪੰਜਾਬੀਆਂ ਤੱਕ ਨਾ ਪਹੁੰਚੀ ਹੋਵੇ।

Leave a Reply

Your email address will not be published.