ਦੂਜਿਆਂ ਨੂੰ ਨੀਵਾਂ ਵਿਖਾਉਣ ਤੋਂ ਪਹਿਲਾਂ …

ਮੈਂ ਕਿਸੇ ਦੀ ਪਰਵਾਹ ਨਹੀਂ ਮੰਨਦਾ। ਮੇਰਾ ਮੁਕਾਬਲਾ ਕੋਈ ਖੱਬੀ ਖ਼ਾਨ ਵੀ ਨਹੀਂ ਕਰ ਸਕਦਾ ਅਤੇ ਮੈਂ ਤਾਂ ਵੱਡਿਆਂ-ਵੱਡਿਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ।

ਇਸ ਤਰ੍ਹਾਂ ਦੇ ਸਾਰੇ ਵਾਕ ਮਨੁੱਖ ਦੇ ਹੰਕਾਰ, ਹਉਮੈ ਅਤੇ ਗਰੂਰ ਦਾ ਪ੍ਰਗਟਾਵਾ ਹੁੰਦੇ ਹਨ। ਇਹੋ ਜਿਹੇ ਸ਼ਬਦ ਮਨੁੱਖ ਉਦੋਂ ਹੀ ਬੋਲਦਾ ਹੈ ਜਦੋਂ ਉਹ ਉਸ ਅਕਾਲ ਪੁਰਖ ਨੂੰ ਭੁੱਲ ਕੇ ਉਸ ਤੋਂ ਬੇਮੁੱਖ ਹੋ ਜਾਂਦਾ ਹੈ। ਜਦੋਂ ਉਹ ਪੈਰ ਛੱਡ ਕੇ ਜ਼ਿੰਦਗੀ ਦੀਆਂ ਜ਼ਮੀਨੀ ਹਕੀਕਤਾਂ ਨੂੰ ਭੁੱਲ ਬੈਠਦਾ ਹੈ। ਜਦੋਂ ਉਹ ਧਰਤੀ ਤੋਂ ਇਕ ਗਿੱਠ ਉੱਤੇ ਉੱਠ ਕੇ ਤੁਰਨ ਲੱਗ ਪੈਂਦਾ ਹੈ। ਉਸ ਦੇ ਮਨ ਅਤੇ ਦਿਲੋ ਦਿਮਾਗ਼ ਵਿਚ ਇਸ ਤਰ੍ਹਾਂ ਦੇ ਖ਼ਿਆਲ ਉਦੋਂ ਹੀ ਪੈਦਾ ਹੁੰਦੇ ਹਨ ਜਦੋਂ ਉਸਦੇ ਸਾਰੇ ਸੁਰ ਚੱਲਦੇ ਹੁੰਦੇ ਨੇ। ਜਦੋਂ ਉਹ ਪੂਰੀਆਂ ਚੜ੍ਹਦੀਆਂ ਕਲਾਂ ਵਿਚ ਹੁੰਦਾ ਹੈ। ਜਦੋਂ ਉਸ ਪੱਲੇ ਸਿਆਸੀ ਤਾਕਤ ਹੁੰਦੀ ਹੈ। ਜਦੋਂ ਉਹ ਕਿਸੇ ਸਰਕਾਰੀ ਉੱਚੇ ਅਹੁਦੇ ’ਤੇ ਹੁੰਦਾ ਹੈ ਜਾਂ ਫੇਰ ਉਸਦੇ ਦਿਮਾਗ਼ ਨੂੰ ਅਮੀਰ ਅਤੇ ਤਾਕਤਵਰ ਹੋਣ ਦਾ ਨਸ਼ਾ ਚੜ੍ਹਿਆ ਹੋਇਆ ਹੁੰਦਾ ਹੈ। ਜਵਾਨੀ ਦੇ ਦਿਨਾਂ ’ਚ ਵੀ ਬੰਦਾ ਰੱਬ ਨੂੰ ਭੁੱਲ ਬੈਠਦਾ ਹੈ। ਹੰਕਾਰ ਅਤੇ ਹਉਮੈ ਦੇ ਵਹਾਅ ਵਿਚ ਵਹਿ ਕੇ ਮਨੁੱਖ ਆਪਣੇ ਵਿਰੋਧੀਆਂ ਨੂੰ ਨੀਵਾਂ ਅਤੇ ਛੋਟਾ ਵਿਖਾਉਣ ਦੀ ਸੋਚ ਰੱਖਣ ਲੱਗ ਪੈਂਦਾ ਹੈ। ਜਦੋਂ ਉਸ ਦਾ ਕਿਸੇ ਨਾਲ ਵੈਰ ਵਿਰੋਧ ਪੈਦਾ ਹੋ ਜਾਂਦਾ ਹੈ ਜਾਂ ਫੇਰ ਉਸ ਦਾ ਕਿਸੇ ਨਾਲ ਟਕਰਾਅ ਹੋ ਜਾਂਦਾ ਹੈ। ਜਦੋਂ ਉਹ ਆਪਣੇ ਸਾਹਮਣੇ ਵਾਲੇ ਤੋਂ ਬਦਲਾ ਲੈਣ ਦੀ ਗੱਲ ਸੋਚਣ ਲੱਗ ਪੈਂਦਾ ਹੈ।

ਹਿੰਦੀ ਭਾਸ਼ਾ ਦਾ ਮਹਾਨ ਲੇਖਕ ਸੂਰਯ ਕਾਂਤ ਤਿ੍ਰਪਾਠੀ ਨਿਰਾਲਾ ਆਪਣੀ ਇਕ ਪੁਸਤਕ ’ਚ ਲਿਖਦਾ ਹੈ ਕਿ ਜ਼ਿੰਦਗੀ ਦੋ ਦਿਨ ਦੀ ਹੈ, ਇਕ ਦਿਨ ਤੁਹਾਡੇ ਹੱਕ ਵਿਚ ਹੁੰਦਾ ਹੈ ਤੇ ਇਕ ਦਿਨ ਤੁਹਾਡੇ ਵਿਰੁੱਧ, ਜਿਸ ਦਿਨ ਤੁਹਾਡੇ ਹੱਕ ਵਿਚ ਹੋਵੇ ਉਸ ਦਿਨ ਗਰੂਰ ਨਾ ਕਰੋ, ਜਿਸ ਦਿਨ ਤੁਹਾਡੇ ਵਿਰੁੱਧ ਹੋਵੇ, ਉਸ ਦਿਨ ਸਬਰ ਕਰੋਸਿਆਣਾ ਮਨੁੱਖ ਤਾਂ ਉਹ ਹੁੰਦਾ ਹੈ ਜੋ ਕਿਸੇ ਨੂੰ ਨੀਵਾਂ ਵਿਖਾਉਂਦਾ ਨਹੀਂ ਸਗੋਂ ਨੀਵਾਂ ਹੋ ਕੇ ਚੱਲਦਾ ਹੈ। ਨਿਮਰਤਾ, ਬੰਦਗੀ ਅਤੇ ਅਧੀਨਗੀ ਦੀ ਭਾਵਨਾ ਰੱਖਣ ਵਾਲੇ ਲੋਕਾਂ ਵਿਚ ਦੂਜੇ ਨੂੰ ਆਪਣਾ ਬਣਾਉਣ ਦਾ ਗੁਣ ਹੁੰਦਾ ਹੈ ਨਾ ਕਿ ਕਿਸੇ ਨੂੰ ਨੀਵਾਂ ਵਿਖਾਉਣ ਦਾ ਔਗੁਣ ਹੁੰਦਾ ਹੈ। ਨੀਵੇਂ ਬੂਟਿਆਂ ਨੂੰ ਫਲ ਜ਼ਿਆਦਾ ਲੱਗਦੇ ਨੇ। ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਭਾਵਨਾ ਰੱਖਣ ਵਾਲੇ ਲੋਕ ਇਸ ਗੱਲ ਤੋਂ ਬੇਖ਼ਬਰ ਹੁੰਦੇ ਹਨ ਕਿ ਦੂਜੇ ਨੂੰ ਨੀਵਾਂ ਵਿਖਾਉਣ ਦੇ ਚੱਕਰ ਵਿਚ ਮਨੁੱਖ ਆਪਣਾ ਵੀ ਬਹੁਤ ਕੁੱਝ ਗੁਆ ਵਹਿੰਦਾ ਹੈ।

ਜਦੋਂ ਉਹ ਕਿਸੇ ਦੇ ਨਾਲ ਟਕਰਾਅ ਜਾਂ ਵਿਰੋਧ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਉਸਦੀ ਜ਼ਿੰਦਗੀ ਦੇ ਵਿਕਾਸ ਵਿਚ ਖੜੋਤ ਆ ਜਾਂਦੀ ਹੈ ਕਿਉਂ ਕਿ ਉਸ ਦੀ ਜਿਹੜੀ ਤਾਕਤ ਅਤੇ ਸੋਚ ਵਿਕਾਸ ਅਤੇ ਅੱਗੇ ਵਧਣ ਵਿਚ ਲੱਗਣੀ ਹੁੰਦੀ ਹੈ, ਉਸ ਦੀ ਉਹ ਤਾਕਤ ਨਕਾਰਾਤਮਕ ਪਾਸੇ ਵੱਲ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਸਦਾ ਧਿਆਨ ਹਰ ਵੇਲੇ ਆਪਣੇ ਵਿਰੋਧੀ ਨੂੰ ਨੀਵਾਂ ਵਿਖਾਉਣ ਲਈ ਢੰਗ ਤਰੀਕੇ ਲੱਭਣ ਵਿਚ ਲੱਗਿਆ ਰਹਿੰਦਾ ਹੈ। ਮੇਰੇ ਦੋ ਜਾਣਕਾਰ ਬੰਦੇ ਕਿਸੇ ਵੇਲੇ ਬਹੁਤ ਚੰਗੇ ਦੋਸਤ ਸਨ। ਉਹ ਦੋਵੇਂ ਬਹੁਤ ਹੀ ਚੰਗੇ ਵਿਅਕਤੀ ਸਨ। ਉਹ ਦੋਵੇਂ ਸਾਂਝਾ ਵਪਾਰ ਸ਼ੁਰੂ ਕਰ ਬੈਠੇ। ਦੋਹਾਂ ਦੇ ਘਰ ਵਾਲਿਆਂ ਨੇ ਦੋਹਾਂ ਨੂੰ ਬਹੁਤ ਸਮਝਾਇਆ ਕਿ ਉਹ ਇਹ ਕੰਮ ਨਾ ਕਰਨ। ਕਿਸੇ ਦਿਨ ਪੈਸੇ ਨੂੰ ਲੈ ਕੇ ਉਨ੍ਹਾਂ ਵਿਚ ਬਖਾੜਾ ਖੜ੍ਹਾ ਹੋ ਜਾਵੇਗਾ। ਸਾਲ ਤਕ ਤਾਂ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਪਰ ਜਦੋਂ ਮੁਨਾਫ਼ੇ ਨੂੰ ਲੈ ਕੇ ਉਨ੍ਹਾਂ ਦੋਹਾਂ ਵਿਚ ਬਿਗਾੜ ਪੈ ਗਿਆ ਤਾਂ ਉਹ ਦੋਵੇਂ ਇਕ ਦੂਜੇ ’ਤੇ ਇਲਜ਼ਾਮ ਲਾਉਣ ਲੱਗ ਪਏ। ਦੋਵੇਂ ਲੋਕਾਂ ਕੋਲ ਇਕ ਦੂਜੇ ਨੂੰ ਨੀਵਾਂ ਵਿਖਾਉਣ ਲੱਗ ਪਏ। ਨਤੀਜਾ ਓਹੀ ਨਿਕਲਿਆ ਜਿਸ ਦੀ ਆਸ ਸੀ। ਨਾ ਤਾਂ ਦੋਹਾਂ ਦੀ ਦੋਸਤੀ ਰਹੀ। ਵਪਾਰ ਫੇਲ੍ਹ ਹੋ ਗਿਆ। ਜੱਗ ਹਸਾਈ ਵਾਧੂ ਦੀ ਹੋਈ। ਪਛਤਾਵੇ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਹੱਲ ਨਹੀਂ ਸੀ।ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਦੌੜ ਵਿਚ ਦੋਵੇਂ ਧਿਰਾਂ ਤਣਾਅ ਵਿਚ ਰਹਿੰਦਿਆਂ ਹਨ।

ਉਹ ਤਣਾਅ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਾ ਦਿੰਦਾ ਹੈ। ਮਨ ਉਚਾਟ ਰਹਿੰਦਾ ਹੈ। ਕਿਸੇ ਨਾਲ ਗੱਲ ਕਰਨ ਲਈ ਮਨ ਨਹੀਂ ਕਰਦਾ। ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ। ਹਰ ਵੇਲੇ ਮਨ ਵਿਚ ਓਹੀ ਭੰਨ ਘੜ ਚੱਲਦੀ ਰਹਿੰਦੀ ਹੈ। ਵਿਅਕਤੀ ਗੱਲ ਕਿਸੇ ਨਾਲ ਕਰ ਰਿਹਾ ਹੁੰਦਾ ਹੈ ਪਰ ਧਿਆਨ ਉਸ ਦਾ ਆਪਣੇ ਵਿਰੋਧੀ ਵਿਚ ਹੀ ਹੁੰਦਾ ਹੈ। ਇਕ ਪਤੀ ਪਤਨੀ ਦੇ ਸਬੰਧਾਂ ਵਿਚ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਬਿਗੜ ਪੈ ਗਿਆ। ਦੋਵੇਂ ਗਰੂਰ ਅਤੇ ਹਉਮੈ ਦੇ ਭਰੇ ਹੋਏ ਸਨ। ਕੋਈ ਵੀ ਇਕ ਦੂਜੇ ਦੀ ਗੱਲ ਸੁਣਨ ਅਤੇ ਮੰਨਣ ਲਈ ਤਿਆਰ ਨਹੀਂ ਸੀ। ਦੋਵੇਂ ਇਕ ਦੂਜੇ ਵਿਚ ਨੁਕਸ ਕੱਢਕੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਦੌੜ ਵਿਚ ਸਨ। ਕੁੜੀ ਆਪਣੇ ਪੇਕੇ ਜਾ ਬੈਠੀ। ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਗਿਆ। ਕੋਈ ਕੁੜੀ ਨੂੰ ਮਾੜਾ ਕਹੇ, ਕੋਈ ਮੁੰਡੇ ਨੂੰ। ਕੁੜੀ ਸੁੱਕ ਕੇ ਤੀਲ੍ਹਾ ਹੋ ਗਈ, ਮੁੰਡਾ ਪਾਗਲਾਂ ਵਾਂਗ ਲੱਗਣ ਲੱਗ ਪਿਆ। ਵਿਚੋਲੇ ਨੇ ਦੋਹਾਂ ਨੂੰ ਬੈਠਕੇ ਸਮਝਾਇਆ।

ਕੁੜੀ ਆਪਣੇ ਸਹੁਰੇ ਘਰ ਤਾਂ ਆ ਗਈ ਪਰ ਦੋਹਾਂ ਦੇ ਇਕ ਦੂਜੇ ਵੱਲ ਮੂੰਹ ਹੋਣ ਦੀ ਬਜਾਏ ਪਿੱਠਾਂ ਹੀ ਰਹੀਆਂ। ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਪ੍ਰਵਿਰਤੀ ਰੱਖਣ ਵਾਲੇ ਲੋਕਾਂ ਦਾ ਸੁਭਾਅ ਜ਼ਿੱਦੀ, ਖੁੰਦਕੀ, ਅੜੀਅਲ ਅਤੇ ਪੰਗੇਬਾਜ਼ੀ ਵਾਲਾ ਹੋ ਜਾਂਦਾ ਹੈ। ਸਮਾਜ ਦੇ ਲੋਕਾਂ ਦੀ ਨਜ਼ਰ ਵਿਚ ਉਨ੍ਹਾਂ ਦਾ ਬਹੁਤਾ ਵਕਾਰ ਵੀ ਨਹੀਂ ਰਹਿੰਦਾ। ਉਹ ਦੂਜਿਆਂ ਦੀ ਆਲੋਚਨਾ ਦਾ ਪਾਤਰ ਵੀ ਬਣ ਜਾਂਦਾ ਹੈ। ਕਈ ਵੇਰ ਦੂਜਿਆਂ ਨੂੰ ਨੀਵਾਂ ਵਿਖਾਉਣ ਦੇ ਚੱਕਰ ਵਿਚ ਉਹ ਆਪਣਾ ਨੁਕਸਾਨ ਕਰਵਾ ਬੈਠਦਾ ਹੈ, ਜਿਸ ਦਾ ਉਸ ਨੂੰ ਉਮਰ ਭਰ ਲਈ ਪਛਤਾਵਾ ਰਹਿੰਦਾ ਹੈ। ਇਕ ਜਥੇਬੰਦੀ ਦੇ ਆਗੂ ਦੇ ਦਿਮਾਗ਼ ਨੂੰ ਪ੍ਰਧਾਨਗੀ ਦਾ ਨਸ਼ਾ ਚੜ੍ਹਿਆ ਰਿਹਾ। ਨੌਕਰੀ ਦੇ ਸਾਰੇ ਸਾਲ ਅਫਸਰਾਂ ਨੂੰ ਨੀਵਾਂ ਵਿਖਾਉਣ ਵਿਚ ਲੰਘਾ ਦਿੱਤੇ ਪਰ ਉਸ ਫਤੂਰ ਵਿਚ ਉਸ ਨੇ ਕੀ ਕੁੱਝ ਗੁਆਇਆ, ਇਸ ਗੱਲ ਦਾ ਉਸ ਨੂੰ ਉਦੋਂ ਅਹਿਸਾਸ ਹੋਇਆ ਜਦੋਂ ਉਸਦਾ ਕੋਈ ਵੀ ਬੱਚਾ ਨਾ ਤਾਂ ਚੰਗੀ ਤਰ੍ਹਾਂ ਪੜ੍ਹ ਸਕਿਆ ਤੇ ਨਾ ਹੀ ਕਿਸੇ ਰੋਜ਼ਗਾਰ ’ਤੇ ਲੱਗ ਸਕਿਆ। ਜਿਹੜੇ ਉਸ ਨੂੰ ਚਪਰਾ-ਚਪਰਾ ਕੇ ਉਸਦੇ ਅਫਸਰਾਂ ਦੇ ਗਲ ਪੁਆਉਂਦੇ ਹੁੰਦੇ ਸਨ, ਅੱਜ ਉਹ ਉਸਦਾ ਮਜ਼ਾਕ ਉਡਾ ਰਹੇ ਹਨ।

ਨਿਭ ਕੇ ਅਤੇ ਮਿਲ ਕੇ ਚੱਲਣ ਵਾਲੇ ਲੋਕ ਦੂਜਿਆਂ ਦੇ ਦਿਲਾਂ ਨੂੰ ਜਿੱਤ ਲੈਂਦੇ ਹਨ ਪਰ ਆਕੜ ਖੋਰ ਬੰਦੇ ਲੋਕਾਂ ਦੇ ਮਨਾਂ ਤੋਂ ਉਤਰ ਜਾਂਦੇ ਹਨ। ਉਨ੍ਹਾਂ ਨੂੰ ਕੋਈ ਵੀ ਵਿਅਕਤੀ ਮੂੰਹ ਲਗਾਉਣ ਲਈ ਤਿਆਰ ਨਹੀਂ ਹੁੰਦਾ। ਜਿਸ ਘਰ ਵਿਚ ਸੱਸ ਅਤੇ ਨੂੰਹ ਦੋਵੇਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਸੋਚ ਰੱਖਦੀਆਂ ਹੋਣ, ਉਸ ਘਰ ਵਿਚ ਹਰ ਵੇਲੇ ਭਾਂਡੇ ਖੜਕਦੇ ਰਹਿੰਦੇ ਹਨ। ਉਸ ਘਰ ਵਿਚ ਕਦੇ ਵੀ ਸੁੱਖ ਸ਼ਾਂਤੀ ਦਾ ਮਾਹੌਲ ਨਹੀਂ ਰਹਿ ਸਕਦਾ। ਜਿਨ੍ਹਾਂ ਅਦਾਰਿਆਂ ਵਿਚ ਗੁਸੈਲੇ, ਪੁਆੜੇ ਪਾਉਣ ਵਾਲੇ, ਆਕੜ ਖੋਰ, ਖੁੰਦਕੀ ਅਤੇ ਪੰਗੇਬਾਜ਼ ਕਰਮਚਾਰੀ ਹੁੰਦੇ ਹਨ ਉਨ੍ਹਾਂ ਅਦਾਰਿਆਂ ਵਿਚ ਹਰ ਵੇਲੇ ਲੜਾਈ ਝਗੜੇ ਦਾ ਮਾਹੌਲ ਰਹਿੰਦਾ ਹੈ। ਕੋਈ ਵੀ ਸ਼ਾਂਤੀ ਪਸੰਦ ਕਰਮਚਾਰੀ ਉਨ੍ਹਾਂ ਅਦਾਰਿਆਂ ਵਿਚ ਰਹਿਣਾ ਪਸੰਦ ਨਹੀਂ ਕਰਦਾ। ਜਦੋਂ ਦੋ ਵਿਅਕਤੀਆਂ ਵਿਚ ਟਕਰਾਅ ਚੱਲ ਰਿਹਾ ਹੁੰਦਾ ਹੈ, ਦੋਵਾਂ ਵਿਚ ਇਕ ਦੂਜੇ ਨੂੰ ਨੀਵਾਂ ਪਾਉਣ ਦਾ ਦੌਰ ਚੱਲ ਰਿਹਾ ਹੁੰਦਾ ਹੈ ਤਾਂ ਲੋਕ ਉਨ੍ਹਾਂ ਨੂੰ ਇਕ ਦੂਜੇ ਦੇ ਵਿਰੁੱਧ ਚੁੱਕਦੇ ਰਹਿੰਦੇ ਹਨ। ਉਨ੍ਹਾਂ ਦੇ ਵੈਰ ਵਿਰੋਧ ਨੂੰ ਘਟਾਉਣ ਦੀ ਬਜਾਏ ਵਧਾਉਂਦੇ ਰਹਿੰਦੇ ਹਨ। ਦੂਜਿਆਂ ਨੂੰ ਨੀਵਾਂ ਵਿਖਾਉਣ ਤੋਂ ਪਹਿਲਾਂ ਜੇਕਰ ਮਨੁੱਖ ਥੋੜ੍ਹਾ ਤਹੱਮਲ ਨਾਲ ਇਹ ਸੋਚ ਲਵੇ ਕਿ ਇਸ ਵਿਚ ਉਸ ਦਾ ਨੁਕਸਾਨ ਅਤੇ ਨਫ਼ਾ ਕੀ ਹੈ ਤਾਂ ਉਸ ਦਾ ਵਿਚਾਰ ਬਦਲ ਸਕਦਾ ਹੈ।

—–ਵਿਜੈ ਕੁਮਾਰ

Leave a Reply

Your email address will not be published. Required fields are marked *