ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ 118 ਸਾਲ ਦੀ ਉਮਰ ‘ਚ ਦੇਹਾਂਤ

ਟੂਲਾਨ : ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਹਿਲਾ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਰੈਂਡਨ ਨੂੰ ਸਿਸਟਰ ਆਂਦਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 11 ਫਰਵਰੀ 1904 ਨੂੰ ਦੱਖਣੀ ਫਰਾਂਸ ਵਿਚ ਹੋਇਆ ਸੀ। ਜਿਸ ਸਮੇਂ ਲੂਸਿਲ ਰੈਂਡਨ ਦਾ ਜਨਮ ਹੋਇਆ ਸੀ ਉਸ ਸਮੇਂ ਪਹਿਲੇ ਵਿਸ਼ਵ ਯੁੱਧ ਨੂੰ ਹੋਣ ਵਿਚ ਲਗਭਗ 10 ਸਾਲ ਦਾ ਸਮਾਂ ਸੀ। ਲੂਸਿਲ ਰੈਂਡਨ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਬੁਲਾਰੇ ਡੇਵਿਡ ਤਾਵੇਲਾ ਨੇ ਦੱਸਿਆ ਕਿ ਟੂਲਾਨ ਵਿਚ ਉਨ੍ਹਾਂ ਦੇ ਨਰਸਿੰਗ ਹੋਮ ਵਿਚ ਨੀਂਦ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਸੇਂਟ ਕੈਥਰੀਨ ਲੇਬਰ ਨਰਸਿੰਗ ਹੋਮ ਦੀ ਤਾਵੇਲਾ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ‘ਬਹੁਤ ਦੁੱਖ ਹੈ ਪਰ ਇਹ ਉਸ ਦੀ ਆਪਣੇ ਭਰਾ ਨਾਲ ਜੁੜਨ ਦੀ ਇੱਛਾ ਸੀ, ਉਸ ਲਈ ਇਹ ਇਕ ਮੁਕਤੀ ਹੈ। ਲੂਸਿਲ ਰੈਂਡਨ ਦੇ ਜਨਮ ਬਾਰੇ ਕਈ ਰੌਚਕ ਚੀਜ਼ਾਂ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਵੀ ਹੋਵੇਗੀ। ਦੱਸ ਦੇਈਏ ਕਿ ਲੂਸਿਲ ਰੈਂਡਨ ਦਾ ਜਨਮ ਜਿਸ ਸਾਲ ਹੋਇਆ ਸੀ ਉਸੇ ਸਾਲ ਨਿਊਯਾਰਕ ਨੇ ਆਪਣਾ ਪਹਿਲਾ ਸਬਵੇ ਖੋਲ੍ਹਿਆ ਸੀ। ਇਹੀ ਨਹੀਂ ਉਨ੍ਹਾਂ ਦੇ ਜਨਮ ਦੇ ਸਮੇਂ ਟੂਰ ਡੀ ਫਰਾਂਸ ਦਾ ਮੰਚਨ ਵੀ ਸਿਰਫ ਇਕ ਵਾਰ ਕੀਤਾ ਗਿਆ ਸੀ। ਲੂਸਿਲ ਰੈਂਡਨ ਦੱਖਣ ਸ਼ਹਿਰ ਏਲਸ ਦੇ ਇਕ ਪਰਿਵਾਰ ਵਿਚ ਪਲੀ-ਵਧੀ। ਉਹ ਆਪਣੇ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। 116 ਸਾਲ ਦੀ ਉਮਰ ਵਿਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀਆਂ ਸਭ ਤੋਂ ਪਿਆਰੀ ਯਾਦਾਂ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿਚ ਉਨ੍ਹਾਂ ਦੇ ਦੋ ਭਰਾਵਾਂ ਦੀ ਵਾਪਸੀ ਉਨ੍ਹਾਂ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਵਿਚੋਂ ਇਕ ਸੀ। ਜਾਪਾਨ ਦੀ ਕੇਨ ਤਨਾਕਾ ਦੀ ਪਿਛਲੇ ਸਾਲ 119 ਸਾਲ ਦੀ ਉਮਰ ਵਿਚ ਮੌਤ ਤੋਂ ਪਹਿਲਾਂ ਸਿਸਟਰ ਲੂਸਿਲ ਨੂੰ ਸਭ ਤੋਂ ਬਜ਼ੁਰਗ ਯੂਰਪੀ ਵਜੋਂ ਲੰਮੇ ਸਮੇਂ ਤੱਕ ਰੱਖਿਆ ਗਿਆ ਪਰ ਕੇਨ ਤਨਾਕਾ ਦੀ ਮੌਤ ਤੋਂ ਬਾਅਦ ਉਹ ਧਰਤੀ ‘ਤੇ ਸਭ ਤੋਂ ਲੰਮੇ ਸਮੇਂ ਤੱਕ ਜੀਵਤ ਰਹਿਣ ਵਾਲੀ ਮਹਿਲਾ ਬਣ ਗਈ। ਗਿਨੀਜ਼ ਵਰਲਡ ਰਿਕਾਰਡਸ ਨੇ ਅਧਿਕਾਰਕ ਤੌਰ ‘ਤੇ ਅਪ੍ਰੈਲ 2022 ਵਿਚ ਇਸ ਨੂੰ ਮਨਜ਼ੂਰ ਕੀਤਾ ਸੀ।

Leave a Reply

Your email address will not be published. Required fields are marked *