ਦੁਨੀਆਂ ਭਰ ਚ, ਡੈਲਟਾ ਵੈਰੀਐਂਟ ਨੂੰ ਪਿਛਾੜ ਰਿਹਾ ਓਮੀਕ੍ਰੋਨ

Home » Blog » ਦੁਨੀਆਂ ਭਰ ਚ, ਡੈਲਟਾ ਵੈਰੀਐਂਟ ਨੂੰ ਪਿਛਾੜ ਰਿਹਾ ਓਮੀਕ੍ਰੋਨ
ਦੁਨੀਆਂ ਭਰ ਚ, ਡੈਲਟਾ ਵੈਰੀਐਂਟ ਨੂੰ ਪਿਛਾੜ ਰਿਹਾ ਓਮੀਕ੍ਰੋਨ

ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੈਰੀਐਂਟ, ਡੈਲਟਾ ਵੈਰੀਐਂਟ ਤੋਂ ਤੇਜ਼ੀ ਨਾਲ ਨਾਲ ਅੱਗੇ ਨਿਕਲ ਰਿਹਾ ਹੈ ਤੇ ਪੂਰੀ ਦੁਨੀਆ ’ਚ ਇਸ ਕਿਸਮ ਦੀ ਇਨਫੈਕਸ਼ਨ ਦੇ ਮਾਮਲੇ ਹੁਣ ਜ਼ਿਆਦਾ ਸਾਹਮਣੇ ਆ ਰਹੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਕੌਮਾਂਤਰੀ ਸਿਹਤ ਏਜੰਸੀ ਦੇ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਗੱਲ ਦੇ ਸਬੂਤ ਵੱਧ ਰਹੇ ਹਨ ਕਿ ਓਮੀਕ੍ਰੋਨ ਪ੍ਰਤੀ-ਰੱਖਿਆ ਸ਼ਕਤੀ ਤੋਂ ਬਚ ਕੇ ਨਿਕਲ ਸਕਦਾ ਹੈ ਪਰ ਹੋਰ ਕਿਸਮਾਂ ਦੇ ਮੁਕਾਬਲੇ ਇਸ ਨਾਲ ਬਿਮਾਰੀ ਦੀ ਗੰਭੀਰਤਾ ਘੱਟ ਹੈ। ਡਬਲਯੂਐੱਚਓ ’ਚ ਇਨਫੈਕਸ਼ਨ ਰੋਗ ਮਹਾਮਾਰੀ ਵਿਗਿਆਨੀ ਤੇ ‘ਕੋਵਿਡ-19 ਟੈਕੀਨਕਲ ਲੀਡ’ ਮਾਰੀਆ ਵਾਨ ਕੇਰਖੋਵ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਦੇਸ਼ਾਂ ’ਚ ਓਮੀਕ੍ਰੋਨ ਨੂੰ ਡੈਲਟਾ ’ਤੇ ਹਾਵਈ ਹੋਣ ’ਚ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਉਨ੍ਹਾਂ ਦੇਸ਼ਾਂ ’ਚ ਡੈਲਟਾ ਦੇ ਪ੍ਰਸਾਰ ਦੇ ਪੱਧਰ ’ਤੇ ਨਿਰਭਰ ਕਰੇਗਾ।

ਕੇਰਖੋਵ ਨੇ ਆਨਲਾਈਨ ਸਵਾਲ-ਜਵਾਬ ਸੈਸ਼ਨ ਦੌਰਾਨ ਕਿਹਾ ਕਿ ਓਮੀਕ੍ਰੋਨ ਉਨ੍ਹਾਂ ਸਾਰੇ ਦੇਸ਼ਾਂ ’ਚ ਮਿਲਿਆ ਹੈ ਜਿੱਥੇ ਜੀਨੋਮ ਸੀਕਵੈਂਸਿੰਗ ਦੀ ਤਕਨੀਕ ਚੰਗੀ ਹੈ ਤੇ ਮੁਮਕਿਨ ਹੈ ਕਿ ਇਹ ਦੁਨੀਆ ਦੇ ਸਾਰੇ ਦੇਸ਼ਾਂ ’ਚ ਮੌਜੂਦ ਹੈ। ਫੈਲਣ ਦੇ ਲਿਹਾਜ ਨਾਲ ਇਹ ਬਹੁਤ ਤੇਜ਼ੀ ਨਾਲ ਡੈਲਟਾ ਤੋਂ ਅੱਗੇ ਨਿਕਲ ਰਿਹਾ ਹੈ। ਇਸ ਕਾਰਨ ਇਹ ਹਾਵੀ ਹੋਣ ਵਾਲਾ ਵੈਰੀਐਂਟ ਬਣ ਰਿਹਾ ਹੈ। ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਇਸ ਬਾਰੇ ਵੀ ਚਿਤਾਵਨੀ ਦਿੱਤੀ ਕਿ ਡੈਲਟਾ ਦੇ ਮੁਕਾਬਲੇ ਭਾਵੇਂ ਓਮੀਕ੍ਰੋਨ ਨਾਲ ਬਿਮਾਰੀ ਦੇ ਘੱਟ ਗੰਭੀਰ ਹੋਣ ਬਾਰੇ ਕੁਝ ਜਾਣਕਾਰੀਆਂ ਹਨ ਪਰ ਇਹ ਹਲਕੀ ਬਿਮਾਰੀ ਨਹੀਂ ਹੈ। ਓਮੀਕ੍ਰੋਨ ਕਾਰਨ ਵੀ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਨੌਬਤ ਆ ਰਹੀ ਹੈ।

ਇਕ ਹਫ਼ਤੇ ’ਚ ਵਧੇ 55 ਫ਼ੀਸਦੀ ਮਾਮਲੇ

ਡਬਲਯੂਐੱਚਓ ਵੱਲੋਂ ਜਾਰੀ ਕੋਰੋਨਾ ਹਫ਼ਤਾਵਾਰੀ ਮਹਾਮਾਰੀ ਅੰਕਡ਼ਿਆਂ ਮੁਤਾਬਕ ਤਿੰਨ ਤੋਂ ਨੌਂ ਜਨਵਰੀ ਵਾਲੇ ਹਫ਼ਤੇ ’ਚ ਵਿਸ਼ਵ ਭਰ ’ਚ ਕੋਵਿਡ ਦੇ 1.5 ਕਰੋਡ਼ ਨਵੇਂ ਮਾਮਲੇ ਸਾਹਮਣੇ ਆਏ ਜੋ ਉਸ ਤੋਂ ਪਹਿਲਾਂ ਦੇ ਹਫ਼ਤੇ ਦੇ ਮੁਕਾਬਲੇ ’ਚ 55 ਫ਼ੀਸਦੀ ਹਨ, ਜਦੋਂ ਲਗਪਗ 95 ਲੱਖ ਮਾਮਲੇ ਆਏ ਸਨ। ਪਿਛਲੇ ਹਫ਼ਤੇ ਲਗਪਗ 43000 ਮਰੀਜ਼ਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ। ਨੌਂ ਜਨਵਰੀ ਤਕ ਕੋਰੋਨਾ ਦੇ 30.40 ਕਰੋਡ਼ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਸਨ ਤੇ 54 ਲੱਖ ਤੋਂ ਵੱਧ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਚੁੱਕੀ ਸੀ।

Leave a Reply

Your email address will not be published.