ਦੀਵਾਲੀ ਦਾ ਤੋਹਫ਼ਾ – ਡੀਜ਼ਲ 10 ਤੇ ਪੈਟਰੋਲ 5 ਰੁਪਏ ਸਸਤਾ

ਨਵੀਂ ਦਿੱਲੀ / ਦਬਾਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੈਟਰੋਲ ‘ਤੇ 5 ਰੁਪਏ ਅਤੇ ਡੀਜ਼ਲ ‘ਤੇ 10 ਰੁਪਏ ਦੀ ਐਕਸਾਈਜ਼ ਡਿਊਟੀ ‘ਚ ਕਟੌਤੀ ਕੀਤੀ ਹੈ ।

ਐਕਸਾਈਜ਼ ਡਿਊਟੀ ‘ਚ ਇਹ ਕਟੌਤੀ 4 ਨਵੰਬਰ ਤੋਂ ਲਾਗੂ ਹੋਵੇਗੀ ਤੇ ਇਸ ਨਾਲ ਦਿੱਲੀ ‘ਚ ਪੈਟਰੋਲ ਦੀ ਕੀਮਤ ਮੌਜੂਦਾ 110[04 ਰੁਪਏ ਤੋਂ ਘਟ ਕੇ 105[04 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 98[42 ਰੁਪਏ ਚੋਂ ਘਟ ਕੇ 88[42 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ । ਸਰਕਾਰ ਨੇ ਇਹ ਫ਼ੈਸਲਾ ਤੇਲ ਦੀਆਂ ਰਿਕਾਰਡ ਪੱਧਰ ‘ਤੇ ਪੁੱਜੀਆਂ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਕੀਤਾ ਹੈ । ਇਹ ਐਲਾਨ ਦੀਵਾਲੀ ਦੀ ਪੂਰਬਲੀ ਸ਼ਾਮ ਨੂੰ ਕੀਤਾ ਗਿਆ ਹੈ । ਇਸ ਨਾਲ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ‘ਚ ਕਮੀ ਆਵੇਗੀ ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਕੁਝ ਰਾਹਤ ਮਿਲੇਗੀ । ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਕੱਲ੍ਹ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰੀ ਐਕਸਾਈਜ਼ ਡਿਊਟੀ ਨੂੰ ਘੱਟ ਕਰਨ ਦਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ । ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਵੀ ਕਿਸਾਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਆਰਥਿਕ ਵਿਕਾਸ ਦੀ ਗਤੀ ਨੂੰ ਬਣਾਈ ਰੱਖਿਆ ਅਤੇ ਡੀਜ਼ਲ ‘ਤੇ ਐਕਸਾਈਜ਼ ‘ਚ ਭਾਰੀ ਕਮੀ ਆਉਣ ਵਾਲੇ ਰਬੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਹੁਲਾਰਾ ਦੇਵੇਗੀ ।

ਇਹ ਐਕਸਾਈਜ਼ ਡਿਊਟੀ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਅਤੇ ਮਾਰਚ 2020 ਅਤੇ ਮਈ 2020 ਦਰਮਿਆਨ ਪੈਟਰੋਲ ਅਤੇ ਡੀਜ਼ਲ ‘ਤੇ ਲਾਏ ਕਰਾਂ ‘ਚ 13 ਰੁਪਏ ਅਤੇ 16 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਇਕ ਹਿੱਸਾ ਵਾਪਸ ਲਿਆ ਗਿਆ ਹੈ । ਐਕਸਾਈਜ਼ ਡਿਊਟੀ ‘ਚ ਉਸ ਵਾਧੇ ਨਾਲ ਪੈਟਰੋਲ ‘ਤੇ ਕੇਂਦਰੀ ਕਰ 32[9 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 31[8 ਰੁਪਏ ਪ੍ਰਤੀ ਲੀਟਰ ਦਾ ਉਚਤਮ ਵਾਧਾ ਹੋ ਗਿਆ ਸੀ । ਬਿਆਨ ‘ਚ ਕਿਹਾ ਗਿਆ ਹੈ ਕਿ ਰਾਜਾਂ ਨੂੰ ਵੀ ਉਪਭੋਗਤਾ ਨੂੰ ਰਾਹਤ ਦੇਣ ਲਈ ਉਸੇ ਅਨੁਸਾਰ ਵੈਟ ਘੱਟ ਕਰਨ ਲਈ ਕਿਹਾ ਗਿਆ ਹੈ । ਇਹ ਕਮੀ ਅੰਤਰਰਾਸ਼ਟਰੀ ਤੇਲ ਕੀਮਤਾਂ ‘ਚ ਲਗਾਤਾਰ ਵਾਧੇ ਦੇ ਬਾਅਦ ਕੀਤੀ ਗਈ ਹੈ । ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਈ ਰਾਜਾਂ ਜਿਨ੍ਹਾਂ ‘ਚ ਉੱਤਰ ਪ੍ਰਦੇਸ਼, ਮਨੀਪੁਰ, ਤਿ੍ਪੁਰਾ, ਆਸਾਮ, ਕਰਨਾਟਕ, ਗੋਆ, ਸਿੱਕਮ, ਗੁਜਰਾਤ, ਉੱਤਰਾਖੰਡ ਸ਼ਾਮਿਲ ਹਨ, ਨੇ ਪੈਟਰੋਲ-ਡੀਜ਼ਲ ‘ਤੇ ਆਪਣੀਆਂ ਵੈਟ ਦਰਾਂ ਘਟਾ ਦਿੱਤੀਆਂ ਜਿਸ ਨਾਲ ਸੰਬੰਧਿਤ ਸੂਬਿਆਂ ਦੇ ਲੋਕਾਂ ਨੂੰ ਸਸਤਾ ਤੇਲ ਮਿਲੇਗਾ ।

Leave a Reply

Your email address will not be published. Required fields are marked *