ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ

Home » Blog » ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ
ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ

ਵਾਸ਼ਿੰਗਟਨ/ਨਵੀਂ ਦਿੱਲੀ / ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਵਿਚ ਆਪਣੇ ਨਾਗਰਿਕਾਂ ਲਈ ਇਕ ਸੁਰੱਖਿਆ ਅਲਰਟ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੂੰ ਨਵੀਂ ਦਿੱਲੀ ਵਿਚ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ, ਭੀੜ ਅਤੇ ਪ੍ਰਦਰਸ਼ਨਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਕਿਸਾਨ ਯੂਨੀਅਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ ਦੌਰਾਨ ਜੰਤਰ-ਮੰਤਰ ’ਤੇ ਇਕ ‘ਕਿਸਾਨ ਸੰਸਦ’ ਦਾ ਆਯੋਜਨ ਕਰਨਗੇ ਅਤੇ 22 ਜੁਲਾਈ ਤੋਂ ਰੋਜ਼ਾਨਾ ਸਿੰਘੂ ਬਾਰਡਰ ਤੋਂ 200 ਪ੍ਰਦਰਸ਼ਨਕਾਰੀ ਉਥੇ ਪਹੁੰਣਗੇ। ਦੂਤਾਵਾਸ ਨੇ ਬੁੱਧਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ, ‘ਅਮਰੀਕੀ ਦੂਤਾਵਾਸ 21 ਅਤੇ 22 ਜੁਲਾਈ ਨੂੰ ਕਿਸਾਨਾਂ ਵੱਲੋਂ ਨਵੀਂ ਦਿੱਲੀ ਅਤੇ ਉਸ ਦੇ ਆਸ-ਪਾਸ ਸੰਭਾਵਿਤ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਤੋਂ ਜਾਣੂ ਹੈ। ਪਹਿਲਾਂ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਹਿੰਸਾ ਹੋਈ ਹੈ।’ ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਅਤੇ ਉਸ ਦੇ ਆਸ-ਪਾਸ ਸੜਕਾਂ ’ਤੇ ਪੁਲਸ, ਵਾਧੂ ਚੌਕੀਆਂ ਅਤੇ ਅਣਪਛਾਤੇ ਪ੍ਰਦਰਸ਼ਨਕਾਰੀ ਹੋ ਸਕਦੇ ਹਨ।

ਇਸ ਵਿਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੰਸਦ ਸਮੇਤ ਮਹੱਤਵਪੂਰਨ ਖੇਤਰਾਂ, ਭੀੜ, ਪ੍ਰਦਰਸ਼ਨਾਂ ਤੋਂ ਬਚਣ, ਆਪਣੀ ਵਿਅਕਤੀਗਤ ਸੁਰੱਖਿਆ ਯੋਜਨਾਵਾਂ ਦੀ ਸਮੀਖਿਆ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਹੁਕਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਉਹ 22 ਜੁਲਾਈ ਤੋਂ ਮਾਨਸੂਨ ਸੈਸ਼ਨ ਖ਼ਤਮ ਹੋਣ ਤੱਕ ‘ਕਿਸਾਨ ਸੰਸਦ’ ਆਯੋਜਿਤ ਕਰਨਗੇ ਅਤੇ 200 ਪ੍ਰਦਰਸ਼ਨਕਾਰੀ ਹਰ ਦਿਨ ਜੰਤਰ-ਮੰਤਰ ਜਾਣਗੇ। ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਅਤੇ 13 ਅਗਸਤ ਨੂੰ ਖ਼ਤਮ ਹੋਵੇਗਾ। ਜ਼ਿਕਰਯੋਗ ਹੈ ਕਿ 3 ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨ ਸੰਗਠਨਾਂ ਦੀਆਂ ਮੰਗਾਂ ਨੂੰ ਉਜਾਗਰ ਕਰਨ ਲਈ 26 ਜਨਵਰੀ ਨੂੰ ਆਯੋਜਿਤ ਟਰੈਕਟਰ ਪਰੇਡ ਰਾਜਧਾਨੀ ਦੀਆਂ ਸੜਕਾਂ ’ਤੇ ਹਿੰਸਕ ਹੋ ਗਈ ਸੀ, ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਸਨ, ਪੁਲਸ ਨਾਲ ਭਿੜ ਗਏ ਸਨ ਅਤੇ ਲਾਲ ਕਿਲ੍ਹੇ ’ਤੇ ਇਕ ਧਾਰਮਿਕ ਝੰਡਾ ਲਹਿਰਾਇਆ ਗਿਆ ਸੀ।

Leave a Reply

Your email address will not be published.