ਦਿਲੀਪ ਕੁਮਾਰ: ਇਕ ਯੁੱਗ ਦਾ ਅੰਤ

Home » Blog » ਦਿਲੀਪ ਕੁਮਾਰ: ਇਕ ਯੁੱਗ ਦਾ ਅੰਤ
ਦਿਲੀਪ ਕੁਮਾਰ: ਇਕ ਯੁੱਗ ਦਾ ਅੰਤ

ਦਿਲੀਪ ਕੁਮਾਰ ਇਸ ਜਹਾਨ ਵਿਚ ਨਹੀਂ ਰਿਹਾ। ਉਸ ਨੇ ਜਾਣਾ ਹੀ ਸੀ। ਜਿਸਮ ਤੇ ਜ਼ਿਹਨ ਪਿਛਲੇ ਪੰਜ ਵਰ੍ਹਿਆਂ ਤੋਂ ਜਰਜਰ ਹੋ ਰਹੇ ਸਨ।

ਕਾਲ ਦਾ ਪਰਛਾਵਾਂ ਉਸ ਦੇ ਆਸ-ਪਾਸ ਦਿਸਣ ਲੱਗਾ ਸੀ। ਉਸ ਦੇ ਹਸਪਤਾਲ ਜਾਣ ਅਤੇ ਉੱਥੋਂ ਬਾਹਰ ਆਉਣ ਦੀਆਂ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਨੂੰ ਤਕਲੀਫ਼ ਦੇਣ ਲੱਗੀਆਂ ਸਨ। ਉਹ ਉਸ ਦੇ ਸੁਨੱਖੇ, ਨਫ਼ੀਸ, ਖੁਸ਼ਮਿਜ਼ਾਜ ਅਕਸ ਨਾਲ ਮੇਲ ਨਹੀਂ ਸੀ ਖਾਂਦੀਆਂ। ਪੰਜ ਦਹਾਕਿਆਂ ਤੋਂ ਵੱਧ ਸਮਾਂ ਉਹ ਦਿਲਕਸ਼ ਤੇ ਦਿਲਫ਼ਰੇਬ ਅਦਾਕਾਰ ਵਜੋਂ ਵਿਚਰਦਾ ਰਿਹਾ। ਹੀਰੋ ਦੇ ਤੌਰ ’ਤੇ ਲੰਮੀ ਉਮਰ ਹੰਢਾਉਣ ਵਾਲਾ। ਫਿਰ ਪਿਤਾ-ਦਾਦੇ ਦੀਆਂ ਭੂਮਿਕਾਵਾਂ ਵਿਚ ਹੀਰੋ ਨਾਲੋਂ ਵੱਧ ਸਕਰੀਨ ਸਮਾਂ ਲੈਣ ਵਾਲਾ। ਕਿਰਦਾਰ ਮੁਤਾਬਿਕ ਆਪਣੇ ਜਿਸਮ, ਜਾਨ ਤੇ ਲਹਿਜੇ ਨੂੰ ਢਾਲਣ ਵਾਲਾ। ਹਰ ਦ੍ਰਿਸ਼ ਦਾ ਦਰਜਨਾਂ ਵਾਰ ਅਭਿਆਸ ਕਰਨ ਦੇ ਬਾਵਜੂਦ ਸਕਰੀਨ ਉੱਪਰ ਸੁਭਾਵਿਕਤਾ ਦੇਣ ਵਾਲਾ। ਹਰ ਫਿਲਮ ਰਾਹੀਂ ਅਦਾਕਾਰੀ ਦੀ ਛਾਪ ਛੱਡਣ ਵਾਲਾ। ਉਹ ਨਸਲ ਪੱਖੋਂ ਪਠਾਣ ਤੇ ਸੁਭਾਅ ਪੱਖੋਂ ਪੰਜਾਬੀ ਸੀ। ਸੂਬਾ ਸਰਹੱਦ ਬ੍ਰਿਟਿਸ਼ ਹਕੂਮਤ ਨੇ ਪੰਜਾਬ ਨੂੰ ਛਾਂਗ ਕੇ ਭਾਵੇਂ 1902 ’ਚ ਬਣਾ ਦਿੱਤਾ ਸੀ ਪਰ ਇਸ ਦੀ ਰਾਜਧਾਨੀ ਪਿਸ਼ਾਵਰ ਸੁਭਾਅ ਤੇ ਸੁਹਜ ਪੱਖੋਂ ਪੰਜਾਬੀ ਸੀ।

1922 ਵਿਚ ਮੁਹੰਮਦ ਯੂਸੁਫ਼ ਖ਼ਾਨ ਉਰਫ਼ ਦਿਲੀਪ ਕੁਮਾਰ ਇਸੇ ਸ਼ਹਿਰ ਵਿਚ ਪੈਦਾ ਹੋਇਆ। ਪਿਤਾ ਫਲਾਂ ਦਾ ਵਪਾਰੀ ਸੀ। ਬਹੁਤਾ ਕਾਰੋਬਾਰ ਬੰਬਈ ਵਿਚ ਸੀ। ਲਿਹਾਜ਼ਾ, ਯੂਸੁਫ਼ ਦੀ ਪਰਵਰਿਸ਼ ਵੀ ਬੰਬਈ ਵਿਚ ਹੋਈ ਪਰ ਪੜ੍ਹਾਈ ਦਿEਵਾਲੀ (ਜ਼ਿਲ੍ਹਾ ਨਾਸਿਕ) ਵਿਚ। ਬੰਬਈ ਵਿਚ ਗ੍ਰੈਜੂਏਸ਼ਨ ਦੌਰਾਨ ਹੀਰੋ ਬਣਨ ਦੇ ਸੁਪਨੇ ਸੰਜੋਣੇ ਸ਼ੁਰੂ ਕਰ ਦਿੱਤੇ। ਇਹ ਪੂਰੇ ਹੋਏ ਬੰਬੇ ਟਾਕੀਜ਼ ਦੀ ਮਾਲਕਣ ਦੇਵਿਕਾ ਰਾਣੀ ਨਾਲ ਮੁਲਾਕਾਤ ਰਾਹੀਂ। 1944 ਵਿਚ ‘ਜਵਾਰ ਭਾਟਾ’ ਰਾਹੀਂ ਉਹ ਹੀਰੋ ਬਣ ਗਿਆ ਅਤੇ ਫਿਰ ਅਦਾਕਾਰੀ ਦਾ ਸਫ਼ਰ 1999 ਤਕ ਬਾਦਸਤੂਰ ਜਾਰੀ ਰਿਹਾ। ਇਸ ਸਫ਼ਰ ਦੌਰਾਨ ਬਤੌਰ ਅਦਾਕਾਰ ਉਸ ਦਾ ਤੇਜ ਪ੍ਰਤਾਪ ਪੂਰਾ ਬੁਲੰਦ ਰਿਹਾ। ਬਤੌਰ ਅਦਾਕਾਰ ਉਹ ਬੇਹੱਦ ਮਕਬੂਲ ਸੀ, ਬਤੌਰ ਇਨਸਾਨ ਵੀ। ਪਰਿਵਾਰ ਪ੍ਰਤੀ ਪੂਰਾ ਜ਼ਿੰਮੇਵਾਰ। 11 ਭੈਣ-ਭਰਾ ਇਕ ਸਮੇਂ ਉਸ ਉੱਪਰ ਨਿਰਭਰ ਸਨ। ਬਿਮਾਰ ਲਾਚਾਰ ਫ਼ੌਜ਼ੀਆ ਆਪਾ ਤਾਂ 60 ਵਰ੍ਹੇ ਉਸ ਦੇ ਘਰ ਹੀ ਰਹੀ। ਚਾਰ ਛੋਟੇ ਭਰਾ ਵੀ ਉਸ ਦੇ ਸਹਾਰੇ ਠਾਠ-ਬਾਠ ਨਾਲ ਵਿਚਰਦੇ ਰਹੇ। ਉਸ ਦੀ ਸਿਫ਼ਤ ਸਲਾਹ ਕਰਨ ਵਾਲਿਆਂ ਦੀ ਗਿਣਤੀ ਵੱਡੀ ਸੀ।

ਅਗਲੀ ਤੇ ਅਗਲੇਰੀ ਪੀੜ੍ਹੀਆਂ ਦੇ ਕਈ ਅਦਾਕਾਰਾਂ (ਖ਼ਾਸ ਤੌਰ ’ਤੇ ਰਾਜਿੰਦਰ ਕੁਮਾਰ, ਮਨੋਜ ਕੁਮਾਰ, ਰਾਜੇਸ਼ ਖੰਨਾ, ਆਮਿਰ ਖਾਨ, ਸ਼ਾਹਰੁਖ ਖਾਨ) ਨੇ ਉਸ ਦੀ ਤਰਜ਼-ਇ-ਅਦਾਕਾਰੀ ਦੀ ਨਕਲ ਕਰ ਕੇ ਦਰਜਨਾਂ ਫਿਲਮੀ ਜੁਬਲੀਆਂ ਮਨਾਈਆਂ। ਨੁਕਤਾਚੀਨ ਵੀ ਕਈ ਰਹੇ। ਖ਼ਾਸ ਤੌਰ ’ਤੇ ਉਹ ਫਿਲਮਸਾਜ਼ (ਜਿਵੇਂ ਨਿਤਿਨ ਬੋਸ, ਅਮੀਆ ਚੱਕਰਵਰਤੀ, ਅਸਿਤ ਸੇਨ, ਏ ਭੀਮ ਸਿੰਘ) ਜਿਨ੍ਹਾਂ ਨੇ ਆਪਣੇ ਕੰਮ (ਨਿਰਦੇਸ਼ਨ) ਵਿਚ ਉਸ ਦੀ ਦਖ਼ਲਅੰਦਾਜ਼ੀ ਭੋਗੀ। ਦੋ ਨਾਇਕਾਵਾਂ ਨੇ ਵੀ ਉਸ ਉੱਪਰ ਗੰਭੀਰ ਇਲਜ਼ਾਮ ਲਾਏ। ਇਕ ਸੀ ਮਧੂ ਬਾਲਾ ਜਿਸ ਪ੍ਰਤੀ ਆਪਣੀ ਮੁਹੱਬਤ ਦਾ ਇਜ਼ਹਾਰ ਦਿਲੀਪ ਕੁਮਾਰ ਨੇ 1957 ’ਚ ਭਰੀ ਅਦਾਲਤ ਵਿਚ ਕੀਤਾ। ਦੂਜੀ ਸੀ ਸੁਰੱਈਆ ਜਿਸ ਨੇ ਉਰਦੂ ਰਸਾਲੇ ‘ਫ਼ਨ ਔਰ ਸ਼ਖ਼ਸੀਅਤ’ ਦੇ ਮਈ 1963 ਦੇ ਅੰਕ ਵਿਚ ਲਿਖਿਆ ਕਿ ਫਿਲਮ ‘ਦਹਿਲੀਜ਼’ (1953) ਦੀ ਸ਼ੂਟਿੰਗ ਦੇ ਪਹਿਲੇ ਚਾਰ ਦਿਨਾਂ ਦੌਰਾਨ ਦਿਲੀਪ ਕੁਮਾਰ, ਫਿਲਮਸਾਜ਼ ਏਆਰ ਕਾਰਦਾਰ ਨਾਲ ਮਿਲ ਕੇ ਉਸ ਨਾਲ ਬੇਹੂਦਾ ਹਰਕਤ ਦੁਹਰਾਉਂਦਾ ਰਿਹਾ।

ਇਸ ਤੋਂ ਤੈਸ਼ ਵਿਚ ਆ ਕੇ ਉਸ ਨੇ ਫਿਲਮ ਛੱਡਣੀ ਵਾਜਬ ਸਮਝੀ ਅਤੇ ਦੋਵਾਂ ਨਾਲ ਕਦੇ ਵੀ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਦੋਵਾਂ ਨਾਇਕਾਵਾਂ ਦੀ ਨਾਖ਼ੁਸ਼ੀ ਤੋਂ ਵੀ ਵੱਡਾ ਤੂਫ਼ਾਨ 1983 ਵਿਚ ਉੱਠਿਆ ਜਦੋਂ ਅਦਾਕਾਰਾ ਸਾਇਰਾ ਬਾਨੋ ਨਾਲ 1966 ਤੋਂ ਵਿਆਹੇ ਹੋਣ ਦੇ ਬਾਵਜੂਦ ਦਿਲੀਪ ਕੁਮਾਰ ਦੀ ਦੂਜੀ ਬੀਵੀ ਹੋਣ ਦਾ ਰਾਜ਼ ਬੇਪਰਦ ਹੋਇਆ। ਦੋ ਬੱਚਿਆਂ ਦੀ ਮਾਂ ਅਸਮਾ ਸਾਹਿਬਾ ਨਾਲ ਹੈਦਰਾਬਾਦ ’ਚ ਦੋ ਸਾਲ ਪਹਿਲਾਂ ਹੋਏ ਨਿਕਾਹ ਦੇ ਸਬੂਤ, ਅਖ਼ਬਾਰਾਂ ਨੇ ਚਸਕੇ ਲੈ ਕੇ ਛਾਪੇ। ਇੱਥੇ ਬੇਗ਼ਮ ਸਾਇਰਾ ਦੀ ਸ਼ਾਇਸਤਗੀ ਰੰਗ ਲਿਆਈ। ਉਸ ਨੇ ਨਿੱਜਤਾ ਦੀ ਦੁਹਾਈ ਦਿੰਦਿਆਂ ਮੀਡੀਆ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਅਤੇ ਨਾਲ ਹੀ ਤਲਾਕਨਾਮਾ ਸਿਰੇ ਚੜ੍ਹਵਾਇਆ। ਦਿਲੀਪ ਕੁਮਾਰ ਦੇ ਕੁਝ ਪ੍ਰਸ਼ੰਸਕਾਂ ਨੂੰ ਗ਼ਿਲਾ ਰਿਹਾ ਕਿ ਮਹਾਨ ਅਦਾਕਾਰ ਹੋਣ ਦੇ ਬਾਵਜੂਦ ਉਹ ਮਹਾਨ ਫਿਲਮਾਂ ਦਾ ਹਿੱਸਾ ਨਹੀਂ ਬਣਿਆ। ਵਹੀਦਾ ਰਹਿਮਾਨ ਨੇ ਛੇ ਸਾਲ ਪਹਿਲਾਂ ਲੋਕ ਸਭਾ ਟੀਵੀ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕਿ “ਯੂਸੁਫ਼ ਸਾਹਿਬ ਆਪਣੇ ਅਕਸ ਦੇ ਪਿੰਜਰੇ ’ਚ ਕੈਦ ਰਹੇ।

ਉਹ ਬੰਬਈਆ ਫਾਰਮੂਲੇ ਤੋਂ ਬਾਹਰ ਜਾ ਸਕਦੇ ਸਨ ਪਰ ਗਏ ਨਹੀਂ। ਉਨ੍ਹਾਂ ਅਦਾਕਾਰ ਵਜੋਂ ਆਪਣੇ ਨਾਲ ਅਨਿਆਂ ਕੀਤਾ, ਭਾਰਤੀ ਸਿਨਮਾ ਨਾਲ ਵੀ।” ਇਹ ਰਾਇ ਗ਼ਲਤ ਨਹੀਂ। ‘ਪਿਆਸਾ’ (1957) ਦਾ ਹੀਰੋ ਦਿਲੀਪ ਕੁਮਾਰ ਸੀ ਪਰ ਉਹ ਪਹਿਲੇ ਹੀ ਦਿਨ ਸ਼ੂਟਿੰਗ ’ਤੇ ਪਹੁੰਚਿਆ ਨਹੀਂ। ਉਸ ਦਾ ਰੁਖ਼ ਦੇਖ ਕੇ ਗੁਰੂ ਦੱਤ ਨੇ ਖ਼ੁਦ ਨੂੰ ਉਸ ਵਾਲੀ ਭੂਮਿਕਾ ਵਿਚ ਫਿੱਟ ਕਰ ਲਿਆ। ਸੱਤਿਆਜੀਤ ਰੇਅ ਨੇ ‘ਨਾਇਕ’ (1966) ਦੀ ਮੁੱਖ ਭੂਮਿਕਾ ਦੀ ਪੇਸ਼ਕਸ਼ ਦਿਲੀਪ ਕੁਮਾਰ ਨੂੰ ਕੀਤੀ। ਉਸ ਦਾ ਹੁੰਗਾਰਾ ਠੰਢਾ ਰਿਹਾ। ਭੂਮਿਕਾ ਉੱਤਮ ਕੁਮਾਰ ਦੇ ਖ਼ਾਤੇ ਵਿਚ ਚਲੀ ਗਈ। ਬ੍ਰਿਟਿਸ਼-ਅਮਰੀਕੀ ਫਿਲਮਸਾਜ਼ ਡੇਵਿਡ ਲੀਨ ਨੇ ‘ਲਾਰੈਂਸ ਆਫ਼ ਅਰੇਬੀਆ’ (1963) ਵਿਚ ਇਕ ਅਹਿਮ ਭੂਮਿਕਾ ਲਈ ਦਿਲੀਪ ਕੁਮਾਰ ਨੂੰ ਚੁਣਿਆ। ਉਸ ਨੇ 15 ਦਿਨਾਂ ਤਕ ਹਾਂ-ਨਾਂਹ ਨਾ ਕੀਤੀ। ਭੂਮਿਕਾ ਮਿਸਰੀ ਕਲਾਕਾਰ ਉਮਰ ਸ਼ਰੀਫ਼ ਨੂੰ ਮਿਲ ਗਈ। ਸ਼ਰੀਫ਼ ਇਸ ਫਿਲਮ ਤੋਂ ਬਾਅਦ ਹਾਲੀਵੁੱਡ ਦਾ ਸਿਤਾਰਾ ਬਣ ਗਿਆ। ਇਹ ਤਿੰਨੇ ਫਿਲਮਾਂ 100 ਬਿਹਤਰੀਨ ਆਲਮੀ ਫਿਲਮਾਂ ਦੀ ਬੀਬੀਸੀ ਦੀ ਸੂਚੀ ਵਿਚ ਸ਼ੁਮਾਰ ਹਨ। ਨੁਕਸਾਨ ਕਿਸ ਦਾ ਹੋਇਆ, ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

Leave a Reply

Your email address will not be published.