ਤਿਹਾੜ ਜੇਲ੍ਹ ‘ਚ ਕੈਦੀਆਂ ਨੂੰ ਕੁਸ਼ਤੀ ਦੇ ਟਿੱਪਸ ਦੇਣਗੇ ਸੁਸ਼ੀਲ ਕੁਮਾਰ

ਭਾਰਤ ਲਈ ਗੋਲਡ ਤਮਗਾ ਜੇਤੂ ਸੁਸ਼ੀਲ ਕੁਮਾਰ ਲਈ ਸਮਾਂ ਠੀਕ ਨਹੀਂ ਚਲ ਰਿਹਾ ਹੈ।

ਰਾਸ਼ਟਰੀ ਰਾਜਧਾਨੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਆਪਣੇ ਸਾਥੀ ਕੈਦੀਆਂ ਨੂੰ ਕੁਸ਼ਤੀ ਅਤੇ ਸਰੀਰਕ ਤੰਦਰੁਸਤੀ ਦੇ ਗੁਰ ਸਿਖਾਉਣਗੇ।

ਜੇਲ੍ਹ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਦਮ ਰਾਸ਼ਟਰੀ ਰਾਜਧਾਨੀ ਅਤੇ ਜੇਲ੍ਹ ਕੰਪਲੈਕਸਾਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਗਿਰਾਵਟ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੇ ਕੁਮਾਰ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਸੀ, ਪਰ ਦਿੱਲੀ ਵਿੱਚ ਕੋਵਿਡ -19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇਸ ਨੂੰ ਮੁਲਤਵੀ ਕਰਨਾ ਪਿਆ।

ਡਾਇਰੈਕਟਰ ਜਨਰਲ (ਦਿੱਲੀ ਜੇਲ੍ਹ) ਨੇ ਦੱਸਿਆ, “ਅਸੀਂ ਪਹਿਲਾਂ ਹੀ ਇਸ ਦੀ ਇਜਾਜ਼ਤ ਦੇਣ ਦਾ ਫੈਸਲਾ ਕਰ ਲਿਆ ਸੀ, ਪਰ ਕੋਵਿਡ ਦੀ ਤੀਜੀ ਲਹਿਰ ਕਾਰਨ ਅਸੀਂ ਅਜਿਹਾ ਨਹੀਂ ਕਰ ਸਕੇ। ਹੁਣ ਹਾਲਾਤ ਆਮ ਵਾਂਗ ਹੋ ਗਏ ਹਨ, ਅਜਿਹੇ ਵਿੱਚ ਜੇਲ੍ਹਾਂ ਵਿੱਚ ਬਕਾਇਦਾ ਗਤੀਵਿਧੀਆਂ ਬਹਾਲ ਕੀਤੀਆਂ ਜਾ ਰਹੀਆਂ ਹਨ।

ਅਸੀਂ ਸੁਸ਼ੀਲ ਕੁਮਾਰ ਨੂੰ ਕੁਸ਼ਤੀ ਅਤੇ ਹੋਰ ਸਰੀਰਕ ਗਤੀਵਿਧੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਕੈਦੀਆਂ ਨੂੰ ਸਿਖਲਾਈ ਦੇਣ ਦੀ ਇਜਾਜ਼ਤ ਦੇਵਾਂਗੇ।ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਮਾਰ ਕਿਉਂਕਿ ਇੱਕ ਸਿਖਲਾਈ ਪ੍ਰਾਪਤ ਪੇਸ਼ੇਵਰ ਪਹਿਲਵਾਨ ਹੈ, ਇਸ ਲਈ ਫਿਟਨੈਸ ਅਤੇ ਕੁਸ਼ਤੀ ਨਾਲ ਸਬੰਧਤ ਉਸ ਦੀਆਂ ਕੋਚਿੰਗ ਕਲਾਸਾਂ ਦਾ ਉਨ੍ਹਾਂ ਕੈਦੀਆਂ ਨੂੰ ਫਾਇਦਾ ਹੋਵੇਗਾ, ਜੋ ਕੋਈ ਨਵੀਂ ਖੇਡ ਸਿੱਖਣਾ ਚਾਹੁੰਦੇ ਹਨ, ਨਾਲ ਹੀ ਉਨ੍ਹਾਂ ਨੂੰ ਫਿੱਟ ਰੱਖਣ ਵਿੱਚ ਵੀ ਮਦਦ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀਆਂ ਨੂੰ ਰੁੱਝਿਆ ਰਹੇਗਾ ਅਤੇ ਉਨ੍ਹਾਂ ਅੰਦਰ ਅਜਿਹੀ ਸਕਾਰਾਤਮਕ ਸੋਚ ਪੈਦਾ ਹੋਵੇਗੀ ਕਿ ਉਨ੍ਹਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ ‘ਤੇ ਧਿਆਨ ਦੇਣ ‘ਚ ਵੀ ਮਦਦ ਮਿਲੇਗੀ।

ਸਤੰਬਰ 2021 ਵਿੱਚ, ਕੋਵਿਡ-19 ਦੀ ਤੀਜੀ ਲਹਿਰ ਤੋਂ ਪਹਿਲਾਂ, ਦਿੱਲੀ ਜੇਲ੍ਹ ਵਿਭਾਗ ਨੇ ਤਿਹਾੜ ਦੇ ਕੈਦੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਪੇਸ਼ੇਵਰ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਪਹਿਲਕਦਮੀ ਸ਼ੁਰੂ ਕੀਤੀ ਸੀ। ਇਸ ਤਹਿਤ ਕੈਦੀਆਂ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸੀਐਸਆਰ ਪ੍ਰਾਜੈਕਟ ਤਹਿਤ ਛੇ ਖੇਡਾਂ-ਖੋ-ਖੋ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸ਼ਤਰੰਜ ਅਤੇ ਕੈਰਮ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਕੁਮਾਰ ਨੂੰ ਪਿਛਲੇ ਸਾਲ 23 ਮਾਰਚ ਨੂੰ ਛਤਰਸਾਲ ਸਟੇਡੀਅਮ ਕਾਂਡ ਦੇ ਸਬੰਧ ਵਿੱਚ ਸਹਿ-ਦੋਸ਼ੀ ਅਜੈ ਕੁਮਾਰ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਕੁਮਾਰ ਅਤੇ ਉਸਦੇ ਸਾਥੀਆਂ ਨੇ 4-5 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਵਾਨ ਸਾਗਰ ਧਨਖੜ ਅਤੇ ਉਸਦੇ ਦੋਸਤਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਸੀ ਅਤੇ ਧਨਖੜ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਸੀ।

Leave a Reply

Your email address will not be published. Required fields are marked *