ਤਾਲਿਬਾਨ ਵਲੋਂ ਨਵੀਂ ਸਰਕਾਰ ਦਾ ਐਲਾਨ ਮੁੱਲਾ ਹਸਨ ਅਖੁੰਦ ਬਣੇ ਪ੍ਰਧਾਨ ਮੰਤਰੀ

Home » Blog » ਤਾਲਿਬਾਨ ਵਲੋਂ ਨਵੀਂ ਸਰਕਾਰ ਦਾ ਐਲਾਨ ਮੁੱਲਾ ਹਸਨ ਅਖੁੰਦ ਬਣੇ ਪ੍ਰਧਾਨ ਮੰਤਰੀ
ਤਾਲਿਬਾਨ ਵਲੋਂ ਨਵੀਂ ਸਰਕਾਰ ਦਾ ਐਲਾਨ ਮੁੱਲਾ ਹਸਨ ਅਖੁੰਦ ਬਣੇ ਪ੍ਰਧਾਨ ਮੰਤਰੀ

• ਅਬਦੁਲ ਗਨੀ ਬਰਾਦਰ ਤੇ ਅਬਦੁਲ ਸਲੀਮ ਹਨਾਫੀ ਹੋਣਗੇ ਉਪ ਪ੍ਰਧਾਨ ਮੰਤਰੀ • 33 ਮੰਤਰੀਆਂ ‘ਚ ਕੋਈ ਔਰਤ ਸ਼ਾਮਿਲ ਨਹੀਂ • ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੁਦੀਨ ਨੂੰ ਸੌਪੀ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ

ਅੰਮ੍ਤਿਸਰ / ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ 15 ਅਗਸਤ ਨੂੰ ਕਾਬਜ਼ ਹੋਣ ਤੋਂ ਤਿੰਨ ਹਫ਼ਤੇ ਬਾਅਦ ਦੇਸ਼ ਦੇ ਨਵੇਂ ਸ਼ਾਸਕ ਬਣੇ ਤਾਲਿਬਾਨ ਨੇ ਅੱਜ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਤੇ ਹੋਰਨਾਂ ਮਹੱਤਵਪੂਰਨ ਮੰਤਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ | ਤਾਲਿਬਾਨ ਕੱਟੜਪੰਥੀ ਸਮੂਹ ਦੇ ਚੋਟੀ ਦੇ ਨੇਤਾ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਵਲੋਂ ਤਾਲਿਬਾਨ ਦੇ ਵੱਡੇ ਤੇ ਮਹੱਤਵਪੂਰਨ ਫ਼ੈਸਲੇ ਲੈਣ ਵਾਲੀ ਸੰਸਥਾ ‘ਰਹਿਬਰੀ ਸ਼ੂਰਾ’ ਦੇ ਮੁਖੀ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਅਫ਼ਗਾਨਿਸਤਾਨ ਦੇ ਨਵੇਂ ਅੰਤਿ੍ਮ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ | ਤਾਲਿਬਾਨ ਦੀ ਅੰਤਰਿਮ ਸਰਕਾਰ ਦੀ ਸੂਚੀ ‘ਚ ਦੋਹਾ ‘ਚ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਚੇਅਰਮੈਨ ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਸਰਕਾਰ ‘ਚ ਮੁੱਲਾ ਹਸਨ ਅਖੁੰਦ ਦੇ ਪ੍ਰਤੀਨਿਧੀ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਕੋਲ ਉਪ ਪ੍ਰਧਾਨ ਮੰਤਰੀ ਦਾ ਵੀ ਅਹੁਦਾ ਰਹੇਗਾ | ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਮੁੱਲਾ ਅਬਦੁਲ ਸਲੀਮ ਹਨਾਫ਼ੀ ਦੂਸਰੇ ਉਪ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ |

ਤਾਲਿਬਾਨ ਦੀ ਸਰਕਾਰ ‘ਚ ਬਣਾਏ 33 ਮੰਤਰੀਆਂ ‘ਚ ਕਿਸੇ ਵੀ ਔਰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ | ਤਾਲਿਬਾਨ ਦੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੇ ਪੁੱਤਰ ਮੁੱਲਾ ਯਾਕੂਬ ਨੂੰ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਜਦਕਿ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੁਦੀਨ ਹੱਕਾਨੀ ਨੂੰ ਦੇਸ਼ ਦਾ ਗ੍ਰਹਿ ਮੰਤਰੀ, ਮੁੱਲਾ ਅਮੀਰ ਖ਼ਾਨ ਮੁਤਾਕੀ ਨੂੰ ਵਿਦੇਸ਼ ਮੰਤਰੀ, ਮੁੱਲਾ ਹਿਦਾਇਤ ਉਲਾ ਬਦਰੀ ਨੂੰ ਵਿੱਤ ਮੰਤਰੀ, ਮੁੱਲਾ ਫ਼ਜ਼ਲ ਅਖੁੰਦ ਨੂੰ ਰੱਖਿਆ ਮੰਤਰਾਲਾ, ਮਾਵਲਾਵੀ ਕਾਰੀ ਫੇਸ਼ੂਦੀਨ ਨੂੰ ਫ਼ੌਜ ਮੁਖੀ, ਸ਼ੇਰ ਮੁਹੰਮਦ ਨੂੰ ਉਪ ਵਿਦੇਸ਼ ਮੰਤਰੀ, ਮੁੱਲਾ ਤਾਜ ਮੀਰ ਜਵਾਦ ਨੂੰ ਖੁਫ਼ੀਆ ਵਿਭਾਗ ਦਾ ਡਿਪਟੀ ਚੀਫ਼, ਮੁੱਲਾ ਅਬਦੁਲ ਹੱਕ ਵਾਸਿਕ ਨੂੰ ਨੈਸ਼ਨਲ ਡਾਇਰੈਕਟੋਰੇਟ ਆਫ਼ ਸਕਿਉਰਟੀ (ਐਨ.ਡੀ.ਐਸ.) ਪ੍ਰਮੁੱਖ ਤੇ ਖ਼ਲੀਲਉਰਰਹਿਮਾਨ ਹੱਕਾਨੀ ਨੂੰ ਸ਼ਰਨਾਰਥੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ | ਤਾਲਿਬਾਨ ਨੇ ਬਿਨਾਂ ਕਿਸੇ ਵਿਸ਼ੇਸ਼ ਸਮਾਰੋਹ ਦੇ ਨਵੀਂ ਸਰਕਾਰ ਦਾ ਐਲਾਨ ਕੀਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਸਮਾਰੋਹ ਭਲਕੇ ਬੁੱਧਵਾਰ ਨੂੰ ਹੋ ਸਕਦਾ ਹੈ |

ਦੱਸਿਆ ਜਾ ਰਿਹਾ ਹੈ ਕਿ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਨੇ ਖ਼ੁਦ ਸਰਕਾਰ ਦੇ ਮੁਖੀ ਵਜੋਂ ਮੁੱਲਾ ਹਸਨ ਦੇ ਨਾਂਅ ਦੀ ਤਜਵੀਜ਼ ਰੱਖੀ | ਮੁੱਲਾ ਹਸਨ ਦਾ ਜਨਮ ਸਥਾਨ ਕੰਧਾਰ ਨਾਲ ਸਬੰਧਿਤ ਹੈ ਅਤੇ ਉਹ ਹਥਿਆਰਬੰਦ ਲਹਿਰ ਦੇ ਸੰਸਥਾਪਕਾਂ ‘ਚੋਂ ਇਕ ਹਨ | ਉਨ੍ਹਾਂ ਨੇ 20 ਸਾਲਾਂ ਤੱਕ ਰਹਿਬਰੀ ਸ਼ੂਰਾ ਦੇ ਮੁਖੀ ਵਜੋਂ ਸੇਵਾ ਨਿਭਾਈ ਅਤੇ ਮੁੱਲਾ ਹਿਬਤੁੱਲਾ ਦੇ ਨੇੜੇ ਰਹੇ | ਮੁੱਲਾ ਹਸਨ ਸਾਲ 1996 ਤੋਂ 2001 ਤੱਕ ਅਫ਼ਗਾਨਿਸਤਾਨ ‘ਚ ਪਿਛਲੀ ਤਾਲਿਬਾਨ ਸਰਕਾਰ ਦੇ ਦੌਰਾਨ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਦੇ ਰੂਪ ‘ਚ ਸੇਵਾਵਾਂ ਦੇ ਚੁੱਕੇ ਹਨ | ਦਾਅਵਾ ਕੀਤਾ ਜਾ ਰਿਹਾ ਹੈ ਕਿ ਅਬਦੁਲ ਗਨੀ ਬਰਾਦਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਫ਼ੈਜ਼ ਹਮੀਦ ਦੇ ਕਹਿਣ ‘ਤੇ ਪਿੱਛੇ ਕੀਤਾ ਗਿਆ ਹੈ, ਕਿਉਂਕਿ ਪਾਕਿ ਨਹੀਂ ਚਾਹੁੰਦਾ ਕਿ ਕੋਈ ਵੀ ਪ੍ਰਭਾਵਸ਼ਾਲੀ ਨੇਤਾ ਤਾਲਿਬਾਨ ਸਰਕਾਰ ਦੇ ਸਿਖਰ ‘ਤੇ ਬੈਠੇ |

Leave a Reply

Your email address will not be published.