ਤਾਲਿਬਾਨ ਦੀ ਕੌਮਪ੍ਰਸਤੀ ਅਤੇ ਦਿਉਬੰਦੀ ਇਸਲਾਮ

Home » Blog » ਤਾਲਿਬਾਨ ਦੀ ਕੌਮਪ੍ਰਸਤੀ ਅਤੇ ਦਿਉਬੰਦੀ ਇਸਲਾਮ
ਤਾਲਿਬਾਨ ਦੀ ਕੌਮਪ੍ਰਸਤੀ ਅਤੇ ਦਿਉਬੰਦੀ ਇਸਲਾਮ

ਲਵ ਪੁਰੀ, ਹੁਣ ਜਦੋਂ ਤਾਲਿਬਾਨ ਦਾ ਅਫ਼ਗ਼ਾਨਿਸਤਾਨ ਉਤੇ ਕਬਜ਼ਾ ਹੋ ਗਿਆ ਹੈ ਤਾਂ ਸਵਾਲ ਇਹੋ ਪੁੱਛਿਆ ਜਾ ਰਿਹਾ ਹੈ ਕਿ 70 ਹਜ਼ਾਰ ਦੇ ਕਰੀਬ ਤਾਲਿਬਾਨ ਜੰਗਜੂ ਕਿਸ ਤਰ੍ਹਾਂ ਤਿੰਨ ਲੱਖ ਦੀ ਮਜ਼ਬੂਤ ਅਫ਼ਗ਼ਾਨ ਫ਼ੌਜ ਨੂੰ ਹਰਾ ਸਕਦੇ ਹਨ ਜਿਹੜੀ ਆਧੁਨਿਕ ਅਮਰੀਕੀ ਹਥਿਆਰਾਂ ਨਾਲ ਵੀ ਲੈਸ ਸੀ?

ਅਮਰੀਕੀ ਸਦਰ ਜੋਅ ਬਾਇਡਨ ਨੇ ਅਫ਼ਗ਼ਾਨ ਸਲਾਮਤੀ ਦਸਤਿਆਂ ਬਾਰੇ ਸਟੀਕ ਟਿੱਪਣੀ ਕੀਤੀ ਹੈ, “ਅਸੀਂ ਉਨ੍ਹਾਂ ਨੂੰ ਭਵਿੱਖ ਬਣਾਉਣ ਦਾ ਹਰ ਮੌਕਾ ਦਿੱਤਾ ਪਰ ਅਸੀਂ ਉਨ੍ਹਾਂ ਨੂੰ ਭਵਿੱਖ ਲਈ ਲੜਨ ਦਾ ਇਰਾਦਾ ਨਹੀਂ ਸਾਂ ਦੇ ਸਕਦੇ।” ਅਮਰੀਕਾ ਦੇ ਜੁਆਇੰਟ ਚੀਫ਼ਜ਼ ਆਫ਼ ਸਟਾਫ਼ ਦੇ ਸਾਬਕਾ ਚੇਅਰਮੈਨ ਮਾਈਕਲ ਮੂਲੇਨ ਨੇ ਕਿਹਾ ਕਿ ਕਿਸੇ ਦੂਜੀ ਫ਼ੌਜ ਨੂੰ ਲੜਨ ਦਾ ਹੌਸਲਾ ਤੇ ਦਲੇਰੀ ਕੋਈ ਹੋਰ ਨਹੀਂ ਦੇ ਸਕਦਾ। ਡੂਰੰਡ ਲਕੀਰ ਦੇ ਪਾਰ ਸਟੇਟ/ ਰਿਆਸਤ ਦੇ ਲਗਾਤਾਰ ਅਟੁੱਟ ਸਹਿਯੋਗ ਤੋਂ ਇਲਾਵਾ ਸਾਨੂੰ ਹੋਰ ਸਹਿਯੋਗੀ ਤੱਤਾਂ ਉਤੇ ਵੀ ਬਾਰੀਕੀ ਅਤੇ ਨਿਰਪੱਖਤਾ ਨਾਲ ਗ਼ੌਰ ਕਰਨ ਦੀ ਲੋੜ ਹੈ, ਕਿਉਂਕਿ ਇਹ ਕਿਤੇ ਜ਼ਿਆਦਾ ਤਾਕਤਵਰ ਸਾਬਤ ਹੁੰਦੇ ਹਨ। ਅਫ਼ਗ਼ਾਨਿਸਤਾਨ ਵਰਗੀ ਗੜਬੜਜ਼ਦਾ ਹਾਲਤ ਵਿਚ ਗ਼ੈਰ ਮਕਬੂਲ ਕਾਬਜ਼ ਤਾਕਤਾਂ ਵਿਚ ਅਕਸਰ ਇਹ ਰੁਝਾਨ ਹੁੰਦਾ ਹੈ ਕਿ ਉਹ ਕੁਝ ਨਿਮਰ ਟੈਕਨੋਕ੍ਰੇਟਾਂ ਨੂੰ ਸਾਹਮਣੇ ਲਿਆਉਂਦੇ ਹਨ ਜਿਹੜੇ ਉਨ੍ਹਾਂ ਵਰਗੀ ਹੀ ਭਾਸ਼ਾ ਬੋਲਦੇ ਹਨ ਤੇ ਉਨ੍ਹਾਂ ਵਰਗੇ ਹੀ ਹਵਾਲਾ ਨੁਕਤੇ ਰੱਖਦੇ ਹਨ। ਬਿਨਾ ਸ਼ੱਕ ਉਹ ਤਕਨੀਕੀ ਪ੍ਰਾਜੈਕਟ ਸੰਭਾਲਣ ਦੀ ਕਾਬਲੀਅਤ ਦਿਖਾਉਂਦੇ ਹਨ ਪਰ ਜਦੋਂ ਮਾਮਲਾ ਸਿਆਸੀ ਉਲਝਣਾਂ ਨਾਲ ਨਜਿੱਠਣ ਲਈ ਲੋੜੀਂਦੀ ਸਿਆਸੀ ਮੁਹਾਰਤ ਦਾ ਆਉਂਦਾ ਹੈ ਤਾਂ ਉਹ ਅਨਾੜੀ ਸਾਬਤ ਹੁੰਦੇ ਹਨ। ਇਸ ਸੂਰਤ ਵਿਚ ਅਕਸਰ ਮੁਕਾਮੀ ਸਿਆਸੀ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਹੋਰ ਨੁਕਸਾਨ ਹੁੰਦਾ ਹੈ। ਅਫ਼ਗ਼ਾਨ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਇਸ ਰੁਝਾਨ ਦਾ ਇਸਤੇਮਾਲ ਕੀਤਾ।

ਉਨ੍ਹਾਂ ਕੋਲ ਅਫ਼ਗ਼ਾਨਿਸਤਾਨ ਦੇ ਵੱਖ ਵੱਖ ਭਾਈਚਾਰਿਆਂ, ਸਮੇਤ ਵੱਖ ਵੱਖ ਪਖ਼ਤੂਨ ਕਬੀਲਿਆਂ ਨੂੰ ਆਪਸ ਵਿਚ ਜੋੜਨ ਅਤੇ ਮਿਲਾ ਕੇ ਰੱਖਣ ਦੀ ਸਿਆਸੀ ਮੁਹਾਰਤ ਦੀ ਕਮੀ ਸੀ। ਸਿੱਟੇ ਵਜੋਂ ਅਖ਼ੀਰ ਵਿਚ ਉਹ ਆਪਣੀ ਫ਼ੌਜੀ ਤੇ ਤਕਨੀਕੀ ਸਾਜ਼ੋ-ਸਾਮਾਨ ਨਾਲ ਲੈਸ ਫ਼ੌਜ ਨੂੰ ਉਸ ਤਾਲਿਬਾਨ ਨਾਲ ਲੜਨ ਲਈ ਪ੍ਰੇਰ ਨਹੀਂ ਸਕੇ ਜਿਸ ਦਾ ਅਫ਼ਗ਼ਾਨ ਫ਼ੌਜ ਨਾਲ ਕੋਈ ਮੇਲ ਨਹੀਂ ਸੀ। ਤਾਲਿਬਾਨ ਦੀ ਪ੍ਰੇਰਨਾ ਪਖ਼ਤੂਨ ਕੌਮਪ੍ਰਸਤੀ ਅਤੇ ਦਿਉਬੰਦੀ ਇਸਲਾਮ ਦੇ ਇੰਤਹਾਪਸੰਦੀ ਵਾਲੇ ਰੂਪ ਦੇ ਜ਼ੋਰਦਾਰ ਮੇਲ ਤੋਂ ਆਉਂਦੀ ਹੈ। ਦਿEਬੰਦੀ ਇਸਲਾਮ ਅਤੇ ਇਸ ਦੇ ਪਖ਼ਤੂਨਾਂ ਨਾਲ ਰਿਸ਼ਤਿਆਂ ਦੇ ਸਵਾਲ ਉਤੇ ਵਧੇਰੇ ਤਫ਼ਸੀਲ ਨਾਲ ਗ਼ੌਰ ਕਰਨ ਦੀ ਲੋੜ ਹੈ। ਤਾਲਿਬਾਨ ਦਾ ਮਜ਼ਹਬੀ ਮੁਹਾਵਰਾ ਅਤੇ ਸ਼ਬਦਾਵਲੀ ਜੋ ਇਸ ਮਾਮਲੇ ਵਿਚ ਉਨ੍ਹਾਂ ਦੇ ਸਰਕਾਰ ਚਲਾਉਣ ਦੇ ਮਾਡਲ ਨੂੰ ਸਮਝਣ ਦਾ ਅਹਿਮ ਜ਼ਰੀਆ ਹੈ, ਇਸਲਾਮ ਦੀ ਦਿਉਬੰਦੀ ਵਿਚਾਰਧਾਰਾ ਤੋਂ ਆਉਂਦੇ ਹਨ ਜਿਸ ਦੀ ਸ਼ੁਰੂਆਤ 1866 ਵਿਚ ਬ੍ਰਿਟਿਸ਼ ਭਾਰਤ ਵਿਚ ਵੱਡੇ ਪੱਧਰ ’ਤੇ ਧਰਮ ਦੀ ਮੁੜ ਉਭਾਰ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਹੋਈ। ਉਸ ਵਕਤ ਦਿEਬੰਦ (ਉੱਤਰ ਪ੍ਰਦੇਸ਼) ਨਾਮੀ ਕਸਬਾ ਪਹਿਲਾਂ ਹੀ ਮੁਸਲਿਮ ਸੱਭਿਆਚਾਰ ਦਾ ਕੇਂਦਰ ਸੀ ਅਤੇ ਇਸ ਇਲਾਕੇ ਦੇ ਵੱਡੀ ਗਿਣਤੀ ਪਰਿਵਾਰਾਂ ਨੇ ਮੁਗ਼ਲ ਸਲਤਨਤ ਵਿਚ ਵੱਖ ਵੱਖ ਰੁਤਬਿਆਂ ਉਤੇ ਕੰਮ ਕੀਤਾ।

ਦਿਉਬੰਦ ਵਿਚ 1866 ਵਿਚ ਦਾਰੁਲ ਉਲੂਮ ਦੀ ਸਥਾਪਨਾ ਕੀਤੀ ਗਈ ਜਿਹੜਾ ਦਿEਬੰਦੀ ਇਸਲਾਮ ਦੀ ਸਿਖਲਾਈ ਦੇਣ ਵਾਲਾ ਇਕ ਤਰ੍ਹਾਂ ਦਾ ਪਹਿਲਾ ਮਦਰੱਸਾ ਸੀ। ਇਹ ਅੱਜ ਵੀ ਦਿEਬੰਦੀ ਇਸਲਾਮ ਦਾ ਸਭ ਤੋਂ ਅਹਿਮ ਅਦਾਰਾ ਹੈ। ਦਿEਬੰਦੀ ਮੁਹਿੰਮ ਡੂਰੰਡ ਲਕੀਰ ਦੇ ਦੋਹੀਂ ਪਾਸੇ ਰਹਿੰਦੇ ਪਖ਼ਤੂਨਾਂ ’ਚ ਇਸਲਾਮੀ ਸੋਚ ਦੀ ਮਕਬੂਲ ਵਿਚਾਰਧਾਰਾ ਬਣ ਕੇ ਉੱਭਰੀ। ਬ੍ਰਿਟਿਸ਼ ਭਾਰਤ ਦੇ ਦੂਜੇ ਹਿੱਸਿਆਂ ’ਚ ਉਨ੍ਹਾਂ ਨੂੰ ਇਸਲਾਮ ਦੀਆਂ ਹੋਰ ਧਾਰਾਵਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਮੌਜੂਦਾ ਪੰਜਾਬ ਸੂਬੇ (ਲਹਿੰਦਾ ਪੰਜਾਬ) ਵਾਲੇ ਇਲਾਕੇ ਵਿਚ ਮੁੱਖ ਤੌਰ ‘ਤੇ ਇਸਲਾਮ ਦੀ ਬਰੇਲਵੀ ਵਿਚਾਰਧਾਰਾ ਸਭ ਤੋਂ ਵੱਧ ਮਕਬੂਲ ਹੋਈ ਤੇ ਹੁਣ ਵੀ ਹੈ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ 1980ਵਿਆਂ ਦੇ ਅਫ਼ਗ਼ਾਨ ਜਹਾਦ ਦੌਰਾਨ ਡੂਰੰਡ ਲਕੀਰ ਦੇ ਦੋਹੀਂ ਪਾਸੀਂ ਸਥਿਤ ਦਿEਬੰਦੀ ਮਦਰੱਸੇ ਅਤੇ ਕੇਂਦਰ ਹੀ ਸਾਊਦੀ ਅਰਬ ਤੋਂ ਆਉਣ ਵਾਲੀ ਇਮਦਾਦ ਤੇ ਪ੍ਰਭਾਵ ਹਾਸਲ ਕਰਨ ਵਾਲੇ ਮੁੱਖ ਟਿਕਾਣੇ ਸਨ। ਕੁਝ ਸਾਲ ਪਹਿਲਾਂ ਦਾਰੁਲ ਉਲੂਮ ਵਿਚ ਦਿEਬੰਦੀ ਇਸਲਾਮ ਦੇ ਜ਼ਮੀਨੀ ਪੱਧਰ ਉਤੇ ਕੀਤੇ ਅਧਿਐਨ ਵਿਚ ਸਾਹਮਣੇ ਆਇਆ ਕਿ ਦਿEਬੰਦੀ ਵਿਦਵਾਨਾਂ ਦੇ ਉਥੇ ਅਫ਼ਗ਼ਾਨ ਪਖ਼ਤੂਨ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਇਜਾਜ਼ਤ ਬਾਰੇ ਮਿਲੇ-ਜੁਲੇ ਵਿਚਾਰ ਸਨ।

ਕੁਝ ਵਿਦਵਾਨ ਪਾਕਿਸਤਾਨੀ ਤੇ ਅਫ਼ਗ਼ਾਨ ਵਿਦਿਆਰਥੀਆਂ ਨੂੰ ਦਿEਬੰਦ ਵਿਚ ਤਾਲੀਮ ਦੇਣ ਦੇ ਖ਼ਿਲਾਫ਼ ਸਨ, ਉਨ੍ਹਾਂ ਦਾ ਖ਼ਿਆਲ ਸੀ ਕਿ ਇਹ ਵਿਦਿਆਰਥੀ ਭਾਰਤੀ ਮੁਸਲਿਮ ਵਿਦਿਆਰਥੀਆਂ ਵਿਚ ਕੱਟੜਤਾ ਭਰ ਸਕਦੇ ਹਨ; ਕੁਝ ਹੋਰਨਾਂ ਦਾ ਕਹਿਣਾ ਸੀ ਕਿ ਦਿEਬੰਦ ਵਿਚ ਪੜ੍ਹ ਕੇ ਜਾਣ ਵਾਲੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਵਿਦਿਆਰਥੀ ਆਪਣੇ ਮੁਲਕਾਂ ਦੀ ਮੁਸਲਿਮ ਆਬਾਦੀ ਉਤੇ ਵਧੀਆ ਪ੍ਰਭਾਵ ਪਾ ਸਕਦੇ ਹਨ ਕਿਉਂਕਿ ਦਿEਬੰਦ ਵਿਚ ਹੁਣ ਖੋਜ, ਵੱਖ ਵੱਖ ਧਰਮਾਂ ਦੇ ਉਪਦੇਸ਼ਾਂ ਦੀ ਪ੍ਰਸੰਗਿਕ ਵਿਆਖਿਆ, ਵਿਚਾਰ-ਵਟਾਂਦਰੇ, ਆਪਸੀ ਮੇਲ-ਜੋਲ, ਗੈਰ ਮੁਸਲਮਾਨਾਂ ਨਾਲ ਸਹਿਹੋਂਦ ਆਦਿ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੌਜੂਦਾ ਪ੍ਰਸੰਗ ਵਿਚ ਭਾਰਤ ਵਿਚਲੀ ਦਿEਬੰਦੀ ਇਸਲਾਮੀ ਦਾਨਿਸ਼ਵਰੀ ਕੌਮਾਂਤਰੀ ਭਾਈਚਾਰੇ ਨੂੰ ਉਪਲਬਧ ਬਹੁਤ ਵਿਰਲਾ ਤੇ ਬੇਮਿਸਾਲ ਮਜ਼ਹਬੀ ਵਸੀਲਾ ਹੈ ਜਿਹੜਾ ਔਰਤਾਂ ਤੇ ਘੱਟਗਿਣਤੀਆਂ ਦੇ ਹੱਕਾਂ ਨਾਲ ਸਬੰਧਤ ਮੁੱਦਿਆਂ ਸਮੇਤ ਤਾਲਿਬਾਨ ਦੇ ਮੌਲਵੀਆਂ/ ਧਾਰਮਿਕ ਆਗੂਆਂ ਦੀ ਸੰਸਾਰ-ਦ੍ਰਿਸ਼ਟੀ ਨੂੰ ਰਚਨਾਤਮਕ ਢੰਗ ਨਾਲ ਵਿਆਪਕ ਬਣਾਉਣ ਵਿਚ ਸਹਾਈ ਹੋ ਸਕਦਾ ਹੈ। ਇਸ ਲਈ ਪਖ਼ਤੂਨ ਕੌਮਪ੍ਰਸਤੀ ਬਾਰੇ ਹੁਣ ਮੁੜ ਗ਼ੌਰ ਕਰਨ ਦੀ ਲੋੜ ਹੈ। ਬਿਨਾ ਸ਼ੱਕ ਤਾਲਿਬਾਨ ਦੇ ਪਾਕਿਸਤਾਨੀ ਸਟੇਟ/ਰਿਆਸਤ ਨਾਲ ਗੂੜ੍ਹੇ ਸਬੰਧ ਹਨ ਅਤੇ ਪਾਕਿਸਤਾਨ ਵਿਚ ਵੱਖ ਵੱਖ ਥਾਈਂ ਟਿਕਾਣੇ ਹਨ ਜਿਥੇ ਇਸ ਦੇ ਚੋਟੀ ਦੇ ਆਗੂਆਂ ਦੇ ਪਰਿਵਾਰ ਵੀ ਰਹਿ ਰਹੇ ਹਨ।

ਇਸ ਦੇ ਬਾਵਜੂਦ ਇਹ ਵੀ ਹਕੀਕਤ ਹੈ ਕਿ ਤਾਲਿਬਾਨ ਡੂਰੰਡ ਲਕੀਰ ਨੂੰ ਮਾਨਤਾ ਨਹੀਂ ਦਿੰਦਾ, ਦੂਜੇ ਪਾਸੇ ਪਾਕਿਸਤਾਨ ਦੀ ਪੰਜਾਬੀ ਹਾਕਮ ਜਮਾਤ ਲਈ ਇਹ ਫ਼ੌਜੀ ਪੱਖ ਤੋਂ ਵੀ ਅਤੇ ਸਿਆਸੀ ਪੱਖ ਤੋਂ ਵੀ ਇਕ ਤਰ੍ਹਾਂ ਆਪਣੀ ਹੋਂਦ ਦਾ ਮੁੱਦਾ ਹੈ। ਕੌਮਾਂਤਰੀ ਭਾਈਚਾਰੇ ਕੋਲ ਤਾਲਿਬਾਨ ਨੂੰ ਹਾਂ-ਪੱਖੀ ਢੰਗ ਨਾਲ ਪ੍ਰਭਾਵਿਤ ਕਰਨ ਦੇ ਸਾਧਨ ਸੀਮਤ ਹਨ। ਇਸ ਮਾਮਲੇ ਵਿਚ ਵਧੇਰੇ ਪ੍ਰਸੰਗਿਕ, ਰਚਨਾਤਮਕ ਤੇ ਨਪੀ-ਤੁਲੀ ਪਹੁੰਚ ਹੀ ਕੌਮਾਂਤਰੀ ਭਾਈਚਾਰੇ ਨੂੰ ਅਫ਼ਗ਼ਨਿਸਤਾਨ ਦੀ ਇਸ ਨਵੀਂ ਹਾਕਮ ਜਮਾਤ ਨਾਲ ਮੇਲਜੋਲ ਵਧਾਉਣ ਲਈ ਕੋਈ ਸ਼ੁਰੂਆਤੀ ਤੇ ਠੋਸ ਰਾਹ ਮੁਹੱਈਆ ਕਰਵਾ ਸਕਦੀ ਹੈ ਤਾਂ ਕਿ ਖ਼ਤਰੇ ਵਿਚ ਪਏ ਲੱਖਾਂ ਅਫ਼ਗ਼ਾਨਾਂ ਦੀ ਰਾਖੀ ਹੋ ਸਕੇ ਅਤੇ ਉਨ੍ਹਾਂ ਵਿਚ ਸੁਰੱਖਿਆ ਦੀ ਉਮੀਦ ਜਗਾਈ ਜਾ ਸਕੇ।

Leave a Reply

Your email address will not be published.