ਤਾਲਿਬਾਨ ਦਾ ਗ਼ਜ਼ਨੀ ਅਤੇ ਹੇਰਾਤ ਸ਼ਹਿਰਾਂ ’ਤੇ ਕਬਜ਼ਾ

Home » Blog » ਤਾਲਿਬਾਨ ਦਾ ਗ਼ਜ਼ਨੀ ਅਤੇ ਹੇਰਾਤ ਸ਼ਹਿਰਾਂ ’ਤੇ ਕਬਜ਼ਾ
ਤਾਲਿਬਾਨ ਦਾ ਗ਼ਜ਼ਨੀ ਅਤੇ ਹੇਰਾਤ ਸ਼ਹਿਰਾਂ ’ਤੇ ਕਬਜ਼ਾ

ਕਾਬੁਲ / ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਅਮਰੀਕੀ ਫੌਜ ਦੀ ਵਾਪਸੀ ਦੌਰਾਨ ਗ਼ਜ਼ਨੀ ’ਤੇ ਕਬਜ਼ਾ ਕਰ ਲਿਆ ਹੈ।

ਇਸੇ ਦੌਰਾਨ ਤਾਲਿਬਾਨ ਨੇ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ’ਤੇ ਵੀ ਕਬਜ਼ਾ ਕਰ ਲਿਆ ਹੈ। ਇਹ ਸ਼ਹਿਰ ਰਾਜਧਾਨੀ ਕਾਬੁਲ ਦੇ ਨੇੜੇ ਸਥਿਤ ਹੈ। ਤਾਲਿਬਾਨ ਕੋਲ ਹੁਣ ਦੇਸ਼ ਵਿਚਲੇ ਸੂਬਿਆਂ ਦੀਆਂ 34 ਰਾਜਧਾਨੀਆਂ ਵਿਚੋਂ 10 ’ਤੇ ਕਬਜ਼ਾ ਹੋ ਗਿਆ ਹੈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਹੇਲਮੰਦ ਸੂਬੇ ਦੀ ਰਾਜਧਾਨੀ ਦੇ ਖੇਤਰੀ ਪੁਲੀਸ ਹੈੱਡਕੁਆਰਟਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਫ਼ਗਾਨਿਸਤਾਨ ‘ਚ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਇਕ ਬੇਲਗਾਮ ਘੋੜੇ ਵਾਂਗ ਅਗਾਂਹ ਵਧ ਰਹੇ ਤਾਲਿਬਾਨ ਹਥਿਆਰਬੰਦ ਸਮੂਹ ਨੇ ਪਿਛਲੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ‘ਚ ਅਫ਼ਗਾਨਿਸਤਾਨ ਦੀ ਇਕ ਚੌਥਾਈ ਤੋਂ ਵੱਧ ਸੂਬਾਈ ਰਾਜਧਾਨੀਆਂ ‘ਤੇ ਕਬਜ਼ਾ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਪਿਛਲੇ ਸਿਰਫ਼ 5 ਦਿਨਾਂ ‘ਚ ਫਰਾਹ, ਪੁਲ-ਏ-ਖੁਮਰੀ, ਸਰ-ਏ-ਪੁਲ, ਸ਼ੇਬਰਗਾਨ, ਅਯਬਕ, ਕੁੰਦੂਜ਼, ਤਾਲੁਕਾਨ ਅਤੇ ਜ਼ਰੰਜ ‘ਤੇ ਕਬਜ਼ਾ ਕਰਨ ਉਪਰੰਤ ਲੰਘੀ ਰਾਤ ਬਦਾਖਸ਼ਾਨ ਪ੍ਰਾਂਤ ਦੀ ਰਾਜਧਾਨੀ ਫ਼ੈਜ਼ਾਬਾਦ ‘ਤੇ ਵੀ ਆਪਣਾ ਕਬਜ਼ਾ ਕਾਇਮ ਕਰ ਲਿਆ |

ਉੱਥੋਂ ਦੇ ਸਥਾਨਕ ਸੰਸਦ ਮੈਂਬਰ ਜ਼ਬੀਹੁੱਲਾ ਅਤਿਕ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫ਼ੈਜ਼ਾਬਾਦ ‘ਚ ਅਫ਼ਗਾਨ ਸੁਰੱਖਿਆ ਬਲਾਂ ਦੀਆਂ ਤਾਲਿਬਾਨ ਨਾਲ ਕਈ ਦਿਨਾਂ ਤੋਂ ਭਾਰੀ ਝੜਪਾਂ ਜਾਰੀ ਸਨ ਅਤੇ ਹੁਣ ਫ਼ੌਜ ਦੇ ਸ਼ਹਿਰ ਤੋਂ ਪਿੱਛੇ ਹਟਣ ਉਪਰੰਤ ਤਾਲਿਬਾਨ ਨੇ ਰਾਜਧਾਨੀ ‘ਤੇ ਕਬਜ਼ਾ ਕਰ ਲਿਆ | ਇਸ ਸਭ ਦੇ ਚਲਦਿਆਂ ਅਫ਼ਗਾਨ ਫ਼ੌਜ ਵਲੋਂ ਬਲਖ਼ ਪ੍ਰਾਂਤ ਦੇ ਮਜ਼ਾਰ-ਏ-ਸ਼ਰੀਫ਼ ‘ਚ ਤਾਲਿਬਾਨ ‘ਤੇ ਹਵਾਈ ਹਮਲਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਹਮਲੇ ‘ਚ ਘੱਟ ਤੋਂ ਘੱਟ 18 ਤਾਲਿਬਾਨ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਇਸੇ ਦੌਰਾਨ ਮਜ਼ਾਰ-ਏ-ਸ਼ਰੀਫ਼ ਪਹੁੰਚੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਸਿਆਸਤਦਾਨਾਂ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਸਖ਼ਤੀ ਨਾਲ ਤਾਲਿਬਾਨ ਨੂੰ ਉੱਥੋਂ ਖਦੇੜਨ ਦੇ ਆਦੇਸ਼ ਦਿੱਤੇ | ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨ ਫ਼ੌਜ ਅਤੇ ਤਾਲਿਬਾਨ ਵਿਚਾਲੇ ਕੁੰਦੂਜ਼ ‘ਤੇ ਕਬਜ਼ੇ ਨੂੰ ਲੈ ਕੇ ਭਿਆਨਕ ਲੜਾਈ ਜਾਰੀ ਹੈ | ਇਸ ਦੇ ਨਾਲ ਹੀ ਸ਼ੇਬਰਗਾਨ, ਜ਼ਰੰਜ, ਤਾਲੁਕਾਨ ਸ਼ਹਿਰਾਂ ‘ਚ ਵੀ ਭਾਰੀ ਗੋਲਾਬਾਰੀ ਹੋ ਰਹੀ ਹੈ |

ਉੱਧਰ ਅਫ਼ਗਾਨ ਫ਼ੌਜੀਆਂ ਨੇ ਤਾਲਿਬਾਨ ਨਾਲ ਝੜਪ ਤੋਂ ਬਾਅਦ ਪੁਲ-ਏ-ਖੁਮਰੀ ਸ਼ਹਿਰ ਨੂੰ ਖਾਲੀ ਕਰ ਦਿੱਤਾ ਹੈ | ਇਹ ਬਾਗਲਾਨ ਪ੍ਰਾਂਤ ਦੀ ਰਾਜਧਾਨੀ ਹੈ, ਜੋ ਕਾਬੁਲ ਤੋਂ ਲਗਭਗ 200 ਕਿੱਲੋਮੀਟਰ ਦੀ ਦੂਰੀ ‘ਤੇ ਹੈ | ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨ ਫ਼ੌਜਾਂ ਸ਼ਹਿਰ ਨੂੰ ਖਾਲੀ ਕਰਨ ਦੇ ਬਾਅਦ ਕੇਲਗਈ ਖੇਤਰ ਵੱਲ ਪਿੱਛੇ ਹਟ ਗਈਆਂ ਹਨ | ਇਸ ਤੋਂ ਪਹਿਲਾਂ ਤਾਲਿਬਾਨ ਨੇ ਫਰਾਹ ਸੂਬੇ ਦੀ ਰਾਜਧਾਨੀ ‘ਤੇ ਕਬਜ਼ਾ ਕੀਤਾ ਸੀ | ਬਾਗਲਾਨ ‘ਚ ਸਰਕਾਰ ਸਮਰਥਕ ਮਿਲੀਸ਼ੀਆ ਕਮਾਂਡਰ ਮੁਹੰਮਦ ਕਾਮਿਨ ਬਾਗਲਾਨੀ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਖੇਤਰਾਂ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ‘ਚ ਕਰ ਲਿਆ ਹੈ | ਫ਼ੌਜ ਬਹੁਤ ਦਬਾਅ ਹੇਠ ਸੀ ਅਤੇ ਲੰਮੇ ਸਮੇਂ ਤਕ ਵਿਰੋਧ ਕਰਨ ਦੀ ਸਥਿਤੀ ‘ਚ ਨਹੀਂ ਸੀ | ਇਸ ਦੇ ਇਲਾਵਾ ਸਰ-ਏ-ਪੁਲ ਸੂਬੇ ਦੇ ਕੌਂਸਲ ਪ੍ਰਮੁੱਖ ਮੁਹੰਮਦ ਨੂਰ ਰਹਿਮਾਨੀ ਨੇ ਕਿਹਾ ਕਿ ਤਾਲਿਬਾਨ ਵਲੋਂ ਸੂਬਾਈ ਰਾਜਧਾਨੀ ‘ਤੇ ਕਬਜ਼ਾ ਕਰਨ ਉਪਰੰਤ ਸਰਕਾਰੀ ਬਲ ਸੂਬੇ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਪੱਖੀ ਸਥਾਨਕ ਮਿਲੀਸ਼ੀਆ ਦੇ ਕਈ ਲੜਾਕਿਆਂ ਨੇ ਬਿਨਾਂ ਕਿਸੇ ਲੜਾਈ ਦੇ ਹੀ ਤਾਲਿਬਾਨ ਅੱਗੇ ਹਥਿਆਰ ਰੱਖ ਦਿੱਤੇ ਹਨ, ਜਿਸ ਨਾਲ ਤਾਲਿਬਾਨ ਵਲੋਂ ਪੂਰੇ ਸੂਬੇ ‘ਤੇ ਕਬਜ਼ਾ ਕਰ ਲਿਆ ਗਿਆ ਹੈ |

Leave a Reply

Your email address will not be published.