ਤਰਲੋਚਨ ਸਿੰਘ, ਪਾਸਵਾਨ, ਡਾ। ਕਪਾਨੀ, ਗੋਗੋਈ ਸਮੇਤ ਕਈ ਸ਼ਖ਼ਸੀਅਤਾਂ ਪਦਮ ਪੁਰਸਕਾਰ ਨਾਲ ਸਨਮਾਨਿਤ

ਪੰਜਾਬ ਦੀਆਂ 5 ਸ਼ਖ਼ਸੀਅਤਾਂ ਨੂੰ ਮਿਲਆ ਪਦਮਸ੍ਰੀ

ਨਵੀਂ ਦਿੱਲੀ / ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਸਾਲ 2021 ਦੇ ਪਦਮ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਪੁਰਸਕਾਰ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ‘ਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਤੋਂ ਇਲਾਵਾ ਪੰਜਾਬ ਨਾਲ ਸੰਬੰਧਿਤ 5 ਸ਼ਖ਼ਸੀਅਤਾਂ ਵੀ ਸ਼ਾਮਿਲ ਸਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ 7 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 102 ਪਦਮਸ੍ਰੀ ਪੁਰਸਕਾਰ ਪ੍ਰਦਾਨ ਕੀਤੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸਾਲ 2020 ਲਈ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ। ਰਵਾਇਤਨ ਪਦਮ ਪੁਰਸਕਾਰਾਂ ਦਾ ਐਲਾਨ 26 ਜਨਵਰੀ ਨੂੰ ਕੀਤਾ ਜਾਂਦਾ ਹੈ ਅਤੇ ਇਹ ਪੁਰਸਕਾਰ ਅਪ੍ਰੈਲ ‘ਚ ਦਿੱਤੇ ਜਾਂਦੇ ਹਨ ਪਰ ਕੋਰੋਨਾ ਕਾਲ ਕਾਰਨ 2 ਸਾਲ ਪੁਸਰਕਾਰ ਨਹੀਂ ਦਿੱਤੇ ਗਏ ਸਨ। ਮੰਗਲਵਾਰ ਨੂੰ ਸਾਲ 2021 ‘ਚ ਪਦਮ ਵਿਭੂਸ਼ਣ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ‘ਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਮਸ਼ਹੂਰ ਗਾਇਕ ਐੱਸ.ਪੀ. ਬਾਲਾਸੁਬਰਾਮਨੀਅਮ (ਮਰਨ ਉਪਰੰਤ) ਅਤੇ ਅਮਰੀਕਾ ਦੇ ਨਰਿੰਦਰ ਸਿੰਘ ਕਪਾਨੀ (ਮਰਨ ਉਪਰੰਤ) ਸ਼ਾਮਿਲ ਹਨ।

ਰਾਸ਼ਟਰਪਤੀ ਵਲੋਂ ਜਿਨ੍ਹਾਂ 10 ਹਸਤੀਆਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਨਿਵਾਜਿਆ ਗਿਆ, ਉਨ੍ਹਾਂ ‘ਚੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪ੍ਰੈੱਸ ਸਕੱਤਰ ਰਹੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵੀ ਸ਼ਾਮਿਲ ਹਨ। ਸੂਬਾਈ ਅਤੇ ਰਾਸ਼ਟਰੀ ਸਿਆਸਤ ‘ਚ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਤਰਲੋਚਨ ਸਿੰਘ ਸਾਲ 2003 ਤੋਂ 2006 ਤੱਕ ਘੱਟ ਗਿਣਤੀ ਕੌਮੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਵਾਲੇ ਪਹਿਲੇ ਸਿੱਖ ਸਨ। ਸ[ ਤਰਲੋਚਨ ਸਿੰਘ ਤੋਂ ਇਲਾਵਾ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ, ਰਾਮ ਵਿਲਾਸ ਪਾਸਵਾਨ ਅਤੇ ਕੇਸ਼ੂ ਭਾਈ ਪਟੇਲ ਨੂੰ ਵੀ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਮਰਨ ਉਪਰੰਤ ਦਿੱਤੇ ਗਏ ਹਨ। ਰਾਮ ਵਿਲਾਸ ਪਾਸਵਾਨ ਦਾ ਪੁਰਸਕਾਰ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਪ੍ਰਾਪਤ ਕੀਤਾ। ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਵੀ ਪਦਮ ਭੂਸ਼ਣ ਪ੍ਰਦਾਨ ਕੀਤਾ ਗਿਆ।

ਪਦਮਸ੍ਰੀ ਹਾਸਲ ਕਰਨ ਵਾਲਿਆਂ ‘ਚੋਂ ਪੰਜਾਬ ਦੀਆਂ 5 ਸ਼ਖ਼ਸੀਅਤਾਂ ਸ਼ਾਮਿਲ ਹਨ, ਜਿਨ੍ਹਾਂ ‘ਚ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਪ੍ਰਕਾਸ਼ ਕੌਰ, ਫੁਲਕਾਰੀ ਕਲਾ ‘ਚ ਨਾਂਅ ਬਣਾਉਣ ਵਾਲੀ ਲਾਜਵੰਤੀ, ਮਸ਼ਹੂਰ ਸਰਜਨ ਡਾ. ਰਤਨ ਲਾਲ, ਗੁਰਬਾਣੀ ਗਾਇਕ ਕਰਤਾਰ ਸਿੰਘ ਅਤੇ ਕਾਰੋਬਾਰ ਜਗਤ ‘ਚ ਨਿਵੇਕਲੀ ਪਛਾਣ ਬਣਾਉਣ ਵਾਲੀ ਰਜਨੀ ਬੈਕਟਰ ਸ਼ਾਮਿਲ ਸਨ। ਰਾਸ਼ਟਰਪਤੀ ਕੋਵਿਦ ਨੇ ਕੁੱਲ 102 ਲੋਕਾਂ ਨੂੰ ਪਦਮਸ੍ਰੀ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪਤਵੰਤੇ ਸ਼ਾਮਿਲ ਸਨ।

Leave a Reply

Your email address will not be published. Required fields are marked *