ਡਿਜੀਟਲ ਕ੍ਰਾਂਤੀ, ਰਾਮਦੇਵ ਵਿਵਾਦ ਅਤੇ ਹਕੀਕੀ ਮਸਲੇ

Home » Blog » ਡਿਜੀਟਲ ਕ੍ਰਾਂਤੀ, ਰਾਮਦੇਵ ਵਿਵਾਦ ਅਤੇ ਹਕੀਕੀ ਮਸਲੇ
ਡਿਜੀਟਲ ਕ੍ਰਾਂਤੀ, ਰਾਮਦੇਵ ਵਿਵਾਦ ਅਤੇ ਹਕੀਕੀ ਮਸਲੇ

ਡਿਜੀਟਲ ਕ੍ਰਾਂਤੀ ਦੁਨੀਆ ਨੂੰ ਹੈਰਾਨਕੁਨ ਢੰਗ ਨਾਲ ਬਦਲ ਰਹੀ ਹੈ ਜਿਸ ਕਰ ਕੇ ਅੱਜ ਇਹ ਗੱਲ ਬਹੁਤ ਅਹਿਮ ਹੈ ਕਿ ਭਾਰਤ ਨੂੰ ਵਿਗਿਆਨਕ ਅਤੇ ਤਕਨਾਲੋਜੀ ਦੀ ਖੋਜ ਦਾ ਪ੍ਰਮਾਣਿਕ ਕੇਂਦਰ ਬਣਾਇਆ ਜਾਵੇ।

ਇਸ ਮੰਤਵ ਲਈ ਇਕਾਗਰਚਿਤ, ਇੱਛਾ ਸ਼ਕਤੀ ਅਤੇ ਵਧੇਰੇ ਵਸੀਲਿਆਂ ਦੀ ਵਚਨਬੱਧਤਾ ਦਰਕਾਰ ਹੈ। ਨਾਲ ਹੀ ਅਜਿਹੀਆਂ ਵਿਚਾਰ ਚਰਚਾਵਾਂ ’ਤੇ ਊਰਜਾ ਖਰਚ ਨਾ ਕੀਤੀ ਜਾਵੇ ਜਿਹੋ ਜਿਹੀ ਵਿਚਾਰ ਚਰਚਾ ਰਾਮਦੇਵ ਨੇ ਸ਼ੁਰੂ ਕੀਤੀ ਹੈ। ਐਲੋਪੈਥਿਕ ਡਾਕਟਰਾਂ ਖਿਲਾਫ਼ ਬਾਬਾ ਰਾਮਦੇਵ ਦੀ ਵਿਵਾਦ ਵਾਲੀ ਤਲਖ਼ ਕਲਾਮੀ ਬਿਲਕੁਲ ਗ਼ਲਤ ਹੈ; ਖ਼ਾਸਕਰ ਅੱਜ ਕੱਲ੍ਹ ਕੋਵਿਡ ਦੇ ਸਮਿਆਂ ਦੌਰਾਨ ਜਦੋਂ ਐਲੋਪੈਥਿਕ ਡਾਕਟਰ ਪੂਰੀ ਤਨਦੇਹੀ ਅਤੇ ਦਲੇਰੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਇਹੋ ਜਿਹੀ ਬਿਆਨਬਾਜ਼ੀ ਬੇਲੋੜੀ ਹੈ। ਮਹਾਮਾਰੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਮੁਹਾਜ਼ ਤੇ ਉਹ ਅੱਗੇ ਹੋ ਕੇ ਲੜ ਰਹੇ ਹਨ। ਇਸ ਅਮਲ ਦੌਰਾਨ ਸੈਂਕੜੇ ਡਾਕਟਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਮੌਕਿਆਂ ਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਉਨ੍ਹਾਂ ਰਾਸ਼ਟਰ ਦੀ ਤਰਫ਼ੋਂ ਇਸ ਮੈਡੀਕਲ ਬਰਾਦਰੀ ਜਿਸ ਵਿਚ ਜ਼ਿਆਦਾਤਰ ਐਲੋਪੈਥਿਕ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਸ਼ਾਮਲ ਹੈ, ਦਾ ਧੰਨਵਾਦ ਕੀਤਾ ਸੀ।

ਇਸ ਵਿਵਾਦ ਦਾ ਬਹੁਤ ਹੀ ਪ੍ਰੇਸ਼ਾਨਕੁਨ ਹਿੱਸਾ ਉਹ ਹੈ ਜਿਸ ਵਿਚ ਰਾਮਦੇਵ ਨੇ ਐਲੋਪੈਥਿਕ ਡਾਕਟਰਾਂ ਨੂੰ ਉਨ੍ਹਾਂ ਦੀ ਚਕਿਤਸਾ ਪ੍ਰਣਾਲੀ ਦੀ ਕਾਰਕਰਦਗੀ ਬਾਰੇ 25 ਸਵਾਲ ਪੁੱਛ ਕੇ ਇਕ ਕਿਸਮ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਹਤਯਾਬੀ ਵਾਸਤੇ ਪ੍ਰਾਚੀਨ ਚਕਿਤਸਾ ਪ੍ਰਣਾਲੀਆਂ ਵਿਚ ਕਈ ਗੁਣ ਹਨ ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੌਜੂਦਾ ਆਲਮੀ ਸਿਹਤ ਪ੍ਰਣਾਲੀਆਂ ਐਲੋਪੈਥਿਕ ਚਕਿਤਸਾ ਪ੍ਰਣਾਲੀਆਂ ਤੇ ਆਧਾਰਿਤ ਹਨ। ਇਹ ਉਹ ਪ੍ਰਣਾਲੀ ਹੈ ਜਿਸ ਨੇ ਦੁਨੀਆ ਭਰ ਵਿਚ ਪੁਰਾਣੀਆਂ ਅਲਾਮਤਾਂ ਨੂੰ ਕਾਬੂ ਕਰਨ, ਸਿਹਤ ਦੇ ਮਿਆਰ ਉੱਚੇ ਚੁੱਕਣ ਅਤੇ ਇਨਸਾਨੀ ਜ਼ਾਤ ਦੀ ਉਮਰ ਲੰਮੇਰੀ ਕਰਨ ਵਿਚ ਮਦਦ ਕੀਤੀ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਸੰਪੂਰਨ ਹੈ, ਜਾਂ ਫਿਰ ਇਹ ਸਿਹਤ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਸਮੱਰਥ ਹੈ। ਦਰਅਸਲ, ਮੈਡੀਕਲ ਗਿਆਨ ਦੇ ਬਹੁਤ ਸਾਰੇ ਖੇਤਰਾਂ ਵਿਚ ਖੱਪੇ ਹਨ ਪਰ ਆਧੁਨਿਕ ਡਾਕਟਰ ਇਸ ਤੱਥ ਨੂੰ ਸਵੀਕਾਰ ਕਰਦੇ ਹਨ। ਕੋਵਿਡ ਮਹਾਮਾਰੀ ਇਸ ਸੂਰਤ ਵੱਲ ਧਿਆਨ ਦਿਵਾ ਰਹੀ ਹੈ।

ਇਸ ਦਾ ਕਾਰਨ ਇਕ ਨਵਾਂ ਕਿਸਮ ਦਾ ਵਾਇਰਸ ਹੈ ਅਤੇ ਐਲੋਪੈਥਿਕ ਮੈਡੀਕਲ ਸਾਇੰਸ ਇਸ ਦੀ ਰੋਕਥਾਮ ਤੇ ਇਲਾਜ ਦੇ ਸਾਧਨਾਂ ਤੇ ਲਗਾਤਾਰ ਕੰਮ ਕਰ ਰਹੀ ਹੈ। ਐਮਰਜੈਂਸੀ ਪ੍ਰੋਟੋਕਾਲਾਂ ਦੀ ਤੇਜ਼ੀ ਨਾਲ ਵਰਤੋਂ ਜ਼ਰੀਏ ਵੈਕਸੀਨਾਂ ਦੀ ਈਜਾਦ ਦੇ ਰੂਪ ਵਿਚ ਰੋਕਥਾਮ ਦੇ ਸਾਧਨਾਂ ਦੇ ਮਾਮਲੇ ਵਿਚ ਕੁਝ ਪ੍ਰਗਤੀ ਹੋ ਰਹੀ ਹੈ। ਇਨ੍ਹਾਂ ਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ। ਲੋਕਾਂ ਦੇ ਮਨਾਂ ਅੰਦਰ ਵੈਕਸੀਨਾਂ ਬਾਰੇ ਸ਼ੱਕ ਪੈਦਾ ਨਹੀਂ ਕਰਨੇ ਚਾਹੀਦੇ। ਆਧੁਨਿਕ ਭਾਰਤੀ ਡਾਕਟਰਾਂ ਨੇ ਦੁਨੀਆ ਭਰ ਵਿਚ ਨਾਮਣਾ ਖੱਟਿਆ ਹੈ। ਇਸੇ ਕਰ ਕੇ ਉਪ ਮਹਾਦੀਪ ਅਤੇ ਇਸ ਤੋਂ ਪਰ੍ਹੇ ਤੋਂ ਵੀ ਹਜ਼ਾਰਾਂ ਦੀ ਤਾਦਾਦ ਵਿਚ ਮਰੀਜ਼ ਭਾਰਤੀ ਹਸਪਤਾਲਾਂ ਵਿਚ ਇਲਾਜ ਕਰਾਉਣ ਆਉਂਦੇ ਹਨ। ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਨ੍ਹਾਂ ਮਰੀਜ਼ਾਂ ਦਾ ਭਰੋਸਾ ਟੁੱਟਦਾ ਹੋਵੇ ਤੇ ਜਿਸ ਕਰ ਕੇ ਭਾਰਤ ਦੀ ਲਲਿਤ ਸ਼ਕਤੀ, ਭਾਵ ਸੌਫਟਪਾਵਰ ਦਾ ਅਕਸ ਖਰਾਬ ਹੋ ਸਕਦਾ ਹੈ। ਇਸ ਮਾਮਲੇ ਵਿਚ ਭਾਰਤੀ ਸੌਫਟਪਾਵਰ ਅਤੇ ਯੋਗ ਅਭਿਆਸ ਦੇ ਯੋਗਦਾਨ ਵਿਚ ਕੋਈ ਅੰਤਰ-ਵਿਰੋਧ ਨਹੀਂ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ ਮਤੇ ਨੰਬਰ 69/131 ਵਿਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਮਾਨਤਾ ਦਿੱਤੀ ਸੀ, ਕਿਉਂਕਿ ਇਹ ਸਿਹਤ ਅਤੇ ਮਨੁੱਖੀ ਭਲਾਈ ਸਰਬਪੱਖੀ ਪਹੁੰਚ ਰੱਖਦਾ ਹੈ। ਇਸ ਲਿਹਾਜ਼ ਤੋਂ ਪ੍ਰਾਚੀਨ ਚਕਿਤਸਾ ਅਤੇ ਆਧੁਨਿਕ ਮੈਡੀਕਲ ਪ੍ਰਣਾਲੀ ਇਕ ਦੂਜੇ ਦੀਆਂ ਪੂਰਕ ਹਨ, ਅੰਤਰ-ਵਿਰੋਧੀ ਨਹੀਂ। ਆਧੁਨਿਕ ਦਵਾ ਪ੍ਰਣਾਲੀ ਵਿਗਿਆਨਕ ਨਿਰੀਖਣ ਅਤੇ ਪਰਖਯੋਗ ਵਿਧੀਆਂ ਦੇ ਆਧਾਰ ਤੇ ਸਬੂਤ ਦੀ ਗਹਿਰੀ ਪੁਣਛਾਣ ਦੇ ਆਧਾਰ ਤੇ ਆਪਣਾ ਰਸਤਾ ਅਖਤਿਆਰ ਕਰਦੀ ਹੈ। ਬਾਕੀ ਦੇ ਸਾਰੇ ਭੌਤਿਕ ਅਤੇ ਇੱਥੋਂ ਤੱਕ ਸਮਾਜ ਵਿਗਿਆਨਾਂ ਵਿਚ ਵੀ ਇਹ ਸਿਧਾਂਤ ਲਾਗੂ ਹੁੰਦੇ ਹਨ। ਸੁਭਾਵਿਕ ਹੈ ਕਿ ਜਦੋਂ ਸਬੂਤ ਬਦਲਦੇ ਹਨ ਤਾਂ ਸਿੱਟੇ ਵੀ ਬਦਲ ਜਾਂਦੇ ਹਨ। ਇਸ ਤਰੀਕੇ ਰਾਹੀਂ ਹੀ ਗਿਆਨ ਦਾ ਵਿਕਾਸ ਹੁੰਦਾ ਹੈ; ਮਨੁੱਖੀ ਸੁਭਾਅ ਅੰਤਰ-ਵਿਰੋਧਾਂ ਨਾਲ ਭਰਿਆ ਹੋਇਆ ਹੈ।

ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਇਨਸਾਨ ਹਮੇਸ਼ਾ ਪੁਖ਼ਤਾ ਗਿਆਨ ਦੇ ਆਧਾਰ ਤੇ ਹੀ ਕੰਮ ਕਰਦਾ ਹੈ। ਉਂਜ, ਅਗਾਂਹਵਧੂ ਆਗੂ ਆਪਣੇ ਲੋਕਾਂ ਨੂੰ ਵਿਗਿਆਨ ਅਤੇ ਤਰਕ ਦੇ ਮਾਰਗ ਤੇ ਲਿਜਾਣ ਦੀ ਚਾਹਨਾ ਰੱਖਦੇ ਹਨ ਅਤੇ ਵਿਗਿਆਨਕ ਸੋਚ ਉਭਾਰਨ ਵਾਲੀਆਂ ਸੰਸਥਾਵਾਂ ਉਸਾਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਮਨਸ਼ਾ ਹੁੰਦੀ ਹੈ ਕਿ ਵਿਗਿਆਨ ਵਿਚ ਨਿਹਿਤ ਤਰਕ ਤੇ ਦਲੀਲ ਸਮਾਜ ਦੀ ਅਗਵਾਈ ਕਰੇ। ਉਹ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੇ ਲੋਕ ਅਗਾਂਹਵਧੂ ਬਣਨ ਤੇ ਨਾਲ ਹੀ ਆਪਣੀਆਂ ਪ੍ਰਾਚੀਨ ਪ੍ਰਾਪਤੀਆਂ ਤੇ ਮਾਣ ਵੀ ਕਰਨ। ਭਾਰਤ ਦੇ ਚੰਗੇ ਭਾਗ ਸਨ ਕਿ ਇਸ ਨੂੰ ਨਹਿਰੂ ਦੇ ਰੂਪ ਵਿਚ ਅਜਿਹਾ ਆਗੂ ਮਿਲਿਆ ਸੀ ਜਿਸ ਦੀ 27 ਮਈ ਨੂੰ ਬਰਸੀ ਲੰਘੀ ਹੈ। ਭਾਰਤ ਅਜਿਹੇ ਸਮੇਂ ਵਿਚੋਂ ਗੁਜ਼ਰ ਰਿਹਾ ਹੈ ਜਦੋਂ ਨਹਿਰੂ ਅਤੇ ਉਸ ਦੀ ਵਿਰਾਸਤ ਤੇ ਨਿਰੰਤਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀਆਂ ਘਰੋਗੀ ਤੇ ਵਿਦੇਸ਼ ਨੀਤੀਆਂ ਦੀ ਨੁਕਤਾਚੀਨੀ ਹੀ ਨਹੀਂ ਕੀਤੀ ਜਾ ਰਹੀ ਸਗੋਂ ਉਨ੍ਹਾਂ ਦਾ ਤਿਰਸਕਾਰ ਵੀ ਕੀਤਾ ਜਾ ਰਿਹਾ ਹੈ।

ਪਿੱਛਲਝਾਤ ਮਾਰਿਆਂ ਪਤਾ ਚਲਦਾ ਹੈ ਕਿ ਬਿਨਾਂ ਸ਼ੱਕ ਨਹਿਰੂ ਤੋਂ ਬਹੁਤ ਸਾਰੇ ਨੀਤੀਗਤ ਖੇਤਰਾਂ ਵਿਚ ਗ਼ਲਤੀਆਂ ਹੋਈਆਂ ਸਨ ਤੇ ਬਿਹਤਰ ਹੁੰਦਾ ਜੇ ਉਨ੍ਹਾਂ ਬਦਲਵੇਂ ਰਾਹਾਂ ਦੀ ਚੋਣ ਕੀਤੀ ਹੁੰਦੀ ਹਾਲਾਂਕਿ ਆਜ਼ਾਦੀ ਦੇ ਪਹਿਲੇ ਦਹਾਕੇ ਵਿਚ ਦੇਸ਼ ਸਾਹਮਣੇ ਬਹੁਤ ਜ਼ਿਆਦਾ ਸਮੱਸਿਆਵਾਂ ਦਰਪੇਸ਼ ਸਨ ਜਿਸ ਕਰ ਕੇ ਕਈ ਮਜਬੂਰੀਆਂ ਬਣੀਆਂ ਹੋਈਆਂ ਸਨ। ਯਕੀਨਨ, ਵਿਦੇਸ਼ ਨੀਤੀ ਦੇ ਖੇਤਰ ਵਿਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਅਤੇ ਚੀਨ ਪ੍ਰਤੀ ਪਹੁੰਚ ਵੱਖਰੀ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਸੁਰੱਖਿਆ ਦੀਆਂ ਨੀਤੀਆਂ ਵਿਚ ਵੀ ਨਹਿਰੂ ਨੂੰ ਰੱਖਿਆ ਬਲਾਂ ਦੇ ਆਧੁਨਿਕੀਕਰਨ ਅਤੇ ਵਿਸਤਾਰਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸੀ, ਭਾਵੇਂ ਇਸ ਮੰਤਵ ਲਈ ਆਪਣੇ ਕਮਜ਼ੋਰ ਮਾਲੀ ਵਸੀਲਿਆਂ ਤੇ ਹੋਰ ਜ਼ਿਆਦਾ ਬੋਝ ਪਾਉਣਾ ਪੈਂਦਾ।

ਇਨ੍ਹਾਂ ਲੇਖੇ-ਜੋਖਿਆਂ ਦੇ ਮੱਦੇਨਜ਼ਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹ ਆਧੁਨਿਕ ਸਾਇੰਸ ਤੇ ਤਕਨਾਲੋਜੀ ਦੀ ਪੈਰਵੀ ਅਤੇ ਦੌਲਤ ਅਤੇ ਆਮਦਨ ਦੀ ਵਧੇਰੇ ਸਾਵੀਂ ਵੰਡ ਦੇ ਜ਼ਰੀਏ ਭਾਰਤੀ ਸਮਾਜ ਨੂੰ ਅਗਾਂਹਵਧੂ ਤੇ ਸਮਤਾਪੂਰਨ ਬਣਾਉਣ ਲਈ ਦ੍ਰਿੜ ਸੰਕਲਪ ਸਨ। ਭਾਰਤ ਦੇ ਪੱਛਮੀ ਬਸਤੀਵਾਦ ਦੀ ਜਕੜ ਵਿਚ ਆਉਣ ਦੇ ਕਾਰਨਾਂ ਵਿਚੋਂ ਇਕ ਕਾਰਨ ਇਹ ਸੀ ਕਿ ਯੂਰੋਪ ਨੇ ਸਾਇੰਸ ਅਤੇ ਤਕਨਾਲੋਜੀ ਵਿਚ ਵੱਡੀਆਂ ਮੱਲਾਂ ਮਾਰੀਆਂ ਸਨ ਜਿਸ ਦੇ ਸਿੱਟੇ ਵਜੋਂ ਪਹਿਲਾ ਸਨਅਤੀ ਇਨਕਲਾਬ ਆਇਆ ਸੀ। ਇਸ ਨਾਲ ਜਦੋਂ ਯੂਰੋਪ ਦੀ ਸ਼ਕਤੀ ਵਧ ਰਹੀ ਸੀ ਤਾਂ ਭਾਰਤੀ ਵਿਗਿਆਨ ਖੜੋਤ ਵਿਚ ਆ ਗਿਆ ਸੀ। ਨਹਿਰੂ ਤੇ ਆਜ਼ਾਦੀ ਸੰਗਰਾਮ ਦੇ ਹੋਰਨਾਂ ਅਗਾਂਹਵਧੂ ਨੇ ਇਸ ਤੋਂ ਜੋ ਅਟਲ ਸਬਕ ਲਿਆ ਸੀ, ਉਹ ਇਹ ਸੀ ਕਿ ਭਾਰਤ ਦੇ ਸਮਾਜਿਕ ਤੇ ਆਰਥਿਕ ਆਧੁਨਿਕੀਕਰਨ ਦੀ ਲੜੀ ਦੇ ਤੌਰ ਤੇ ਇਸ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਾਉਣ ਦੀ ਲੋੜ ਹੈ।

ਨਹਿਰੂ ਆਪਣੇ ਸਮੁੱਚੇ ਸਿਆਸੀ ਕਰੀਅਰ ਦੌਰਾਨ ਇਸੇ ਸੋਚ ਤੋਂ ਪ੍ਰੇਰਿਤ ਹੁੰਦੇ ਰਹੇ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੇ 17 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਬਸਤੀਵਾਦੀ ਸ਼ਾਸਨ ਤੋਂ ਮੁਕਤ ਹੋਏ ਬਹੁਤ ਸਾਰੇ ਮੁਲਕਾਂ ਦੇ ਉਲਟ ਭਾਰਤ ਨੇ ਵਿਗਿਆਨ ਤੇ ਤਕਨਾਲੋਜੀ ਦੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਵਿਚੋਂ ਕੁਝ ਲਈ ਵਿਦੇਸ਼ੀ ਮਦਦ ਵੀ ਲਈ ਗਈ ਸੀ। ਇਨ੍ਹਾਂ ਵਿਚੋਂ ਕੁਝ ਸੰਸਥਾਵਾਂ ਨੂੰ ਪ੍ਰਬੀਨਤਾ ਦੀ ਕੌਮਾਂਤਰੀ ਪ੍ਰਵਾਨਗੀ ਵੀ ਹਾਸਲ ਹੋਈ ਅਤੇ ਇਸ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਨਤਾ ਮਿਲੀ। ਇਨ੍ਹਾਂ ਵਿਚ ਭਾਰਤੀ ਮੈਡੀਕਲ ਕਾਲਜਾਂ ਵਿਚ ਸਿਖਲਾਈਯਾਫ਼ਤਾ ਡਾਕਟਰ ਵੀ ਸ਼ਾਮਲ ਸਨ।

ਨਹਿਰੂ ਨੇ ਸਾਇੰਸ ਤੇ ਤਕਨਾਲੋਜੀ ਸੰਸਥਾਵਾਂ ਦਾ ਚੌਖਟਾ ਉਸਾਰਦਿਆਂ ਭਾਰਤੀ ਸਮਾਜ ਨੂੰ ਵਿਗਿਆਨਕ ਮੱਸ ਪੈਦਾ ਕਰਨ ਦਾ ਸੱਦਾ ਦਿੱਤਾ ਸੀ ਜਿਸ ਨਾਲ ਮੁਲਕ ਆਧੁਨਿਕ ਯੁੱਗ ਵਿਚ ਅਗਾਂਹ ਵਧਣ ਦੇ ਕਾਬਿਲ ਬਣ ਸਕੇਗਾ। ਡਿਜੀਟਲ ਕ੍ਰਾਂਤੀ ਦੁਨੀਆ ਨੂੰ ਹੈਰਾਨਕੁਨ ਢੰਗ ਨਾਲ ਬਦਲ ਰਹੀ ਹੈ ਜਿਸ ਕਰ ਕੇ ਅੱਜ ਇਹ ਗੱਲ ਬਹੁਤ ਅਹਿਮ ਹੈ ਕਿ ਭਾਰਤ ਨੂੰ ਵਿਗਿਆਨਕ ਅਤੇ ਤਕਨਾਲੋਜੀ ਦੀ ਖੋਜ ਦਾ ਪ੍ਰਮਾਣਿਕ ਕੇਂਦਰ ਬਣਾਉਣ ਲਈ ਨਹਿਰੂ ਦੇ ਨਜ਼ਰੀਏ ਨੂੰ ਅਗਾਂਹ ਵਧਾਇਆ ਜਾਵੇ। ਇਸ ਮੰਤਵ ਲਈ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਦੋਵਾਂ ਵਲੋਂ ਇਕਾਗਰਚਿਤ, ਇੱਛਾ ਸ਼ਕਤੀ ਅਤੇ ਵਧੇਰੇ ਵਸੀਲਿਆਂ ਦੀ ਵਚਨਬੱਧਤਾ ਦਰਕਾਰ ਹੈ। ਇਸ ਦਾ ਭਾਵ ਇਹ ਵੀ ਹੈ ਕਿ ਅਜਿਹੀਆਂ ਵਿਚਾਰ ਚਰਚਾਵਾਂ ਤੇ ਰਾਸ਼ਟਰੀ ਊਰਜਾ ਖਰਚ ਨਾ ਕੀਤੀ ਜਾਵੇ ਜਿਹੋ ਜਿਹੀ ਵਿਚਾਰ ਚਰਚਾ ਰਾਮਦੇਵ ਵਲੋਂ ਸ਼ੁਰੂ ਕੀਤੀ ਗਈ ਹੈ। ਆਖ਼ਰੀ ਨੁਕਤਾ ਇਹ ਹੈ ਕਿ ਨਹਿਰੂ ਯੋਗ ਦੇ ਹਮਾਇਤੀ ਸਨ ਅਤੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਯੋਗ ਅਭਿਆਸ ਕਰਦੇ ਰਹੇ ਸਨ।

Leave a Reply

Your email address will not be published.