ਡਾਇਸਪੋਰਾ ਸੈਂਟਰ ਵੱਲੋਂ ਡਾ. ਦਰਸ਼ਨ ਸਿੰਘ ਤਾਤਲਾ ਸਿਮ੍ਰਿਤੀ ਵੈਬੀਨਾਰ

Home » Blog » ਡਾਇਸਪੋਰਾ ਸੈਂਟਰ ਵੱਲੋਂ ਡਾ. ਦਰਸ਼ਨ ਸਿੰਘ ਤਾਤਲਾ ਸਿਮ੍ਰਿਤੀ ਵੈਬੀਨਾਰ
ਡਾਇਸਪੋਰਾ ਸੈਂਟਰ ਵੱਲੋਂ ਡਾ. ਦਰਸ਼ਨ ਸਿੰਘ ਤਾਤਲਾ ਸਿਮ੍ਰਿਤੀ ਵੈਬੀਨਾਰ

ਡਾਇਸਪੋਰਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਿੱਖ ਡਾਇਸਪੋਰਾ ਅਤੇ ਪੰਜਾਬ ਚਿੰਤਨ ਦੇ ਮਿਸਾਲੀ ਵਿਦਵਾਨ ਡਾ. ਦਰਸ਼ਨ ਸਿੰਘ ਤਾਤਲਾ ਦੀ ਯਾਦ ਵਿਚ ਇਕ ਸਿਮ੍ਰਿਤੀ ਵੈਬੀਨਾਰ ਦਾ ਆਯੋਜਿਨ ਕੀਤਾ ਗਿਆ।

ਇਸ ਵੈਬੀਨਾਰ ਵਿਚ ਹੈਮਲਾਈਨ ਯੂਨੀਵਰਸਿਟੀ ਯੂ ਐਸ ਏ ਤੋਂ ਪ੍ਰੋਫ਼ੈਸਰ ਵਰਨ ਏ ਡਜ਼ਨਵਰੀ, ਯੂਨੀਵਰਸਿਟੀ ਆਫ਼ ਮਿਸ਼ੀਗਨ ਯੂ ਐਸ ਏ ਤੋਂ ਪ੍ਰੋ. ਅਰਵਿੰਦਰ ਪਾਲ ਸਿੰਘ ਮੰਡੇਰ, ਔਕਸਫ਼ੋਰਡ ਬਰੁਕਸ ਬਿਜਨਿਸ ਸਕੂਲ ਯੂ ਕੇ ਤੋਂ ਪ੍ਰੋਫ਼ੈਸਰ ਪ੍ਰੀਤਮ ਸਿੰਘ, ਸਟਾਕਟਿਨ ਰਿਵਰਸਾਈਡ ਕਾਲਜ, ਯੂ ਕੇ ਤੋਂ ਡਾ. ਸੁਜਿੰਦਰ ਸਿੰਘ ਸੰਘਾ (ਸਾਬਕਾ ਪ੍ਰਿੰਸੀਪਲ), ਆਈ ਆਈ ਟੀ ਖੜਗਪੁਰ ਅਤੇ ਭਾਰਤ ਤੋਂ ਪ੍ਰੋ. ਅੰਜਲੀ ਗੀਰਾ ਰੌਏ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਇਸ ਵੈਬੀਨਾਰ ਵਿਚ ਡਾ. ਦਰਸ਼ਨ ਸਿੰਘ ਤਾਤਲਾ ਦੇ ਸਪੁੱਤਰ ਰਾਜਵੰਤ ਸਿੰਘ ਤਾਤਲਾ ਅਤੇ ਹੋਰ ਪਰਿਵਾਰ ਦੇ ਮੈਂਬਰ ਸ਼ਾਮਿਲ ਹੋਏ। ਵੈਬੀਨਾਰ ਦੀ ਪ੍ਰਧਾਨਗੀ ਪ੍ਰੋ ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਵੈਬੀਨਾਰ ਬਾਬਤ ਜਾਣਕਾਰੀ ਦਿੰਦਿਆਂ ਡਾਇਸਪੋਰਾ ਕੇਂਦਰ ਦੇ ਡਾਇਰੈਕਟਰ ਪ੍ਰੋ. ਗੁਰਮੁਖ ਸਿੰਘ ਨੇ ਕਿਹਾ ਕਿ ਡਾ. ਤਾਤਲਾ ਦੇ ਪੰਜਾਬ ਚਿੰਤਨ ਅਤੇ ਪੰਜਾਬ ਮੋਹ ਨੂੰ ਯਾਦ ਕਰਨਾ ਇਸ ਲਈ ਜ਼ਿਆਦਾ ਜ਼ਰੂਰੀ ਹੈ ਕਿ ਇਸ ਨਾਲ ਪੰਜਾਬ ਨੂੰ ਅਲਵਿਦਾ ਕਹਿਣ ਵਾਲ਼ੇ ਭਾਰੂ ਪ੍ਰਵਚਨ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।

ਪ੍ਰੋ ਅਰਵਿੰਦ ਨੇ ਆਪਣੇ ਪ੍ਰਦਾਨਗੀ ਭਾਸ਼ਣ ਵਿਚ ਡਾ. ਤਾਤਲਾ ਦੇ ਵਿਸ਼ਾਲ ਅਤੇ ਗਹਿਰਾਈ ਨਾਲ ਭਰੇ ਖੋਜ-ਕਾਰਜ ਦੀ ਗੱਲ ਕਰਦਿਆਂ ਕਿਹਾ ਕਿ ਸੱਚਾ ਖੋਜੀ ਉਹੀ ਹੁੰਦਾ ਹੈ, ਜਿਹੜਾ ਕਿਸੇ ਵੀ ਸਮੱਸਿਆ ਨੂੰ ਖੋਜ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੰਦਾ। ਉਨ੍ਹਾਂ ਕਿਹਾ ਕਿ ਡਾ. ਤਾਤਲਾ ਜਿਸ ਤਰ੍ਹਾਂ ਬਿਨਾ ਕਿਸੇ ਬਹੁਤੀ ਸੰਸਥਾਗਤ ਸਹਾਇਤਾ ਦੇ ਸਿਰੜ ਨਾਲ ਕੰਮ ਕਰਦੇ ਰਹੇ, ਉਹ ਸਾਡੀ ਯੂਨੀਵਰਸਿਟੀ ਦੇ ਖੋਜੀਆਂ ਲਈ ਇਕ ਪ੍ਰੇਰਨਾ ਹੋ ਸਕਦੀ ਹੈ। ਪ੍ਰੋ. ਵਰਨ ਏ ਡਜ਼ਨਵਰੀ ਨੇ ਨਿੱਜੀ ਅਤੇ ਅਕਾਦਮਿਕ ਸਾਂਝ ਦੀ ਚਰਚਾ ਕਰਦਿਆਂ ਡਾ. ਤਾਤਲਾ ਦੀ ਪੰਜਾਬ ਨਾਲ ਗਹਿਰੀ ਮੁਹੱਬਤ, ਸਿੱਖ ਡਾਇਸਪੋਰਾ ਅਧਿਐਨਾਂ ਸਬੰਧੀ ਉਨ੍ਹਾਂ ਦੀ ਵਿਸ਼ਾਲ ਜਾਣਕਾਰੀ, ਅਕਾਦਮਿਕ ਵਿਦਵਤਾ ਨੂੰ ਉਭਾਰਨ ਹਿੱਤ ਉਨ੍ਹਾਂ ਦੀ ਸ਼ਿੱਦਤ ਅਤੇ ਪੰਜਾਬ ਚਿੰਤਨ ਪ੍ਰਤਿ ਉਨ੍ਹਾਂ ਦੀ ਦੂਰ-ਅੰਦੇਸੀ ਦੇ ਪੱਖਾਂ ਨੂੰ ਸਾਂਝਾ ਕੀਤਾ।

ਪ੍ਰੋ ਪ੍ਰੀਤਮ ਸਿੰਘ ਨੇ ਡਾ.ਤਾਤਲਾ ਦੀ ਪੰਜਾਬ ਰਿਸਰਚ ਗਰੁੱਪ ਯੂ ਕੇ ਨੂੰ ਸਥਾਪਿਤ ਕਰਨ ਹਿੱਤ ਨਿਭਾਈ ਸੰਸਥਾਗਤ ਭੂਮਿਕਾ ਦੀ ਗੱਲ ਕਰਦਿਆਂ ਕਿਹਾ ਕਿ ਉਹ ਵਿਚਾਰਧਾਰਕ ਵੰਨ-ਸੁਵੰਨਤਾ ਨੂੰ ਪਿਆਰ ਕਰਨ ਵਾਲੇ ਅਜਿਹੇ ਵਿਦਵਾਨ ਸਨ ਜਿਹੜੇ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਕਾਰ ਇਕ ਠੋਸ ਬੋਧਿਕ ਕੜੀ ਸਨ। ਪ੍ਰੋ ਮੰਡੇਰ ਨੇ ਕਿਹਾ ਕਿ ਡਾ. ਤਾਤਲਾ ਨਵੇਂ ਖੋਜੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਹਲੀਮੀ ਨਾਲ ਭਰੇ ਅਜਿਹੇ ਉੱਚ-ਲਿਆਕਤ ਵਾਲੇ ਵਿਦਵਾਨ ਸਨ, ਜਿਨ੍ਹਾਂ ਦਾ ਨਾਂ ਪੰਜਾਬ/ਸਿੱਖ ਚਿੰਤਨ ਵਿਚ ਕੰਮ ਕਰਨ ਵਾਲੇ ਹਰ ਵਿਅਕਤੀ ਦੇ ਚੇਤਿਆਂ ਵਿਚ ਹੁੰਦਾ ਸੀ।

ਪ੍ਰੋ. ਅੰਜਲੀ ਗੀਰਾ ਰੌਏ ਨੇ ਕਾਮਾਗਾਟਾ ਮਾਰੂ ਸਬੰਧੀ ਚਿੰਤਨ ਦੇ ਪ੍ਰਸੰਗ ਵਿਚ ਡਾ. ਤਾਤਲਾ ਦੀ ਸਖਸ਼ੀਅਤ ਦੇ ਨਿਮਰਤਾ, ਬੌਧਿਕ ਗਹਿਰਾਈ ਅਤੇ ਸਹਿਕਰਮੀਆਂ ਨੂੰ ਬੌਧਿਕ ਸਿਖਲਾਈ ਦੇਣ ਵਾਲੇ ਪੱਖਾਂ ਨੂੰ ਉਭਾਰਿਆ। ਡਾ. ਸੁਜਿੰਦਰ ਸਿੰਘ ਸੰਘਾ ਨੇ ਕਿਹਾ ਕਿ ਡਾ. ਤਾਤਲਾ ਦੀ ਸੋਚ, ਵਿਚਾਰਧਾਰਾ ਅਤੇ ਕਰਮ ਪਿੱਛੇ ਸਿੱਖ ਈਥੋਸ ਦੀ ਮੁੱਖ ਭੂਮਿਕਾ ਸੀ, ਇਸੇ ਭੂਮਿਕਾ ਕਾਰਨ ਉਨ੍ਹਾਂ ਡਾਇਸਪੋਰਾ ਅਤੇ ਪੰਜਾਬ ਚਿੰਤਨ ਵਿਚ ਪੰਜਾਬ ਦੀ ਧਰਤੀ ਨਾਲ ਜੁੜੀ ਵਿਚਾਰਧਾਰਾ ਨੂੰ ਸਥਾਪਿਤ ਕਰਨ ਦਾ ਅਹਿਮ ਕੰਮ ਕੀਤਾ। ਕੇਂਦਰ ਕੋਆਰਡੀਨੇਟਰ ਡਾ. ਧਰਮਜੀਤ ਨੇ ਵੈਬੀਨਰ ਦੇ ਸੰਯੋਜਕ ਵਜੋਂ ਭੂਮਿਕਾ ਨਿਭਾਉਂਦਿਆਂ

ਡਾ. ਤਾਤਲਾ ਦੀ ਮਹਿਮਾਨ ਵਕਤਿਆਂ ਨਾਲ ਸਾਂਝ ਦੇ ਨਿੱਜੀ ਅਤੇ ਅਕਾਦਮਿਕ ਪ੍ਰਸੰਗਾਂ ਨੂੰ ਉਭਾਰਦਿਆਂ ਸਾਰ-ਗਰਭਿਤ ਟਿੱਪਣੀਆਂ ਕੀਤੀਆਂ। ਇਸ ਵੈਬੀਨਾਰ ਵਿਚ ਡਾ. ਦਰਸ਼ਨ ਸਿੰਘ ਤਾਤਲਾ ਟਰੱਸਟ ਅਤੇ ਡਾਇਸਪੋਰਾ ਅਧਿਐਨ ਕੇਂਦਰ ਦਰਮਿਆਨ ਬਣੀ ਸਮਝ ਤਹਿਤ ਡਾਇਸਪੋਰਾ ਕੇਂਦਰ ਵੱਲੋਂ ਹਰ ਸਾਲ ਮਾਰਚ ਦੇ ਮਹੀਨੇ ਡਾ. ਦਰਸ਼ਨ ਸਿੰਘ ਤਾਤਲਾ ਯਾਦਗਾਰੀ ਭਾਸ਼ਣ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

Leave a Reply

Your email address will not be published.