ਡਰੱਗ ਮਾਮਲੇ ‘ਚ ਮਜੀਠੀਆ ਸਿੱਟ ਅੱਗੇ ਪੇਸ਼, ਢਾਈ ਘੰਟੇ ਪੁੱਛਗਿੱਛ

ਐੱਸ. ਏ. ਐੱਸ. ਨਗਰ / ਡਰੱਗ ਮਾਮਲੇ ‘ਚ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੁੱਧਵਾਰ 11 ਵਜੇ ਦੇ ਕਰੀਬ ਫੇਜ਼-4 ਸਥਿਤ ਸਟੇਟ ਕ੍ਰਾਈਮ ਥਾਣੇ ‘ਚ ਐਸ.ਆਈ.ਟੀ. ਮੈਂਬਰਾਂ ਦੇ ਸਾਹਮਣੇ ਪੇਸ਼ ਹੋਏ।

ਇਸ ਦੌਰਾਨ ਮਜੀਠੀਆ ਦੇ ਨਾਲ ਉਨ੍ਹਾਂ ਦੇ ਵਕੀਲ ਡੀ.ਐੱਸ.ਸੋਬਤੀ ਤੇ ਐੱਚ.ਐੱਸ. ਧਨੋਆ ਵੀ ਹਾਜ਼ਰ ਸਨ ਪਰ ਵਕੀਲਾਂ ਨੂੰ ਥਾਣੇ ਦੀ ਹੇਠਲੀ ਮੰਜ਼ਿਲ ‘ਚ ਹੀ ਬਿਠਾ ਦਿੱਤਾ ਗਿਆ। ਇਸ ਦੌਰਾਨ ਅਰੁਣਪਾਲ ਸਿੰਘ (ਆਈ.ਪੀ.ਐੱਸ.) ਦੀ ਅਗਵਾਈ ‘ਚ 4 ਡੀ.ਐੱਸ.ਪੀਜ਼ ਦੀ ਟੀਮ ਵਲੋਂ ਮਜੀਠੀਆ ਕੋਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ, ਜਦਕਿ ਦੂਜੇ ਕਮਰੇ ‘ਚ ਏ.ਡੀ.ਜੀ.ਪੀ. ਬੀ. ਚੰਦਰ ਸ਼ੇਖਰ ਸਿੱਟ ਦੀ ਸਾਰੀ ਕਾਰਵਾਈ ਦੀ ਦੇਖਰੇਖ ਕਰ ਰਹੇ ਸਨ। ਸਿੱਟ ਵਲੋਂ ਮਜੀਠੀਆ ਕੋਲੋਂ 100 ਦੇ ਕਰੀਬ ਸਵਾਲ ਪੁੱਛੇ ਗਏ ਅਤੇ ਪੁੱਛਗਿੱਛ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਟ ਵਲੋਂ ਮਜੀਠੀਆ ਨੂੰ ਉਸ ਦੇ ਵਿਆਹ ‘ਚ ਹੋਏ ਖ਼ਰਚ, ਆਏ ਮਹਿਮਾਨਾਂ ਅਤੇ ਵਿਆਹ ‘ਚ ਸ਼ਾਮਿਲ ਸੱਤਾ ਤੇ ਪਿੰਦੀ ਬਾਰੇ ਪੁੱਛਗਿੱਛ ਕੀਤੀ ਗਈ। ਸੱਤਾ ਤੇ ਪਿੰਦੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਸਵਾਲ ਦੇ ਜਵਾਬ ‘ਚ ਮਜੀਠੀਆ ਨੇ ਕਿਹਾ ਕਿ ਉਸ ਵਲੋਂ ਕਿਸੇ ਨੂੰ ਵੀ ਸੁਰੱਖਿਆ ਨਹੀਂ ਦਿੱਤੀ ਗਈ ਅਤੇ ਸੁਰੱਖਿਆ ਦੇਣੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੱਥ ‘ਚ ਹੁੰਦੀ ਹੈ।

ਜਗਜੀਤ ਸਿੰਘ ਚਾਹਲ ਨੂੰ ਡਰੱਗ ਸੰਬੰਧੀ ਲਾਇਸੰਸ ਦਿਵਾਉਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮਜੀਠੀਆ ਨੇ ਕਿਹਾ ਕਿ ਡਰੱਗ ਸੰਬੰਧੀ ਲਾਇਸੰਸ ਦੇਣਾ ਕੇਂਦਰ ਸਰਕਾਰ ਦੇ ਹੱਥ ‘ਚ ਹੁੰਦਾ ਹੈ, ਲਿਹਾਜ਼ਾ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਿੱਟੂ ਔਲਖ ਨਾਲ ਜਾਣ-ਪਛਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮਜੀਠੀਆ ਨੇ ਕਿਹਾ ਕਿ ਉਹ ਉਸ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੇ ਅਤੇ ਅਦਾਲਤ ‘ਚ ਬਿੱਟੂ ਔਲਖ ਵਲੋਂ ਹਮੇਸ਼ਾ ਉਸ ਦੀ ਵਿਰੋਧਤਾ ਹੀ ਕੀਤੀ ਗਈ ਸੀ। ਈ.ਡੀ. ਦੇ ਡਿਪਟੀ ਡਾਇਰੈਕਟਰ ਰਹੇ ਨਿਰੰਜਣ ਸਿੰਘ ਵਲੋਂ ਦਰਜ ਕਰਵਾਏ ਬਿਆਨਾਂ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮਜੀਠੀਆ ਨੇ ਕਿਹਾ ਕਿ ਨਿਰੰਜਣ ਸਿੰਘ ਖ਼ਿਲਾਫ਼ ਤਾਂ ਈ. ਡੀ. ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਸਿੱਟ ਵਲੋਂ ਸਾਲ 2004 ਤੋਂ ਲੈ ਕੇ ਹੁਣ ਤੱਕ ਬਣਾਈਆਂ ਗਈ ਪ੍ਰਾਪਰਟੀਆਂ, ਬੈਂਕ ਖਾਤੇ ਤੇ ਹੋਰਨਾਂ ਖ਼ਰਚਿਆਂ ਬਾਰੇ ਵੀ ਸਵਾਲ ਕੀਤੇ ਗਏ। ਇਸ ਤੋਂ ਇਲਾਵਾ ਮਜੀਠੀਆ ਵਲੋਂ ਸਿੱਟ ਨੂੰ ਆਪਣਾ ਮੋਬਾਈਲ ਨੰਬਰ ਵੀ ਲਿਖਵਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਮੋਬਾਈਲ ਨੰਬਰ ਹਮੇਸ਼ਾ ਚੱਲਦਾ ਰਹੇਗਾ।

ਮਜੀਠੀਆ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਚਟੋਪਾਧਿਆਏ ‘ਤੇ ਲਗਾਏ ਗੰਭੀਰ ਦੋਸ਼ ਮਜੀਠੀਆ ਨੇ ਜਾਂਚ ‘ਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਣ ‘ਤੇ 20 ਦਿਨ ਦੇ ਡੀ.ਜੀ.ਪੀ. ਰਹੇ ਸਿਧਾਰਥ ਚਟੋਪਾਧਿਆਏ ਵਲੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਭਰੋਸਾ ਹੈ ਅਤੇ ਇਸੇ ਕਾਰਨ ਅਦਾਲਤ ਵਲੋਂ ਅਗਾਊਂ ਜ਼ਮਾਨਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਟ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਨਾਲ ਹੀ ਸਿੱਟ ਮੈਂਬਰਾਂ ਨੂੰ ਦੱਸਿਆ ਗਿਆ ਹੈ ਕਿ ਐਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪਹਿਲਾਂ ਹੀ ਉਸ ਦੇ ਖ਼ਿਲਾਫ਼ ਕਾਰਵਾਈ ਕਰਨ ਸੰਬੰਧੀ ਬਿਆਨ ਦਿੱਤੇ ਗਏ ਸਨ, ਜਦਕਿ ਭੋਲਾ ਡਰੱਗਜ਼ ਮਾਮਲਾ 2019 ‘ਚ ਅਦਾਲਤੀ ਕਾਰਵਾਈ ਦੌਰਾਨ ਖ਼ਤਮ ਹੋ ਗਿਆ ਸੀ।

ਇਸ ਮਾਮਲੇ ‘ਚ ਅਦਾਲਤ ਵਲੋਂ ਕੁਝ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਦੋਸ਼ੀ ਪਾਏ ਗਏ ਮੁਲਜ਼ਮਾਂ ਨੂੰ ਸਜ਼ਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਰਾਇਲ ਦੌਰਾਨ ਕਦੇ ਵੀ ਉਨ੍ਹਾਂ ਦਾ ਨਾਂਅ ਅਦਾਲਤ ‘ਚ ਕਿਸੇ ਨੇ ਨਹੀਂ ਲਿਆ ਅਤੇ ਨਾ ਹੀ ਕਿਸੇ ਨੇ ਕੋਈ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਭੇਜੇ ਗਏ ਤਿੰਨ ਅਫ਼ਸਰਾਂ ਦੇ ਪੈਨਲ ‘ਚ ਵੀ ਚਟੋਪਾਧਿਆਏ ਦਾ ਨਾਂਅ ਨਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਝੂਠੇ ਸੁਪਨੇ ਦਿਖਾ ਰਿਹਾ ਹੈ, ਜਦਕਿ ਉਸ ਨੇ ਦਿੱਲੀ ‘ਚ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਸਿੱਧੂ ਦੇ ਪੰਜਾਬ ਮਾਡਲ ਸੰਬੰਧੀ ਕਿਹਾ ਕਿ ਸਿੱਧੂ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ ਕਿਉਂਕਿ ਉਹ ਤਾਂ ਆਪਣੀ ਸਰਕਾਰ ਦੇ ਹੀ ਭਾਂਡੇ ਭੰਨੀ ਜਾਂਦਾ ਹੈ।

Leave a Reply

Your email address will not be published. Required fields are marked *