ਡਰੱਗਜ਼ ਮਾਮਲੇ ‘ਚ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਮਾਮਲਾ ਦਰਜ

Home » Blog » ਡਰੱਗਜ਼ ਮਾਮਲੇ ‘ਚ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਮਾਮਲਾ ਦਰਜ
ਡਰੱਗਜ਼ ਮਾਮਲੇ ‘ਚ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ / ਭੋਲਾ ਡਰੱਗਜ਼ ਮਾਮਲਾ ਮੁੜ ਉਸ ਸਮੇਂ ਸੁਰਖੀਆਂ ‘ਚ ਆ ਗਿਆ, ਜਦੋਂ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਜਾਂਚ ਪੂਰੀ ਹੋਣ ਉਪਰੰਤ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਥਾਣਾ ਸਟੇਟ ਕ੍ਰਾਇਮ ਫੇਜ਼-4 ਮੁਹਾਲੀ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ-25, 27ਏ ਅਤੇ 29 ਦੇ ਤਹਿਤ ਐਫ.ਆਈ.ਆਰ. ਨੰ.-2 ਦਰਜ ਕੀਤੀ ਗਈ ।

ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਪੁਲਿਸ ਕਿਸੇ ਸਮੇਂ ਵੀ ਗਿ੍ਫ਼ਤਾਰ ਕਰ ਸਕਦੀ ਹੈ । ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਡੀ.ਜੀ.ਪੀ. ਵਲੋਂ ਇਸ ਮਾਮਲੇ ‘ਚ ਇਕ ਸਿੱਟ ਦਾ ਗਠਨ ਕੀਤਾ ਗਿਆ ਹੈ, ਜਿਸ ‘ਚ ਏ.ਆਈ.ਜੀ. ਬਲਰਾਜ ਸਿੰਘ, ਡੀ.ਐਸ.ਪੀ. ਕੁਲਵੰਤ ਸਿੰਘ ਅਤੇ ਡੀ.ਐਸ.ਪੀ. ਰਾਜੇਸ਼ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ । ਉਕਤ ਸਿੱਟ ਇਸ ਡਰੱਗਜ਼ ਮਾਮਲੇ ‘ਚ ਹੋਰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਅਤੇ ਪੈਸਿਆਂ ਦੇ ਲੈਣ-ਦੇਣ ਸੰਬੰਧੀ ਜਾਂਚ ਕਰੇਗੀ ਅਤੇ ਇਸ ਗੱਲ ਦਾ ਵੀ ਪਤਾ ਲਗਾਇਆ ਜਾਵੇਗਾ ਕਿ ਭਾਰਤ ‘ਚੋਂ ਅਮਰੀਕਾ ਅਤੇ ਕੈਨੇਡਾ ‘ਚ ਸੂਡੋ ਐਫਡਰੀਨ ਨਾਂਅ ਦੀ ਡਰੱਗਜ਼ ਕਿਵੇਂ ਅਤੇ ਕਿਸ ਨੇ ਭੇਜੀ ਸੀ ਅਤੇ ਇਸ ਡਰੱਗਜ਼ ਤੋਂ ਹਾਸਲ ਪੈਸਿਆਂ ਦਾ ਲੈਣ-ਦੇਣ ਕਿਵੇਂ ਹੋਇਆ ਸੀ । ਪੁਲਿਸ ਕੋਲ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ 2004 ਤੋਂ ਲੈ ਕੇ 2016 ਤੱਕ ਸਤਵੀਰ ਸਿੰਘ ਸੱਤਾ ਅਤੇ ਪਰਮਿੰਦਰ ਪਿੰਦੀ ਦੇ ਮਜੀਠੀਆ ਨਾਲ ਸੰਬੰਧ ਸਨ ਅਤੇ ਇਨ੍ਹਾਂ ਸੰਬੰਧਾਂ ਦੀ ਅਗਲੀ ਜਾਂਚ ਕਰਨ ਬਾਰੇ ਦੱਸਿਆ ਜਾ ਰਿਹਾ ਹੈ ।

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐਫ. ਆਈ. ਆਰ. ਤੋਂ ਪਹਿਲਾਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਰਹੇ ਐਸ.ਕੇ. ਅਸਥਾਨਾ ਦੀ ਚਿੱਠੀ ਲੀਕ ਹੋਣ ਦੇ ਮਾਮਲੇ ‘ਚ ਸਟੇਟ ਸਾਈਬਰ ਸੈੱਲ ਵਲੋਂ ਐਫ. ਆਈ. ਆਰ. ਨੰ. 52 ਦਰਜ ਕੀਤੀ ਗਈ ਹੈ । ਇਸ ਚਿੱਠੀ ਦੇ ਲੀਕ ਹੋਣ ਤੋਂ ਬਾਅਦ ਅਕਾਲੀ ਦਲ ਵਲੋਂ ਪੰਜਾਬ ਸਰਕਾਰ ‘ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੁਲਿਸ ਅਧਿਕਾਰੀਆਂ ‘ਤੇ ਦਬਾਅ ਪਾਉਣ ਦੀ ਗੱਲ ਕਹੀ ਸੀ । ਉਧਰ ਪੰਜਾਬ ਦੇ ਨਵੇਂ ਲਗਾਏ ਗਏ ਡੀ.ਜੀ.ਪੀ. ਸਿਧਾਰਥ ਚਟੋਉਪਾਧਿਆਏ ਨੇ ਆਪਣਾ ਅਹੁਦਾ ਸੰਭਾਲਦੇ ਸਾਰ ਹੀ ਇਸ ਡਰੱਗਜ਼ ਮਾਮਲੇ ‘ਚ ਤੁਰੰਤ ਕਾਰਵਾਈ ਨੂੰ ਅੰਜਾਮ ਦਿੰਦਿਆਂ ਆਉਣ ਵਾਲੇ ਦਿਨਾਂ ‘ਚ ਹੋਰ ਵੀ ਵੱਡੀਆਂ ਕਾਰਵਾਈਆਂ ਹੋਣ ਦੇ ਸੰਕੇਤ ਦਿੱਤੇ ਹਨ ।

ਪੁਲਿਸ ਵਲੋਂ ਮਜੀਠੀਆ ਖ਼ਿਲਾਫ਼ ਦਰਜ ਐਫ. ਆਈ. ਆਰ. ‘ਚ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਹੈ ਕਿ ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਸਾਲ 2018 ‘ਚ ਡਰੱਗਜ਼ ਮਾਮਲੇ ‘ਚ ਤਿਆਰ ਕੀਤੀ ਗਈ ਰਿਪੋਰਟ ‘ਚ ਬਿਕਰਮ ਸਿੰਘ ਮਜੀਠੀਆ ਦਾ ਸਿੱਧੇ ਤੌਰ ‘ਤੇ ਨਾਂਅ ਸਾਹਮਣੇ ਆਇਆ ਹੈ । ਐਸ.ਆਈ.ਟੀ. ਵਲੋਂ ਦੱਸਿਆ ਗਿਆ ਕਿ ਭੋਲਾ ਡਰੱਗਜ਼ ਮਾਮਲੇ ‘ਚ 6 ਤੋਂ ਲੈ ਕੇ 10 ਦੇ ਕਰੀਬ ਵੱਖ-ਵੱਖ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਸਨ ਅਤੇ ਅਦਾਲਤ ਵਲੋਂ ਇਨ੍ਹਾਂ ਐਫ.ਆਈ.ਆਰਜ਼ ‘ਚ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ ਹੈ ਅਤੇ ਅਦਾਲਤੀ ਫ਼ੈਸਲਾ ਹੋ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਉਸ ਮਾਮਲੇ ‘ਚ ਨਾਮਜ਼ਦ ਕਰਨਾ ਸੰਭਵ ਨਹੀਂ ਹੈ, ਲਿਹਾਜ਼ਾ ਨਵੀਂ ਐਫ.ਆਈ. ਆਰ. ਦਰਜ ਹੋਣੀ ਚਾਹੀਦੀ ਹੈ । ਡਰੱਗਜ਼ ਮਾਮਲੇ ‘ਚ ਸ਼ਾਮਿਲ ਮੁਲਜ਼ਮਾਂ ਦੇ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਬਾਰੇ ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ । ਪੁਲਿਸ ਦਾ ਕਹਿਣਾ ਹੈ ਕਿ ਮਜੀਠੀਆ ਵਲੋਂ ਉਕਤ ਮੁਲਜ਼ਮਾਂ ਨੂੰ ਜਿਥੇ ਡਰੱਗਜ਼ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਲੈ ਕੇ ਜਾਣ ਲਈ ਸਰਕਾਰੀ ਵਾਹਨ ਇਸਤੇਮਾਲ ਕਰਨ ਲਈ ਦਿੱਤੇ ਗਏ ਸਨ, ਉਥੇ ਹੀ ਉਕਤ ਐਨ.ਆਰ.ਆਈਜ਼ ਨੂੰ ਗੰਨਮੈਨ ਤੱਕ ਦਿੱਤੇ ਜਾਣ ਦਾ ਦੋਸ਼ ਹੈ ।

ਇਸ ਤੋਂ ਇਲਾਵਾ ਮਜੀਠੀਆ ਵਲੋਂ ਆਪਣਾ ਅੰਮ੍ਤਿਸਰ ਵਿਚਲਾ ਘਰ ਵੀ ਮੁਲਜ਼ਮਾਂ ਨੂੰ ਇਸਤੇਮਾਲ ਕਰਨ ਲਈ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ । ਪੁਲਿਸ ਮੁਤਾਬਿਕ ਉਕਤ ਘਰ ‘ਚ ਉਹ ਐਨ.ਆਈ.ਆਰਜ਼ ਆ ਕੇ ਰਹਿੰਦੇ ਸਨ, ਜੋ ਕਿ ਇਸ ਡਰੱਗਜ਼ ਦੇ ਧੰਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ । ਡਰੱਗਜ਼ ਦੇ ਇਸ ਧੰਦੇ ਰਾਹੀਂ ਕਮਾਏ ਪੈਸਿਆਂ ਤੋਂ ਪ੍ਰਾਪਰਟੀਆਂ ਵੀ ਬਣਾਈਆਂ ਗਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ਨਵੀਂ ਬਣਾਈ ਗਈ ਸਿੱਟ ਜਾਂਚ ਕਰੇਗੀ । ਥਾਣਾ ਬਨੂੰੜ ਵਿਖੇ ਦਰਜ ਇਸ ਸਿੰਥੈਟਿਕ ਡਰੱਗਜ਼ ਮਾਮਲੇ ‘ਚ ਜਦੋਂ ਪੁਲਿਸ ਵਲੋਂ ਸਾਬਕਾ ਡੀ.ਐਸ.ਪੀ. ਅਤੇ ਅੰਤਰਰਾਸ਼ਟਰੀ ਪਹਿਲਵਾਨ ਰਹੇ ਜਗਦੀਸ਼ ਸਿੰਘ ਭੋਲਾ ਸਮੇਤ ਕਈ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਮੁਹਾਲੀ ਦੀ ਅਦਾਲਤ ‘ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਤਾਂ ਜਗਦੀਸ਼ ਸਿੰਘ ਭੋਲਾ ਨੇ ਇਸ ਡਰੱਗਜ਼ ਮਾਮਲੇ ‘ਚ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲਿਆ ਸੀ । ਉਸ ਸਮੇਂ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਪੁਲਿਸ ਵਲੋਂ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ।

ਉਸ ਸਮੇਂ ਈ. ਡੀ. ਵਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ ‘ਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਕਾਂਗਰਸੀ ਆਗੂ ਤੇ ਹੋਰਨਾਂ ਪਾਰਟੀਆਂ ਵਲੋਂ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਰੌਲਾ ਪਾਇਆ ਜਾ ਰਿਹਾ ਸੀ । ਪੁਲਿਸ ਮੁਤਾਬਿਕ ਸੂਡੋ ਐਫਡਰੀਨ ਜੁਕਾਮ ਲਈ ਵਰਤੀ ਜਾਂਦੀ ਹੈ ਪਰ ਜੇਕਰ ਸੂਡੋ ਐਫਡਰੀਨ ਦੀ ਮਾਤਰਾ ਵੱਧ ਲੈ ਲਈ ਜਾਵੇ ਤਾਂ ਵਿਅਕਤੀ ਨੂੰ ਨਸ਼ਾ ਹੋ ਜਾਂਦਾ ਹੈ । ਡਰੱਗਜ਼ ਸਮਗਲਰਾਂ ਵਲੋਂ ਇਸ ਦਵਾਈ ਨੂੰ ਨਸ਼ੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੌਲੀ-ਹੌਲੀ ਇਹ ਨਸ਼ਾ ਭਾਰਤ ‘ਚੋਂ ਵਿਦੇਸ਼ਾਂ ਤੱਕ ਪਹੁੰਚ ਗਿਆ ਅਤੇ ਪਹਿਲੀ ਵਾਰ ਜਗਦੀਸ਼ ਭੋਲਾ ਅਤੇ ਉਸ ਦੇ ਕਈ ਸਾਥੀਆਂ ਦੀ ਗਿ੍ਫ਼ਤਾਰੀ ਉਪਰੰਤ ਉਕਤ ਨਸ਼ੇ ਦੀ ਤਸਕਰੀ ਬਾਰੇ ਪਤਾ ਚੱਲਿਆ ਸੀ । ਇਸ ਡਰੱਗਜ਼ ਨੂੰ ਮਹਿੰਗੀ ਡਰੱਗਜ਼ ਅਤੇ ਅਮੀਰਾਂ ਦਾ ਮਹਿੰਗਾ ਨਸ਼ਾ ਦੱਸਿਆ ਜਾ ਰਿਹਾ ਹੈ ਅਤੇ ਇਸ ਨਸ਼ੇ ਨੂੰ ਆਈਸ ਵੀ ਕਹਿੰਦੇ ਹਨ ।

Leave a Reply

Your email address will not be published.