ਡਰੋਨ ਰਾਹੀ ਭਾਰਤ-ਪਾਕਿ ਸਰਹੱਦ ‘ਤੇ ਸੁੱਟੀ ਹੈਰੋਇਨ ਦੀ ਖੇਪ, ਬੀਐੱਸਐੱਫ ਦਾ ਸਰਚ ਆਪਰੇਸ਼ਨ

ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਇਕ ਖੇਪ ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਕ ਚੰਗੀ ਤਰ੍ਹਾਂ ਨਾਲ ਪੈਕ ਕੀਤੇ ਲਿਫਾਫੇ ਵਿੱਚੋਂ 7 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪਾਕਿਸਤਾਨੀ ਡਰੋਨ ਬੀਤੀ ਰਾਤ ਭਾਰਤੀ ਖੇਤਰ ਵਿਚ ਕ੍ਰੈਸ਼ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਰੈਸ਼ ਹੋਏ ਡਰੋਨ ਦਾ ਪਤਾ ਲਗਾਉਣ ਲਈ ਬੀਐਸਐਫ ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।ਅਟਾਰੀ ਨੇੜੇ ਸਥਿਤ ਇਕ ਪਿੰਡ ਦੇ ਖੇਤ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ।

ਦੱਸ ਦਈਏ ਕਿ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਹਵੇਲੀਆਂ ਪਿੰਡ ਨੇੜੇ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤਾ ਗਿਆ ਸੀ। ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਹਵੇਲੀਆਂ ਵਿਚ ਸਥਿਤ ਬੁਰਜੀ ਨੰਬਰ 124-27,28 ਵਿਚ ਤਾਇਨਾਤ ਬੀਐਸਐਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੁਪਹਿਰ ਕਰੀਬ 12.05 ਵਜੇ ਪਾਕਿਸਤਾਨ ਵੱਲੋਂ ਡਰੋਨ ਨੂੰ ਆਉਂਦਾ ਦੇਖਿਆ। ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ (ਭਾਰਤੀ ਖੇਤਰ ਵਿੱਚ) ਡਰੋਨ ‘ਤੇ ਫਾਇਰ ਕਰਨ ਦੀ ਕਮਾਨ ਸੰਭਾਲੀ ਹੀ ਸੀ ਕਿ ਅਚਾਨਕ ਬੈਟਰੀ ਡਾਊਨ ਹੋਣ ਕਾਰਨ ਇਹ ਜ਼ਮੀਨ ‘ਤੇ ਡਿੱਗ ਗਿਆ। ਬਾਅਦ ਵਿਚ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ।

ਲਗਾਤਾਰ ਚਾਰ ਦਿਨਾਂ ਤਕ ਫੈਲੀ ਧੁੰਦ ਦੇ ਵਿਚਕਾਰ ਪਹਿਲੀ ਵਾਰ ਦਿਨ ਵੇਲੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿਚ ਡਰੋਨ ਭੇਜਿਆ ਗਿਆ। ਡੀਐਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਡਰੋਨ ਨੌਸ਼ਹਿਰਾ ਢਾਲਾ ਸਰਹੱਦ ’ਤੇ ਸਥਿਤ ਪਿੰਡ ਹਵੇਲੀਆਂ ਦੇ ਵਾਸੀ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਡਿੱਗਿਆ ਸੀ। ਚੀਨ ‘ਚ ਬਣੇ ਇਸ ਛੋਟੇ ਆਕਾਰ ਦੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਰਾਏ ਅਮਾਨਤ ਖਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *