ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਵੱਡੀ ਚੁਣੌਤੀ

Home » Blog » ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਵੱਡੀ ਚੁਣੌਤੀ
ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਵੱਡੀ ਚੁਣੌਤੀ

ਜਲੰਧਰ / ਪੰਜਾਬ ਪੁਲਿਸ ਦੇ ਮੁਖੀ ਸ੍ਰੀ ਦਿਨਕਰ ਗੁਪਤਾ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਨੂੰ ਸੂਬੇ ਦੀ ਅਮਨ ਸ਼ਾਂਤੀ ਲਈ ਵੱਡਾ ਖ਼ਤਰਾ ਦੱਸਦੇ ਹੋਏ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਗੁਆਂਢੀ ਮੁਲਕ ਵਲੋਂ ਭਾਰਤ ਨੂੰ ਅਸਥਿਰ ਕਰਨ ਦੀਆਂ ਲਗਾਤਾਰ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਆਪਣੀਆਂ ਇਨ੍ਹਾਂ ਨਾਪਾਕ ਹਰਕਤਾਂ ਨੂੰ ਅੰਜ਼ਾਮ ਦੇਣ ਲਈ ਡਰੋਨ ਨੂੰ ਇਕ ਵੱਡੇ ਹਥਿਆਰ ਦੇ ਤੌਰ ‘ਤੇ ਵਰਤਿਆ ਜਾਣ ਲੱਗਾ ਹੈ, ਜਿਸ ਤੋਂ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬੇਹੱਦ ਚੌਕਸ ਹੋਣ ਦੀ ਲੋੜ ਹੈ |

ਅੱਜ ਇੱਥੇ ‘ਅਜੀਤ’ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਡਰੋਨ ਦੇ ਖਤਰਿਆਂ ਤੋਂ ਆਮ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਪੰਜਾਬ ਦੀ ਸਰਹੱਦ ਦੇ ਅੰਦਰ ਡਰੋਨ ਮਿਲਣ ਦਾ ਮਾਮਲਾ ਸਤੰਬਰ 2019 ‘ਚ ਸਾਹਮਣੇ ਆਇਆ ਸੀ ਪਰ ਹਾਲ ਹੀ ‘ਚ ਅੰਮ੍ਤਿਸਰ ਖੇਤਰ ‘ਚ ਟਿਫਿਨ ਬੰਬ ਦਾ ਮਿਲਣਾ ਇਕ ਬੇਹੱਦ ਗੰਭੀਰ ਮਾਮਲਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ ‘ਤੇ ਲਗਾਈ ਕਈ ਕੰਡਿਆਲੀ ਤਾਰ ਵੀ ਡਰੋਨ ਦੇ ਸਾਹਮਣੇ ਬੇਅਸਰ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਪਿਛਲੇ ਕੁਝ ਸਮੇਂ ਦੌਰਾਨ ਵੱਡੀ ਮਾਤਰਾ ‘ਚ ਹਥਿਆਰ ਤੇ ਨਸ਼ਿਆਂ ਦੀ ਖੇਪ ਬਰਾਮਦ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ | ਉਨ੍ਹਾਂ ਕਿਹਾ ਕਿ ਡਰੋਨ ਦੇ ਸੰਭਾਵੀ ਖਤਰਿਆਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਲੋਂ ਆਜ਼ਾਦੀ ਦਿਹਾੜੇ ਅਤੇ ਆਉਂਦੇ ਤਿਉਹਾਰੀ ਸੀਜ਼ਨ ਤੇ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ |

ਇਸ ਮੌਕੇ ਸ੍ਰੀ ਦਿਨਕਰ ਗੁਪਤਾ ਨੇ ਪਿਛਲੇ ਦਿਨਾਂ ਦੌਰਾਨ ਸੂਬੇ ‘ਚ ਵਾਪਰੀਆਂ ਗੈਂਗਵਾਰ ਦੀਆਂ ਘਟਨਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਨੌਜਵਾਨਾਂ ਨੂੰ ਉਕਸਾ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ‘ਚ ਹਨ | ਉਨ੍ਹਾਂ ਸਿਖਸ ਫਾਰ ਜਸਟਿਸ ਤੇ ਹੋਰਨਾਂ ਵੱਖਵਾਦੀ ਗਰੁੱਪਾਂ ਦੇ ਹਵਾਲੇ ਨਾਲ ਕਿਹਾ ਕਿ ਅਜਿਹੀਆਂ ਸੰਸਥਾਵਾਂ ਚਲਾ ਰਹੇ ਲੋਕ ਆਪ ਤਾਂ ਉਥੋਂ ਦੇ ਮੁਲਕਾਂ ਦੀ ਖੁੱਲ੍ਹ ਦਾ ਖੂਬ ਫਾਇਦਾ ਚੁੱਕਦੇ ਹੋਏ ਆਪਣੇ ਬੱਚਿਆਂ ਨੂੰ ਚੰਗੇ ਵਿੱਦਿਅਕ ਅਦਾਰਿਆਂ ‘ਚ ਪੜ੍ਹਾ ਲਿਖਾ ਕੇ ਇਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਅਪਰਾਧ ਦੀ ਦੁਨੀਆਂ ‘ਚ ਧੱਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਵਿਦੇਸ਼ੀ ਤਾਕਤਾਂ ਨੌਜਵਾਨਾਂ ਅੰਦਰ ਅਪਰਾਧ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਬਣਨ ਦੀ ਦੌੜ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਨੂੰ ਫੰਡਿਗ ਹੀ ਨਹੀਂ ਕਰ ਰਹੀਆਂ ਬਲਕਿ ਉਨ੍ਹਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਲਈ ਵੀ ਵਰਤ ਰਹੀਆਂ ਹਨ |

ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਆਪ ਨੂੰ ‘ਰੌਬਿਨਹੁੱਡ’ ਦੱਸਣ ਵਾਲੇ ਇਹ ਗੈਂਗਸਟਰ ਪਿਛਲੇ ਕਰੀਬ ਇਕ ਡੇਢ ਦਹਾਕੇ ‘ਚ ਹੀ ਪਨਪੇ ਹਨ ਤੇ ਪੁਲਿਸ ਵਲੋਂ 31 ਦੇ ਕਰੀਬ ਖਤਰਨਾਕ ਗੈਂਗਸਟਰਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ‘ਚੋਂ 7 ਗੈਂਗਸਟਰ ਪੁਲਿਸ ਮੁਕਾਬਲੇ ‘ਚ ਮਾਰੇ ਜਾ ਚੁੱਕੇ ਹਨ, ਜਦਕਿ 20 ਦੇ ਕਰੀਬ ਗੈਂਗਸਟਰ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ ਤੇ ਇਕ ਦੇ ਪਾਕਿਸਤਾਨ ‘ਚ ਹੋਣ ਦੀ ਸੂਚਨਾ ਹੈ, ਬਾਕੀਆਂ ਦੀ ਭਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸੁਖਪ੍ਰੀਤ ਬੁੱਢਾ ਤੇ ਸੁੱਖ ਭਿਖਾਰੀਵਾਲ ਸਮੇਤ ਕਈ ਨਾਮੀ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਫੜਿਆ ਗਿਆ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਵਿਦੇਸ਼ਾਂ ‘ਚ ਬੈਠੇ ਕੁਝ ਗੈਂਗਸਟਰ ਰਾਜ ‘ਚ ਸਰਗਰਮ ਗੈਂਗਸਟਰਾਂ ਦੇ ਰਾਹੀਂ ਸੁਪਾਰੀ ਕਿਲੰਿਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਇਹ ਗੈਂਗਸਟਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰਨਾਂ ਰਾਜਾਂ ‘ਚ ਪਨਾਹ ਲੈਂਦੇ ਹਨ |

ਨਸ਼ਿਆਂ ਦੀ ਤਸਕਰੀ ਬਾਰੇ ਗੱਲਬਾਤ ਕਰਦੇ ਹੋਏ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਨਸ਼ਿਆਂ ਦੀ ਤਸਕਰੀ ਦੀ ਚੁਣੌਤੀ ਹਮੇਸ਼ਾ ਪੁਲਿਸ ਦੇ ਸਾਹਮਣੇ ਰਹੀ ਹੈ ਪਰ ਇਸ ਦੇ ਬਾਵਜੂਦ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਨਸ਼ਿਆਂ ਦੀ ਸਪਲਾਈ ਚੈਨ ਤੋੜਨ ‘ਚ ਕਾਫੀ ਹੱਦ ਤੱਕ ਸਫਲ ਰਹੀ ਹੈ | ਅਫ਼ਗਾਨਿਸਤਾਨ ‘ਚ ਤਾਲੀਬਾਨ ਦੇ ਵਧ ਰਹੇ ਖਤਰੇ ਅਤੇ ਪਾਕਿਸਤਾਨ ਵਲੋਂ ਵੱਖਵਾਦੀ ਤਾਕਤਾਂ ਨੂੰ ਦਿੱਤੀ ਜਾਂਦੀ ਸ਼ਹਿ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦਾ ਸਰਹੱਦੀ ਸੂਬੇ ਦੀ ਅਮਨ ਸ਼ਾਂਤੀ ‘ਤੇ ਨਿਸ਼ਚਿਤ ਤੌਰ ‘ਤੇ ਪ੍ਰਭਾਵ ਪੈਂਦਾ ਹੈ ਪਰ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਖਤਰੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਅਤੇ ਸਮਰੱਥ ਹੈ |

Leave a Reply

Your email address will not be published.