ਟੋਕੀਉ ਪੈਰਾਲੰਪਿਕ: ਹਿੰਮਤ ਦੀ ਫ਼ਤਹਿ

Home » Blog » ਟੋਕੀਉ ਪੈਰਾਲੰਪਿਕ: ਹਿੰਮਤ ਦੀ ਫ਼ਤਹਿ
ਟੋਕੀਉ ਪੈਰਾਲੰਪਿਕ: ਹਿੰਮਤ ਦੀ ਫ਼ਤਹਿ

ਪ੍ਰਿੰ. ਸਰਵਣ ਸਿੰਘ, ਹਾਸ਼ਮ ਸ਼ਾਹ ਦਾ ਕਥਨ ‘ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ’ ਦਿਵਿਆਂਗ ਖਿਡਾਰੀਆਂ ਦੀਆਂ ਜਿੱਤਾਂ ’ਤੇ ਇੰਨ ਬਿੰਨ ਢੁੱਕਦਾ ਹੈ।

ਹਿੰਮਤ ਨਾਲ ਹੀ ਉਹ ਜਿੱਤਾਂ ਜਿੱਤਦੇ ਤੇ ਜਿੱਤ-ਮੰਚਾਂ ’ਤੇ ਚੜ੍ਹਦੇ ਹਨ। ਪੈਰਾਲੰਪਿਕ ਖੇਡਾਂ ਦਿਵਿਆਂਗ ਖਿਡਾਰੀਆਂ ਵਿਚਕਾਰ ਹੁੰਦੀਆਂ ਹਨ। ਸਰੀਰਕ ਅਸਮਰੱਥਾ ਦੀ ਡਿਗਰੀ ਮੁਤਾਬਿਕ ਉਨ੍ਹਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਇੰਜ ਖੇਡ ਮੁਕਾਬਲੇ ਬਰਾਬਰ ਦੀ ਸਮਰੱਥਾ ਵਾਲੇ ਖਿਡਾਰੀਆਂ ਦਰਮਿਆਨ ਹੀ ਹੁੰਦੇ ਹਨ। ਸੋ ਸਾਵੇਂ ਨੂੰ ਸਾਵਾਂ ਟੱਕਰਦਾ ਹੈ। ਪੈਰਾਲੰਪਿਕ ਖੇਡਾਂ 1960 ਵਿਚ ਰੋਮ ਤੋਂ ਸ਼ੁਰੂ ਹੋਈਆਂ ਸਨ ਤੇ ਹੁਣ 16ਵੀਆਂ ਪੈਰਾਲੰਪਿਕ ਖੇਡਾਂ ਟੋਕੀਓ ਵਿਚ ਹੋਈਆਂ ਹਨ। ਇਹ ਖੇਡਾਂ ਕੌਮਾਂਤਰੀ ਪੈਰਾਲੰਪਿਕ ਕਮੇਟੀ ਦੀ ਦੇਖ ਰੇਖ ਹੇਠ ਹੁੰਦੀਆਂ ਹਨ। ਇਨ੍ਹਾਂ ਦੇ ਨਿਯਮ ਲਗਭਗ ਓਲੰਪਿਕ ਖੇਡਾਂ ਵਾਲੇ ਹੀ ਹਨ, ਪਰ ਖੇਡ ਮੁਕਾਬਲਿਆਂ ਦੀ ਗਿਣਤੀ ਘੱਟ ਹੋਣ ਕਰਕੇ ਖਿਡਾਰੀਆਂ ਦੀ ਗਿਣਤੀ ਵੀ ਘੱਟ ਹੁੰਦੀ ਹੈ। ਰੋਮ ਪੈਰਾਲੰਪਿਕ ’ਚ 23 ਮੁਲਕਾਂ ਦੇ ਵੀਲ੍ਹਚੇਅਰ ਵਾਲੇ 400 ਮਰਦ ਖਿਡਾਰੀਆਂ ਨੇ ਹੀ 8 ਖੇਡਾਂ ਦੇ 57 ਮੁਕਾਬਲਿਆਂ ਵਿਚ ਭਾਗ ਲਿਆ ਸੀ। ਪੈਰਾਲੰਪਿਕ 2021 ਵਿਚ 159 ਮੁਲਕਾਂ ਦੇ 4520 ਔਰਤ ਅਤੇ ਮਰਦ ਖਿਡਾਰੀਆਂ ਨੇ 22 ਖੇਡਾਂ ਦੇ 539 ਮੁਕਾਬਲਿਆਂ ਵਿਚ ਭਾਗ ਲਿਆ ਹੈ। ਹੁਣ ਤਕ ਹੋਈਆਂ ਪੈਰਾਲੰਪਿਕ ਖੇਡਾਂ ਦਾ ਖੁਲਾਸਾ ਕਰਨ ਤੋਂ ਪਹਿਲਾਂ ਮੈਨੂੰ ਵਿਲਮਾ ਰੁਡੋਲਫ਼ ਯਾਦ ਆ ਗਈ ਹੈ ਜੋ ਗ਼ਰੀਬ ਨੀਗਰੋ ਪਰਿਵਾਰ ਦੀ ਦਿਵਿਆਂਗ ਬੱਚੀ ਸੀ। ਹਿੰਮਤ ਤੇ ਮਿਹਨਤ ਨਾਲ ਉਹ ਖੇਡ ਅੰਬਰ ਦਾ ਤਾਰਾ ਬਣ ਗਈ।

ਉਸ ਨੇ ਪੈਰਾਲੰਪਿਕ ਨਹੀਂ ਸਗੋਂ ਰੋਮ ਓਲੰਪਿਕ 1960 ਵਿਚੋਂ ਤਿੰਨ ਸੋਨ ਤਗ਼ਮੇ ਜਿੱਤੇ ਸਨ। ਉਦੋਂ ਜੋ ਕੁਝ ਵਿਲਮਾ ਨੇ ਕਰ ਵਿਖਾਇਆ ਉਹ ਹੋਰ ਬੱਚੇ ਵੀ ਕਰ ਸਕਦੇ ਹਨ ਬਸ਼ਰਤੇ ਉਹ ਵਿਲਮਾ ਵਾਂਗ ਹਿੰਮਤੀ ਤੇ ਮਿਹਨਤੀ ਬਣਨ ਅਤੇ ਉਸ ਨੂੰ ਆਪਣਾ ਰੋਲ ਮਾਡਲ ਬਣਾਉਣ। ਅਸਲ ਵਿਚ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ: ਕੁਝ ਕਰਨ ਦੀ ਇੱਛਾ ਤੇ ਦ੍ਰਿੜ੍ਹ ਇਰਾਦਾ। ਜਿੱਥੇ ਇੱਛਾ, ਦ੍ਰਿੜ੍ਹ ਇਰਾਦਾ, ਹਿੰਮਤ ਤੇ ਹੌਸਲਾ ਹੈ ਉੱਥੇ ਕੁਝ ਵੀ ਕੀਤਾ ਜਾ ਸਕਦਾ ਹੈ। ਸੁਫ਼ਨੇ ਹਕੀਕਤ ਵਿਚ ਬਦਲੇ ਜਾ ਸਕਦੇ ਹਨ, ਬੰਜਰ ਖੇਤ ਬਾਗ਼ ਬਣਾਏ ਜਾ ਸਕਦੇ ਹਨ ਤੇ ਵੀਰਾਨੀਆਂ ਨੂੰ ਬਹਾਰਾਂ ਦਾ ਰੰਗ ਦਿੱਤਾ ਜਾ ਸਕਦਾ ਹੈ। ਗ਼ਰੀਬ, ਨਿਤਾਣੇ, ਦਿਵਿਆਂਗ ਤੇ ਅਣਗੌਲੇ ਬੱਚੇ ਵੀ ਹਿੰਮਤ ਕਰਨ ਤਾਂ ਸਭ ਕੁਝ ਕਰ ਸਕਦੇ ਹਨ। ਇਸੇ ਪ੍ਰਸੰਗ ਵਿਚ ਵਿਲਮਾ ਰੁਡੋਲਫ਼ ਦੀ ਯਾਦ ਆਈ ਹੈ। ਉਸ ਨੂੰ ਰੋਮ ਦੇ ਦਰਸ਼ਕਾਂ ਨੇ ‘ਟਰੈਕ ਦੀ ਮੁਰਗਾਬੀ’ ਦਾ ਖ਼ਿਤਾਬ ਦਿੱਤਾ ਸੀ ਤੇ ਫਰਾਂਸੀਸੀਆਂ ਨੇ ਸਿਆਹਫ਼ਾਮ ਨਸਲ ਦੀ ਕੁੜੀ ਨੂੰ ‘ਕਾਲਾ ਮੋਤੀ’ ਕਹਿ ਕੇ ਵਡਿਆਇਆ ਸੀ। ਉਸ ਦਾ ਪਿਤਾ ਰੇਲਵੇ ਦਾ ਕੁਲੀ ਸੀ ਜਿਸ ਦੇ ਬਾਈ ਬੱਚੇ ਸਨ।

ਇਨ੍ਹਾਂ ’ਚ ਵਿਲਮਾ ਵੀਹਵੇਂ ਥਾਂ ਸਤਮਾਹੀਂ ਜੰਮੀ ਸੀ। ਝੀਖ ਜਿਹੀ ਲੜਕੀ ਦੇ ਬਚਣ ਦੀ ਬਹੁਤੀ ਆਸ ਨਹੀਂ ਸੀ, ਪਰ ਕੁਦਰਤ ਦੇ ਰੰਗ ਨਿਆਰੇ ਹਨ। ਵਿਲਮਾ ਹਾਲੇ ਚਹੁੰ ਸਾਲਾਂ ਦੀ ਹੋਈ ਸੀ ਕਿ ਪੋਲੀE ਦੇ ਹਮਲੇ ਨਾਲ ਉਹਦੀ ਖੱਬੀ ਲੱਤ ਗ੍ਰਹਿਣੀ ਗਈ। ਫਿਰ ਮੋਹਰਕੇ ਦਾ ਤਾਪ ਚੜ੍ਹਿਆ ਤੇ ਨਾਲ ਹੀ ਡਬਲ ਨਮੂਨੀਆ ਹੋ ਗਿਆ। ਇਲਾਜ ਨਾਲ ਮੰਜੇ ਤੋਂ ਤਾਂ ਉਹ ਉੱਠ ਖੜ੍ਹੀ ਹੋਈ, ਪਰ ਉਹਦਾ ਵਧੇਰੇ ਸਮਾਂ ਭੁੰਜੇ ਘਿਸਰਦਿਆਂ ਹੀ ਬੀਤਦਾ। ਬਿਮਾਰੀ ਨੇ ਉਸ ਬੱਚੀ ਨੂੰ ਸਰੀਰਕ ਤੌਰ ’ਤੇ ਅਸਮਰੱਥ ਅਤੇ ਆਲਸੀ ਬਣਾ ਦਿੱਤਾ ਸੀ। ਟੀਵੀ ਦੀ ਸਕਰੀਨ ਉੱਤੇ ਉਹ ਬੱਚਿਆਂ ਨੂੰ ਛਾਲਾਂ ਦੁੜੰਗੇ ਲਾਉਂਦਿਆਂ ਵੇਖਦੀ ਤਾਂ ਉਹਦਾ ਮਨ ਵੀ ਛਾਲਾਂ ਲਾਉਣ ਨੂੰ ਮਚਲਦਾ, ਪਰ ਉਹਦੀ ਕੋਈ ਵਾਹ ਨਾ ਜਾਂਦੀ। ਭੈਣਾਂ ਉਹਨੂੰ ਸਕੂਲ ਲੈ ਜਾਂਦੀਆਂ ਜਿੱਥੇ ਉਹ ਭੈਣਾਂ ਨੂੰ ਬਾਸਕਟਬਾਲ ਖੇਡਦੀਆਂ ਵੇਖ ਕੇ ਤਾੜੀਆਂ ਮਾਰਦੀ। ਆਪ ਖੇਡਣ ਦੀ ਕੋਸ਼ਿਸ਼ ਕਰਦੀ ਤਾਂ ਡਿੱਗ ਪੈਂਦੀ। ਹੌਲੀ ਹੌਲੀ ਲੰਗੜਾ ਕੇ ਉਹ ਦੌੜਦੀ ਤਾਂ ਦੌੜਦਿਆਂ ਹੀ ਡਿੱਗ ਪੈਂਦੀ। ਫਿਰ ਉੱਠਦੀ, ਫਿਰ ਦੌੜਦੀ ਤੇ ਫਿਰ ਡਿੱਗਦੀ। ਪਰ ਡਿੱਗਣ ਢਹਿਣ ਦੀ ਪਰਵਾਹ ਕੀਤੇ ਬਿਨਾਂ ਉਹ ਕਸਰਤਾਂ ਕਰੀ ਗਈ ਤੇ ਖੇਡ ਅਭਿਆਸ ਕਰਦਿਆਂ ਬਾਸਕਟਬਾਲ ਦੀ ਚੰਗੀ ਖਿਡਾਰਨ ਬਣ ਗਈ।

ਉਸ ਦਾ ਕੱਦ ਵੀ ਕਾਫ਼ੀ ਲੰਮਾ ਹੋ ਗਿਆ ਜੋ ਬਾਸਕਟਬਾਲ ਖੇਡਣ ਦੇ ਵਧੇਰੇ ਯੋਗ ਸੀ। ਦੌੜਦਿਆਂ ਉਹਦੇ ਕਦਮ ਕਾਫ਼ੀ ਲੰਮੇ ਪੈਂਦੇ ਜਿਸ ਕਰਕੇ ਉਹ ਇਕ ਸਿਰੇ ਤੋਂ ਦੂਜੇ ਸਿਰੇ ਗਿਣਤੀ ਦੀਆਂ ਉਲਾਂਘਾਂ ਨਾਲ ਹੀ ਪੁੱਜ ਜਾਂਦੀ। ਉਹ ਦਸਵੀਂ ’ਚ ਪੜ੍ਹਦੀ ਸੀ ਜਦੋਂ ਦੌੜਾਂ ਦੇ ਕੋਚ ਐਡ ਟੈਂਪਲ ਦੀ ਨਜ਼ਰੇ ਚੜ੍ਹ ਗਈ ਜਿਸ ਨੇ ਉਹਦੇ ਅੰਦਰ ਲੁਕੀ ਦੌੜਨ ਦੀ ਪ੍ਰਤਿਭਾ ਨੂੰ ਪਛਾਣ ਲਿਆ। ਉਹ ਉਹਦੇ ਅਸਾਧਾਰਨ ਤੌਰ ’ਤੇ ਪੈਂਦੇ ਲੰਮੇ ਕਦਮਾਂ ਤੋਂ ਹੈਰਾਨ ਸੀ! ਅਜੇ ਉਹ ਪੰਦਰਵੇਂ ਸਾਲ ’ਚ ਸੀ ਜਦੋਂ ਉਹਦਾ ਕੱਦ ਛੇ ਫੁੱਟ ਉੱਚਾ ਹੋ ਗਿਆ। ਉਸ ਨੇ ਆਪਣੀ ਤੋਰ ਵੀ ਸੁਧਾਰ ਲਈ ਜਿਸ ਨਾਲ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਸ ਦੀ ਖੱਬੀ ਲੱਤ ਨੂੰ ਪੋਲੀE ਦੀ ਮਾਰ ਪਈ ਹੈ। ਉਹ ਉਸ ਲੱਤ ’ਤੇ ਜ਼ੁਰਾਬ ਚੜ੍ਹਾ ਕੇ ਰੱਖਦੀ ਜਦੋਂਕਿ ਦੂਜੀ ਲੱਤ ਬਿਨਾਂ ਜ਼ੁਰਾਬ ਦੇ ਹੁੰਦੀ। ਪੋਲੀਓ ਨਾਲ ਵਿੰਗਾ ਹੋਇਆ ਪੈਰ ਵੀ ਵਿਸ਼ੇਸ਼ ਬੂਟ ਪਾ ਕੇ ਸਿੱਧਾ ਕਰ ਲਿਆ। ਮੈਲਬਰਨ 1956 ਦੀਆਂ ਓਲੰਪਿਕ ਖੇਡਾਂ ਲਈ ਵਿਲਮਾ ਅਮਰੀਕਾ ਦੀ ਅਥਲੈਟਿਕ ਟੀਮ ਵਿਚ ਚੁਣੀ ਗਈ। ਸੋਲ੍ਹਵਾਂ ਜਨਮ ਦਿਨ ਉਸ ਨੇ ਮੈਲਬਰਨ ਮਨਾਇਆ। ਉੱਥੇ ਆਸਟਰੇਲੀਆ ਦੀ ਅਥਲੀਟ ਬੈਟੀ ਕਥਬਰਟ ਨੇ 100, 200 ਤੇ 400 ਮੀਟਰ ਦੌੜਾਂ ’ਚੋਂ ਸੋਨੇ ਦੇ ਤਗ਼ਮੇ ਜਿੱਤੇ ਤਾਂ ਵਿਲਮਾ ਨੇ ਮਨ ’ਚ ਧਾਰ ਲਿਆ ਕਿ ਹੋਰ ਚਹੁੰ ਸਾਲਾਂ ਤਕ ਰੋਮ ਦੀਆਂ ਓਲੰਪਿਕ ਖੇਡਾਂ ’ਚੋਂ ਉਹ ਵੀ ਬੈਟੀ ਕਥਬਰਟ ਵਾਂਗ ਤਿੰਨ ਗੋਲਡ ਮੈਡਲ ਜਿੱਤੇਗੀ।

ਰੋਮ ਓਲੰਪਿਕ ਖੇਡਾਂ 1960 ਲਈ ਵਿਲਮਾ ਫਿਰ ਅਮਰੀਕਾ ਦੀ ਟੀਮ ’ਚ ਚੁਣੀ ਗਈ। ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਨਾਂ ਉਦੋਂ ਕੈਸ਼ੀਅਸ ਕਲੇ ਸੀ ਤੇ ਉਹ ਵੀ ਅਮਰੀਕਾ ਦੇ ਦਲ ਵਿਚ ਸ਼ਾਮਲ ਸੀ। ਸਿਆਹਫ਼ਾਮ ਨਸਲ ਦੇ ਇਹ ਦੋਵੇਂ ਖਿਡਾਰੀ ਉਦੋਂ ਵੀਹਵੇਂ ਸਾਲ ’ਚ ਸਨ। ਭਾਰਤ ਦਾ ਮਿਲਖਾ ਸਿੰਘ ਵੀ ਰੋਮ ਗਿਆ ਸੀ ਤੇ ਹਾਕੀ ਵਾਲੇ ਪ੍ਰਿਥੀਪਾਲ ਸਿੰਘ ਹੋਰੀਂ ਵੀ ਰੋਮ ਗਏ ਸਨ। ਉਹ ਵਿਲਮਾ ਨੂੰ ਵੇਖਦੇ ਤਾਂ ਉਹਦੇ ਕੱਦ ਕਾਠ ਦੀ ਉਸਤਤ ਕਰਦੇ ਕਹਿੰਦੇ, ‘‘ਆਹ ਤਾਂ ਯਾਰ ਆਪਣੇ ਨਾਲੋਂ ਵੀ ਚਾਰ ਉਂਗਲਾਂ ਉੱਚੀ ਐ!’’ ਉੱਥੇ ਵਿਲਮਾ 100 ਮੀਟਰ ਦੌੜ ਦੇ ਫਾਈਨਲ ਵਿਚ ਅੱਪੜੀ ਤਾਂ ਸਭਨਾਂ ਦੀਆਂ ਨਜ਼ਰਾਂ ਉਸ ’ਤੇ ਸਨ। ਸਟਾਰਟਰ ਦੇ ਫਾਇਰ ਨਾਲ ਉਹ ਗੋਲੀ ਵਾਂਗ ਨਿਕਲੀ। ਉਸ ਨੇ ਲੰਮੇ ਕਦਮਾਂ ਨਾਲ ਦੌੜ ਪੂਰੀ ਕੀਤੀ ਤੇ 11.0 ਸਕਿੰਟ ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਉਹ 200 ਮੀਟਰ ਦੌੜ ਦਾ ਸੋਨ ਤਗ਼ਮਾ ਵੀ ਜਿੱਤ ਗਈ ਤੇ 4ਣ100 ਰੀਲੇਅ ਦੌੜ ਦਾ ਗੋਲਡ ਮੈਡਲ ਵੀ। 200 ਮੀਟਰ ਦੌੜ ਦਾ ਸਮਾਂ 23.2 ਸਕਿੰਟ ਤੇ ਰੀਲੇਅ ਦੌੜ ਦਾ 44.5 ਸਕਿੰਟ ਸੀ। ਇਕੋ ਓਲੰਪਿਕਸ ਵਿਚੋਂ ਸੋਨੇ ਦੇ ਤਿੰਨ ਤਗ਼ਮੇ ਜਿੱਤਣ ਵਾਲੀ ਉਹ ਅਮਰੀਕਾ ਦੀ ਪਹਿਲੀ ਦੌੜਾਕ ਬਣੀ। ਅਖ਼ੀਰ ਬ੍ਰੇਨ ਟਿਊਮਰ ਨਾਲ 1994 ਵਿਚ ਉਹਦੀ ਮੌਤ ਹੋ ਗਈ।

ਉਸ ਨੇ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਜਨਮੋਂ ਕੋਈ ਬੱਚਾ ਕਿੰਨਾ ਵੀ ਕਮਜ਼ੋਰ ਜਾਂ ਬਚਪਨ ਵਿਚ ਕਿੰਨਾ ਵੀ ਬਿਮਾਰ ਕਿਉਂ ਨਾ ਰਿਹਾ ਹੋਵੇ, ਜੇਕਰ ਉਹਦੇ ਵਿਚ ਕੁਝ ਕਰਨ ਦਾ ਜਜ਼ਬਾ ਹੈ ਤਾਂ ਉਹ ਜੋ ਚਾਹੇ ਸੋ ਕਰ ਸਕਦਾ ਹੈ। ਹਾਸ਼ਮ ਸ਼ਾਹ ਨੇ ਐਵੇਂ ਨਹੀਂ ਲਿਖਿਆ: ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਧਨੀ ਰਾਮ ਚਾਤ੍ਰਿਕ ਦਾ ਵੀ ਕਥਨ ਹੈ: ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ…। ਦੁਨੀਆਂ ਵਿਚ ਦਿਵਿਆਂਗ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਹੈ ਤੇ ਖਿਡਾਰੀਆਂ ਦੀ ਲੱਖਾਂ ਵਿਚ। ਉਨ੍ਹਾਂ ਨੂੰ ਉਤਸ਼ਾਹ ਦੇਣ ਅਤੇ ਆਪਣੀ ਹੋਂਦ ਜਤਾਉਣ ਲਈ ਦਿਵਿਆਂਗਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ। ਪੈਰਾਲੰਪਿਕ ਖੇਡਾਂ ਰੋਮ 1960 ਤੋਂ ਟੋਕੀਓ 1964, ਤਲਅਵੀਵ 1968, ਹੀਡਲਬਰਗ ਜਰਮਨੀ 1972, ਟੋਰਾਂਟੋ 1976, ਨੀਦਰਲੈਂਡ 1980, ਨਿਊਯਾਰਕ ਤੇ ਯੂਕੇ 1984, ਸਿEਲ 1988, ਬਾਰਸੀਲੋਨਾ ਤੇ ਮੈਡਰਿਡ 1992, ਐਟਲਾਂਟਾ 1996, ਸਿਡਨੀ 2000, ਏਥਨਜ਼ 2004, ਪੇਈਚਿੰਗ 2008, ਲੰਡਨ 2012, ਰੀE 2016 ਤੇ ਟੋਕੀਓ 2021 ਤੱਕ ਹੋ ਚੁੱਕੀਆਂ ਹਨ। 2024 ਦੀ ਪੈਰਾਲੰਪਿਕ ਪੈਰਿਸ, 2028 ਦੀ ਲਾਸ ਏਂਜਲਸ ਤੇ 2032 ਦੀ ਬ੍ਰਿਜ਼ਬੇਨ ਵਿਚ ਹੋਵੇਗੀ। ਪਹਿਲਾਂ ਪਹਿਲ ਪੈਰਾਲੰਪਿਕ ਖੇਡਾਂ ਓਲੰਪਿਕ ਖੇਡਾਂ ਤੋਂ ਵੱਖਰੀ ਥਾਂ ਹੁੰਦੀਆਂ ਸਨ, ਪਰ ਸਿਓਲ ਓਲੰਪਿਕ 1988 ਤੋਂ ਇਹ ਖੇਡਾਂ ਓਲੰਪਿਕਸ ਤੋਂ ਦੋ ਹਫ਼ਤੇ ਬਾਅਦ ਓਲੰਪਿਕ ਖੇਡਾਂ ਵਾਲੀ ਜਗ੍ਹਾ ਹੀ ਹੋ ਰਹੀਆਂ ਹਨ।

ਇੰਜ ਓਲੰਪਿਕ ਖੇਡਾਂ ਵਾਲੇ ਬੁਨਿਆਦੀ ਢਾਂਚੇ ਨਾਲ ਡੰਗ ਸਾਰ ਲਿਆ ਜਾਂਦਾ ਹੈ। ਪੈਰਾਲੰਪਿਕ ਖੇਡਾਂ ਵਿਚ ਆਮ ਕਰਕੇ ਤੀਰ ਅੰਦਾਜ਼ੀ, ਅਥਲੈਟਿਕਸ, ਬਾਸਕਟਬਾਲ, ਬੋਸੀਆ, ਘੋੜਸਵਾਰੀ, ਤਲਵਾਰਬਾਜ਼ੀ, ਫੁੱਟਬਾਲ, ਗੋਲਬਾਲ, ਜੂਡੋ, ਪਾਵਰ ਲਿਫਟਿੰਗ, ਸੇਲੰਿਗ, ਸ਼ੂਟਿੰਗ, ਟੇਬਲ ਟੈਨਿਸ, ਟੈਨਿਸ, ਵਾਲੀਬਾਲ, ਵੀਲ੍ਹਚੇਅਰ ’ਤੇ ਰਗਬੀ ਦੀਆਂ ਖੇਡਾਂ ਹੁੰਦੀਆਂ ਹਨ। ਇਨ੍ਹਾਂ ਦੇ ਮੁਕਾਬਲੇ 500 ਤੋਂ ਉਪਰ ਬਣ ਜਾਂਦੇ ਹਨ। ਟੋਕੀਓ ਪੈਰਾਲੰਪਿਕ ਵਿਚ 539 ਮੁਕਾਬਲਿਆਂ ਦੇ ਮੈਡਲ ਸੈੱਟ ਦਾਅ ’ਤੇ ਸਨ। ਚੀਨ ਸਭ ਤੋਂ ਵੱਧ 96 ਗੋਲਡ, 60 ਸਿਲਵਰ, 51 ਬਰਾਂਜ਼ ਅਤੇ ਕੁਲ 207 ਮੈਡਲ ਜਿੱਤ ਕੇ ਮੀਰੀ ਰਿਹਾ। ਬਰਤਾਨੀਆ 41-38-45; ਅਮਰੀਕਾ 37- 36-31; ਰੂਸ ਪੈਰਾਲੰਪਿਕ ਕਮੇਟੀ 36-33- 49; ਨੀਦਰਲੈਂਡ 25-17-17; ਯੂਕਰੇਨ 24-47-27; ਬ੍ਰਾਜ਼ੀਲ 22-29-30; ਆਸਟਰੇਲੀਆ 21-29-30, ਤੇ ਇਟਲੀ ਨੇ 14-29-26 ਤਗ਼ਮੇ ਜਿੱਤੇ। ਕੈਨੇਡਾ ਨੇ 5-10-6 ਅਤੇ ਭਾਰਤ ਨੇ 5-8-6 ਸੋਨੇ, ਚਾਂਦੀ ਤੇ ਤਾਂਬੇ ਦੇ ਤਗ਼ਮੇ ਜਿੱਤੇ। ਭਾਰਤੀ ਖਿਡਾਰੀਆਂ ਨੂੰ ਅਥਲੈਟਿਕਸ ਮੁਕਾਬਲਿਆਂ ਵਿਚੋਂ 8, ਸ਼ੂਟਿੰਗ ’ਚੋਂ 5, ਬੈਡਮਿੰਟਨ ’ਚੋਂ 4, ਟੇਬਲ ਟੈਨਿਸ ’ਚੋਂ 1 ਤੇ ਤੀਰਅੰਦਾਜ਼ੀ ਵਿਚੋਂ ਵੀ 1 ਤਗ਼ਮਾ ਹਾਸਲ ਹੋਇਆ।

ਅਵਨੀ ਲੇਖਾਰਾ ਨੇ ਨਿਸ਼ਾਨੇਬਾਜ਼ੀ ’ਚੋਂ ਗੋਲਡ, ਮਨੀਸ਼ ਨਰਵਾਲ ਨੇ ਵੀ ਸ਼ੂਟਿੰਗ ’ਚੋਂ ਗੋਲਡ, ਸਮਿਤ ਆਂਤਲ ਨੇ ਜੈਵਲਿਨ ਥ੍ਰੋਅ ’ਚੋਂ ਗੋਲਡ, ਪ੍ਰਮੋਦ ਭਗਤ ਨੇ ਬੈਡਮਿੰਟਨ ’ਚੋਂ ਗੋਲਡ ਤੇ ਕ੍ਰਿਸ਼ਨਾ ਨਾਗਰ ਨੇ ਵੀ ਬੈਡਮਿੰਟਨ ’ਚੋਂ ਗੋਲਡ ਮੈਡਲ ਜਿੱਤੇ। ਭਵੀਨਾ ਪਟੇਲ ਟੇਬਲ ਟੈਨਿਸ, ਨਿਸ਼ਾਦ ਕੁਮਾਰ ਹਾਈ ਜੰਪ, ਯੋਗੇਸ਼ ਕਥੂਨੀਆ ਡਿਸਕਸ ਥ੍ਰੋਅ, ਦੇਵਿੰਦਰਾ ਝਝਾਰੀਆ ਜੈਵਲਿਨ ਥ੍ਰੋਅ, ਮਰੀਅੱਪਨ ਹਾਈ ਜੰਪ, ਪਰਵੀਨ ਕੁਮਾਰ ਹਾਈ ਜੰਪ, ਸਿੰਘਰਾਜ ਨਿਸ਼ਾਨੇਬਾਜ਼ੀ ਤੇ ਸੁਹਾਸ ਯੋਗੀਰਾਜੇ ਨੇ ਬੈਡਮਿੰਟਨ ’ਚੋਂ ਸਿਲਵਰ ਮੈਡਲ ਜਿੱਤੇ। ਸੁੰਦਰ ਸਿੰਘ ਗੁਰਜਰ ਜੈਵਲਿਨ ਥ੍ਰੋਅ, ਸਿੰਘਰਾਜ ਨਿਸ਼ਾਨੇਬਾਜ਼ੀ, ਸ਼ਰਦ ਕੁਮਾਰ ਹਾਈ ਜੰਪ, ਆਵਾਕੀ ਸ਼ੂਟਿੰਗ, ਹਰਵਿੰਦਰ ਸਿੰਘ ਤੀਰਅੰਦਾਜ਼ੀ ਤੇ ਮਨੋਜ ਸਰਕਾਰ ਨੇ ਬੈਡਮਿੰਟਨ ’ਚੋਂ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਨੇ ਹੁਣ ਤਕ ਹੋਈਆਂ 16 ਪੈਰਾਲੰਪਿਕ ਖੇਡਾਂ ਵਿਚੋਂ 11 ਵਾਰ ਖੇਡਾਂ ਵਿਚ ਭਾਗ ਲਿਆ ਜਿਨ੍ਹਾਂ ’ਚੋਂ 9 ਸੋਨੇ, 12 ਚਾਂਦੀ ਤੇ 10 ਤਾਂਬੇ ਦੇ ਤਗ਼ਮਿਆਂ ਨਾਲ ਕੁਲ 31 ਤਗ਼ਮੇ ਜਿੱਤੇ। ਇਨ੍ਹਾਂ ਵਿਚੋਂ 19 ਤਗ਼ਮੇ ’ਕੱਲੀਆਂ ਟੋਕੀਓ ਪੈਰਾਲੰਪਿਕ ਖੇਡਾਂ ਦੇ ਹਨ। ਵੈਸੇ 16 ਪੈਰਾਲੰਪਿਕ ਖੇਡਾਂ ਦੇ ਕੁਲ ਤਗ਼ਮੇ 7465 ਗੋਲਡ, 7298 ਸਿਲਵਰ, 7337 ਬਰਾਂਜ਼, ਜਮ੍ਹਾਂ ਜੋੜ 22100 ਮੈਡਲ ਦਿੱਤੇ ਜਾ ਚੁੱਕੇ ਹਨ।

ਸਭ ਤੋਂ ਉਪਰ ਅਮਰੀਕਾ ਹੈ ਜਿਸ ਨੇ 15 ਵਾਰ ਇਨ੍ਹਾਂ ਖੇਡਾਂ ਵਿਚ ਭਾਗ ਲਿਆ ਅਤੇ 8 ਵਾਰ ਅੱਵਲ ਰਹਿ ਕੇ 807 ਸੋਨੇ, 736 ਚਾਂਦੀ, 739 ਤਾਂਬੇ ਭਾਵ ਕੁਲ 2291 ਤਗ਼ਮੇ ਜਿੱਤੇ ਹਨ। ਬਰਤਾਨੀਆ ਨੇ 15 ਵਾਰੀਆਂ ਵਿਚ 667, 622, 624; ਚੀਨ ਨੇ 10 ਵਾਰੀਆਂ ’ਚ 535, 460, 302; ਜਰਮਨੀ ਨੇ 15 ਵਾਰੀਆਂ ’ਚ 500, 477, 485; ਕੈਨੇਡਾ ਨੇ 13 ਵਾਰੀਆਂ ’ਚ 398, 339, 346; ਆਸਟਰੇਲੀਆ ਨੇ 16 ਵਾਰੀਆਂ ਵਿਚ 389, 422, 394, ਫਰਾਂਸ ਨੇ 15 ਵਾਰੀਆਂ ’ਚ 322, 334, 336; ਨੀਦਰਲੈਂਡ ਨੇ 15 ਵਾਰੀਆਂ ’ਚ 289, 250, 234; ਸਵੀਡਨ ਨੇ 15 ਵਾਰੀਆਂ ’ਚ 236, 232, 177, ਅਤੇ ਪੋਲੈਂਡ ਨੇ 12 ਵਾਰ ਭਾਗ ਲੈ ਕੇ 230 ਸੋਨੇ, 222 ਚਾਂਦੀ ਤੇ 199 ਤਾਂਬੇ ਦੇ ਤਗ਼ਮੇ ਹਾਸਲ ਕੀਤੇ ਹਨ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ 8 ਵਾਰੀਆਂ ਵਿਚ 1, 1, 1 ਕੁਲ 3 ਮੈਡਲ ਜਿੱਤ ਸਕਿਆ ਹੈ ਜਦੋਂਕਿ ਦੂਜੇ ਗੁਆਂਢੀ ਬੰਗਲਾਦੇਸ਼ ਨੇ ਅਜੇ ਖਾਤਾ ਖੋਲ੍ਹਣਾ ਹੈ। ਇਨ੍ਹਾਂ ਅੰਕੜਿਆਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਵਿਆਂਗ ਅਥਵਾ ਡਿਸਏਬਲ ਵਿਅਕਤੀਆਂ ਦੀ ਕਿਹੜੇ ਮੁਲਕ ਕਿੰਨੀ ਕੁ ਸਾਰ ਲੈਂਦੇ ਹਨ?

Leave a Reply

Your email address will not be published.