ਟੋਕੀਉ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ

Home » Blog » ਟੋਕੀਉ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ
ਟੋਕੀਉ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ

32ਵੀਆਂ ਉਲੰਪਿਕ ਖੇਡਾਂ ਦਾ ਬਿਗਲ ਵੱਜ ਚੁੱਕੈ। ਉਲੰਪਿਕ ਮਸ਼ਾਲ ਟੋਕੀਉ ਦੇ ਨੈਸ਼ਨਲ ਸਟੇਡੀਅਮ ਵਿਚ ਜਗਣ ਵਾਲੀ ਹੈ।

ਖੇਡਾਂ ਹੋਣ ਜਾਂ ਨਾ ਹੋਣ ਦੇ ਸਾਰੇ ਸੰਸੇ ਖ਼ਤਮ ਹੋ ਗਏ ਹਨ। ਹੁਣ 23 ਜੁਲਾਈ ਤੋਂ 8 ਅਗਸਤ ਤੱਕ ਕੁਲ ਦੁਨੀਆ ਦੀਆਂ ਨਜ਼ਰਾਂ ਟੋਕੀਉ ‘ਤੇ ਟਿਕੀਆਂ ਹੋਣਗੀਆਂ। ਫੁੱਟਬਾਲ ਦੇ ਮੁਕਾਬਲੇ 21 ਜੁਲਾਈ ਨੂੰ ਹੀ ਸ਼ੁਰੂ ਹੋ ਜਾਣਗੇ। ਉਥੇ ਰੁਸਤਮ ਖਿਡਾਰੀਆਂ ਦੇ ਸਿਖ਼ਰਲੇ ਭੇੜ ਹੋਣਗੇ। ਕੋਈ ਖਿਡਾਰੀ, ਕੋਈ ਮੁਲਕ ਜਿੱਤ ਰਿਹਾ ਹੋਵੇਗਾ ਤੇ ਕੋਈ ਹਾਰ ਰਿਹਾ ਹੋਵੇਗਾ। ਹਰੇਕ ਮੁਲਕ ਦੇ ਖੇਡ ਪ੍ਰੇਮੀ ਚਾਹੁੰਣਗੇ ਕਿ ਸਾਡੇ ਖਿਡਾਰੀ ਵੱਧ ਤੋਂ ਵੱਧ ਜਿੱਤਣ। ਪਰ ਜਿੱਤ ਆਖ਼ਰ ਤਕੜਿਆਂ ਦੀ ਹੀ ਹੋਣੀ ਹੈ। ਆਬਾਦੀ ਵਿਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਭਾਰਤ ਨੇ ਭਾਵੇਂ ਕਦੇ ਵੀ ਉਂਗਲਾਂ ‘ਤੇ ਗਿਣੇ ਜਾਣ ਜੋਗੇ ਵੀ ਮੈਡਲ ਨਹੀਂ ਜਿੱਤੇ ਫਿਰ ਵੀ ਭਾਰਤ ਵਾਸੀ ਆਸ ਕਰਨਗੇ ਕਿ ਹਜ਼ਾਰ ਤੋਂ ਵੱਧ ਮੈਡਲਾਂ ਵਿਚੋਂ ਘੱਟੋ-ਘੱਟ ਦਸ-ਬਾਰਾਂ ਮੈਡਲ ਤਾਂ ਭਾਰਤੀ ਖਿਡਾਰੀ ਜ਼ਰੂਰ ਜਿੱਤਣ। ਭਾਰਤ ਦੇ ਖਿਡਾਰੀ ਭਾਵੇਂ 16 ਪ੍ਰਕਾਰ ਦੀਆਂ ਖੇਡਾਂ ਵਿਚ ਭਾਗ ਲੈ ਰਹੇ ਹੋਣਗੇ ਪਰ ਮੈਡਲ ਜਿੱਤਣ ਦੀ ਵਧੇਰੇ ਆਸ ਹਾਕੀ, ਸ਼ੂਟਿੰਗ, ਕੁਸ਼ਤੀਆਂ, ਮੁੱਕੇਬਾਜ਼ੀ, ਬੈਡਮਿੰਟਨ, ਤੀਰਅੰਦਾਜ਼ੀ ਤੇ ਇੱਕਾ-ਦੁੱਕਾ ਹੋਰ ਖੇਡਾਂ ਵਿਚੋਂ ਹੀ ਰੱਖੀ ਜਾ ਰਹੀ ਹੈ।

ਭਾਰਤ ਨੇ ਹੁਣ ਤੱਕ ਹੋਈਆਂ ਉਲੰਪਿਕ ਖੇਡਾਂ ਵਿਚੋਂ ਇਕ ਐਂਗਲੋ-ਇੰਡੀਅਨ ਦੇ ਦੋ ਮੈਡਲਾਂ ਸਮੇਤ ਕੁੱਲ 28 ਮੈਡਲ ਜਿੱਤੇ ਹਨ ਜਿਨ੍ਹਾਂ ‘ਚ 11 ਮੈਡਲ ਇਕੱਲੀ ਹਾਕੀ ਦੇ ਹਨ। ਭਾਰਤੀ ਹਾਕੀ ਟੀਮ 1928 ਤੋਂ 1956 ਤੱਕ ਲਗਾਤਾਰ 6 ਗੋਲਡ ਮੈਡਲ ਜਿੱਤੀ ਸੀ। 1960 ਵਿਚ ਪਾਕਿਸਤਾਨ ਦੀ ਹਾਕੀ ਟੀਮ ਤੋਂ ਹਾਰਨ ਕਰਕੇ ਸਿਲਵਰ ਮੈਡਲ ਜਿੱਤ ਸਕੀ ਪਰ 1964 ਵਿਚ ਟੋਕੀਉ ਦੀਆਂ ਉਲੰਪਿਕ ਖੇਡਾਂ ਵਿਚੋਂ ਫਿਰ ਗੋਲਡ ਮੈਡਲ ਜਿੱਤ ਗਈ ਸੀ। ਮੈਕਸੀਕੋ-1968 ਤੇ ਮਿਊਨਿਖ-1972 ਵਿਚ ਬਰਾਂਜ਼ ਮੈਡਲ ਜਿੱਤੇ ਜਦ ਕਿ ਅੱਧੀ ਦੁਨੀਆ ਦੇ ਬਾਈਕਾਟ ਵਾਲੀਆਂ ਮਾਸਕੋ-1980 ਦੀਆਂ ਉਲੰਪਿਕ ਖੇਡਾਂ ਵਿਚੋਂ ਗੋਲਡ ਮੈਡਲ ਜਿੱਤਣ ਬਾਅਦ ਕਦੇ ਵੀ ਵਿਕਟਰੀ ਸਟੈਂਡ ‘ਤੇ ਨਹੀਂ ਚੜ੍ਹ ਸਕੀ। 40-41 ਸਾਲਾਂ ਬਾਅਦ ਐਤਕੀਂ ਹਾਕੀ ਵਿਚ ਕੋਈ ਮੈਡਲ ਜਿੱਤਣ ਦੀ ਕਾਫ਼ੀ ਆਸ ਹੈ। ਏਸ਼ੀਆ ਦੇ ਦੇਸ਼ ਚੀਨ ਤੇ ਕੋਰੀਆ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ‘ਚ ਭਾਰਤ ਤੋਂ ਪਿੱਛੇ ਸਨ ਪਰ ਹੁਣ ਕਿਤੇ ਮੂਹਰੇ ਹਨ।

ਜਾਪਾਨ ਬਰਾਬਰੀ ‘ਤੇ ਸੀ ਜੋ ਕਿਤੇ ਅੱਗੇ ਨਿਕਲ ਗਿਐ। ਇਹ ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਬੀਜਿੰਗ-2008 ਤੋਂ 3 ਮੈਡਲ ਜਿੱਤੇ ਸਨ, ਲੰਡਨ-2012 ਤੋਂ 6 ਪਰ ਰੀਉ-2016 ਤੋਂ 2 ਹੀ ਜਿੱਤ ਸਕਿਐ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਉਲੰਪਿਕ ਖੇਡਾਂ ‘ਚੋਂ ਹੁਣ ਤੱਕ 9 ਗੋਲਡ, 7 ਸਿਲਵਰ ਤੇ 12 ਬਰਾਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਤੇ 1 ਸ਼ੂਟਿੰਗ ਵਿਚ ਪੰਜਾਬ ਦੇ ਅਭਿਨਵ ਸਿੰਘ ਬਿੰਦਰਾ ਦਾ ਹੈ। ਸਿਲਵਰ ਤੇ ਬਰਾਂਜ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫ਼ਟਿੰਗ ਤੇ ਬੈਡਮਿੰਟਨ ਦੇ ਹਨ ਜਿਨ੍ਹਾਂ ਦੇ ਵਧੇਰੇ ਜੇਤੂ ਹਰਿਆਣਵੀ ਹਨ। ਪੁਰਾਤਨ ਉਲੰਪਿਕ ਖੇਡਾਂ 776 ਪੂ: ਈ: ਤੋਂ ਸ਼ੁਰੂ ਹੋਈਆਂ ਸਨ ਜੋ 392 ਈਸਵੀ ਤੱਕ ਹਰ ਚਹੁੰ ਸਾਲਾਂ ਬਾਅਦ ਹੁੰਦੀਆਂ ਰਹੀਆਂ। ਫਿਰ ਉਨ੍ਹਾਂ ਦਾ ਭੋਗ ਪੈ ਗਿਆ। ਮਾਡਰਨ ਉਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ। 1900 ਵਿਚ ਪੈਰਿਸ, 1904 ਸੇਂਟ ਲੂਈਸ, 1908 ਲੰਡਨ ਤੇ 1912 ਸਟਾਕਹੋਮ ਵਿਚ ਹੋਣ ਪਿੱਛੋਂ 1916 ਵਿਚ ਹੋ ਨਹੀਂ ਸਕੀਆਂ ਕਿਉਂਕਿ ਵਿਸ਼ਵ ਜੰਗ ਲੱਗ ਗਈ ਸੀ।

1920 ਵਿਚ ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿਚ ਹੋਈਆਂ। 1940 ਤੇ 1944 ਦੀਆਂ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। 1948 ਵਿਚ ਲੰਡਨ, 1952 ਹੈਲਸਿੰਕੀ, 1956 ਮੈਲਬੌਰਨ, 1960 ਰੋਮ ਤੇ 1964 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਉ ਵਿਚ ਹੋਈਆਂ। 1968 ਵਿਚ ਮੈਕਸੀਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਂਸ ਏਂਜਲਸ, 1988 ਸਿEਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼, 2008 ਬੀਜਿੰਗ, 2012 ਵਿਚ ਲੰਡਨ ਤੇ 2016 ਵਿਚ ਰੀE ਡੀ ਜਨੀਰੋ ਵਿਚ ਉਲੰਪਿਕ ਖੇਡਾਂ ਹੋਈਆਂ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ ਉਲੰਪਿਕ ਖੇਡਾਂ ਕੇਵਲ 3 ਵਾਰ ਹੋਈਆਂ ਹਨ।

ਪਹਿਲੀ ਵਾਰ ਟੋਕੀਉ, ਦੂਜੀ ਵਾਰ ਸਿEਲ ਤੇ ਤੀਜੀ ਵਾਰ ਬੀਜਿੰਗ। 2016 ਦੀਆਂ ਉਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਕਿਸੇ ਸ਼ਹਿਰ ਵਿਚ ਹੋਈਆਂ ਸਨ। 1940 ਦੀਆਂ ਉਲੰਪਿਕ ਖੇਡਾਂ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਉ ‘ਚ ਹੋਣੀਆਂ ਸਨ ਪਰ ਉਹ ਦੂਜੀ ਵਿਸ਼ਵ ਜੰਗ ਕਰਕੇ ਰੱਦ ਹੋ ਗਈਆਂ। ਫਿਰ 1964 ਵਿਚ ਪਹਿਲੀ ਵਾਰ ਟੋਕੀਉ ‘ਚ ਉਲੰਪਿਕ ਖੇਡਾਂ ਹੋ ਸਕੀਆਂ। 2020 ਦੀਆਂ ਖੇਡਾਂ ਦੂਜੀ ਵਾਰ ਟੋਕੀਉ ਵਿਚ ਹੋਣੀਆਂ ਸਨ ਜੋ ਕੋਵਿਡ-19 ਕਰਕੇ 2021 ਤੱਕ ਅੱਗੇ ਪਾਉਣੀਆਂ ਪਈਆਂ। 2024 ਦੀਆਂ ਉਲੰਪਿਕ ਖੇਡਾਂ ਤੀਜੀ ਵਾਰ ਪੈਰਿਸ ਵਿਚ ਹੋਣਗੀਆਂ। ਭਾਰਤ ਨੇ ਉਲੰਪਿਕ ਖੇਡਾਂ ਕਰਾਉਣ ਦੀ ਕਦੇ ਵੀ ਅਰਜ਼ੀ ਨਹੀਂ ਦਿੱਤੀ ਹਾਲਾਂਕਿ ਦੁਨੀਆ ਦੀ ਛੇਵਾਂ ਹਿੱਸਾ ਆਬਾਦੀ ਭਾਰਤ ਵਿਚ ਵਸਦੀ ਹੈ। ਲੰਡਨ ਐਸਾ ਸ਼ਹਿਰ ਹੈ ਜਿਥੇ ਉਲੰਪਿਕ ਖੇਡਾਂ ਤਿੰਨ ਵਾਰ ਹੋਈਆਂ। ਪੈਰਿਸ ਤੇ ਲਾਸ ਏਂਜਲਸ ਵਿਚ ਦੋ-ਦੋ ਵਾਰ ਉਲੰਪਿਕ ਖੇਡਾਂ ਹੋਈਆਂ।

Leave a Reply

Your email address will not be published.