ਟੀਕਾਕਰਨ ਲਈ ਘਰ ਘਰ ਦਸਤਕ ਦੇਣ ਦੀ ਲੋੜ: ਮੋਦੀ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਘਰ-ਘਰ ਲਿਜਾਣ ਦੀ ਲੋੜ ਹੈ।

ਉਨ੍ਹਾਂ ਘੱਟ ਟੀਕਾਕਰਨ ਵਾਲੇ ਜ਼ਿਿਲ੍ਹਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਨਵੀਨਤਮ ਢੰਗ ਤਰੀਕੇ ਅਪਣਾਉਣ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਅੱਜ ਇਥੇ ਘੱਟ ਟੀਕਾਕਰਨ ਕਵਰੇਜ ਵਾਲੇ 40 ਤੋਂ ਵੱਧ ਜ਼ਿਿਲ੍ਹਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਕੀਤੀ ਵਰਚੁਅਲ ਮੀਟਿੰਗ ਦੌਰਾਨ ਕੀਤੀਆਂ। ਇਟਲੀ ਦੇ ਵੈਟੀਕਨ ਸ਼ਹਿਰ ਵਿੱਚ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਮਿਕ ਆਗੂਆਂ ਵੱਲੋਂ ਟੀਕਾਕਰਨ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਤੇ ਹੱਲਾਸ਼ੇਰੀ ਲਈ ਵਿਸ਼ੇਸ਼ ਜ਼ੋਰ ਦੇਣ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨ ਬਾਰੇ ਜਾਗਰੂਕਤਾ ਫੈਲਾਉਣ ਤੇ ਟੀਕਾਕਰਨ ਬਾਰੇ ਅਫਵਾਹਾਂ ਦੇ ਟਾਕਰੇ ਲਈ ਮੁਕਾਮੀ ਧਾਰਮਿਕ ਆਗੂਆਂ ਦੀ ਮਦਦ ਲੈਣ।

ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਘੱਟ ਕਵਰੇਜ ਵਾਲੇ ਜ਼ਿਲ੍ਹਆਂ ਵਿੱਚ ਟੀਕਾਕਰਨ ਵਧਾਉਣ ਲਈ ਨਵੇਂ ਢੰਗ ਤਰੀਕੇ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਹੁਣ ਤੱਕ ਤੁਸੀਂ ਲੋਕਾਂ ਨੂੰ ਟੀਕਾਕਰਨ ਕੇਂਦਰਾਂ ਤੱਕ ਲਿਆਉਣ ਲਈ ਕੰਮ ਕਰ ਰਹੇ ਸੀ, ਹੁਣ ‘ਹਰ ਘਰ ਦਸਤਕ’ ਮੁਹਿੰਮ ਤਹਿਤ ਕੰਮ ਕਰਨ ਤੇ ਹਰ ਘਰ ਤੱਕ ਰਸਾਈ ਕਰਨ ਦਾ ਸਮਾਂ ਹੈ।’’ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਲਈ ਪਹਿਲੀ ਖੁਰਾਕ ਯਕੀਨੀ ਬਣਾਉਣ, ਜਿਨ੍ਹਾਂ ਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ, ਪਰ ਨਾਲ ਹੀ ਦੂਜੀ ਖੁਰਾਕ ਨੂੰ ਵੀ ਓਨੀ ਹੀ ਅਹਿਮੀਅਤ ਦੇਣ। ਵਰਚੁਅਲ ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹਆਂ ’ਤੇ ਧਿਆਨ ਕੇਂਦਰਤ ਕੀਤਾ ਗਿਆ, ਜਿਨ੍ਹਾਂ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਦੀ 50 ਫੀਸਦ ਤੋਂ ਘੱਟ ਕਵਰੇਜ ਤੇ ਵੈਕਸੀਨ ਦੀ ਦੂਜੀ ਖੁਰਾਕ ਦੀ ਘੱਟ ਕਵਰੇਜ ਹੈ।

ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਇਹ 40 ਜ਼ਿਲ੍ਹੇ ਝਾਰਖੰਡ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਮੇਘਾਲਿਆ ਸਮੇਤ ਹੋਰਨਾਂ ਰਾਜਾਂ ਨਾਲ ਸਬੰਧਤ ਹਨ। ਮੀਟਿੰਗ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤੇ ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ ਸਮੇਤ ਹੋਰ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਵਿੱਚ ਜੀ-20 ਤੇ ਕੋਪ-26 ਸਿਖਰ ਵਾਰਤਾਵਾਂ ਤੋਂ ਵਾਪਸ ਮੁੜਨ ਤੋਂ ਫੌਰੀ ਮਗਰੋਂ ਇਹ ਵਰਚੁਅਲ ਮੀਟਿੰਗ ਕੀਤੀ ਹੈ।

Leave a Reply

Your email address will not be published. Required fields are marked *