ਟਰੂਡੋ ਮੰਤਰੀ ਮੰਡਲ ’ਚ ਬੀਬੀਆਂ ਦੀ ਚੜ੍ਹਤ

Home » Blog » ਟਰੂਡੋ ਮੰਤਰੀ ਮੰਡਲ ’ਚ ਬੀਬੀਆਂ ਦੀ ਚੜ੍ਹਤ
ਟਰੂਡੋ ਮੰਤਰੀ ਮੰਡਲ ’ਚ ਬੀਬੀਆਂ ਦੀ ਚੜ੍ਹਤ

ਜਤਿੰਦਰ ਚੀਮਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ।

ਇਸ ਮੰਤਰੀ ਮੰਡਲ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਔਰਤਾਂ ਨੂੰ ਕਈ ਅਹਿਮ ਅਹੁਦੇ ਦਿੱਤੇ ਗਏ ਹਨ। ਫੈਡਰਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਚਾਹੇ ਟਰੂਡੋ ਨੇ ਇਹ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਨਵੀਂ ਵਜ਼ਾਰਤ ਦੇ ਗਠਨ ਵਿੱਚ ਕੁਝ ਦਿਨ ਲੱਗ ਸਕਦੇ ਹਨ। ਉਨ੍ਹਾਂ ਵੱਲੋਂ 26 ਅਕਤੂਬਰ ਨੂੰ ਨਵੀਂ ਗਠਨ ਕੀਤੀ 38 ਮੈਂਬਰੀ ਵਜ਼ਾਰਤ ਵਿੱਚ ਜਿੱਥੇ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਉੱਥੇ ਕੁਝ ਪੁਰਾਣਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ। ਪਹਿਲੀ ਕਾਨਫਰੰਸ ਵਿੱਚ ਹੀ ਉਨ੍ਹਾਂ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਨਵੀਂ ਵਜ਼ਾਰਤ ਵਿੱਚ ਮੌਜੂਦਾ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਵਿਭਾਗ ਦੀ ਇੰਚਾਰਜ ਕ੍ਰਿਸਟੀਆ ਫ੍ਰੀਲੈਂਡ ਪਹਿਲਾਂ ਵਾਂਗ ਹੀ ਅਹੁਦਿਆਂ ’ਤੇ ਕੰਮ ਕਰਦੇ ਰਹਿਣਗੇ। ਕ੍ਰਿਸਟੀਆ ਵੱਲੋਂ ਅਮਰੀਕਾ ਦੀ ਟਰੰਪ ਸਰਕਾਰ ਵੇਲੇ ਨਾਫਟਾ ਵਪਾਰਕ ਸੰਧੀ ਦੇ ਚੱਲਦਿਆਂ ਨਿਭਾਈ ਭੂਮਿਕਾ ਦੀ ਬਹੁਤ ਸ਼ਲਾਘਾ ਕੀਤੀ ਗਈ ਸੀ। ਕਿਸੇ ਵੀ ਫੈਡਰਲ ਸਰਕਾਰ ਵਿੱਚ ਹਮੇਸ਼ਾਂ ਵਿੱਤ, ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਤਿੰਨਾਂ ਅਹਿਮ ਮਹਿਕਮਿਆਂ ਦੇ ਮੰਤਰੀ ਵਜੋਂ ਔਰਤਾਂ ਨੂੰ ਨਿਯੁਕਤ ਕੀਤਾ ਗਿਆ ਹੈ।

ਵਿੱਤ ਮੰਤਰੀ ਤੋਂ ਬਾਅਦ ਦੂਜੀ ਅਹਿਮ ਮੰਤਰੀ ਵਜੋਂ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਰੱਖਿਆ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਰਾਜਨੀਤਕ ਹਲਕਿਆਂ ਵਿੱਚ ਅਨੀਤਾ ਆਨੰਦ ਦੀ ਇਸ ਨਿਯੁਕਤੀ ਨੂੰ ਉਨ੍ਹਾਂ ਵੱਲੋਂ ਪਹਿਲੀ ਸਰਕਾਰ ਵਿੱਚ ਜਨਤਕ ਸੇਵਾਵਾਂ ਅਤੇ ਖ਼ਰੀਦ ਮੰਤਰੀ ਦੇ ਤੌਰ ’ਤੇ ਨਿਭਾਈ ਜ਼ਿੰਮੇਵਾਰੀ ਦੀ ਤਰੱਕੀ ਵਜੋਂ ਲਿਆ ਜਾ ਰਿਹਾ ਹੈ। ਅਨੀਤਾ ਆਨੰਦ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਦਵਾਈਆਂ ਦੀਆਂ ਬਹੁਰਾਸ਼ਟਰੀ ਕੰਪਨੀਆਂ ਨਾਲ ਵੈਕਸੀਨ ਦੀ ਖ਼ਰੀਦ ਸਬੰਧੀ ਕੀਤੇ ਸਮਝੌਤਿਆਂ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਸੀ। ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਛੁੱਟੀ ’ਤੇ ਚੱਲ ਰਹੀ ਪ੍ਰੋਫੈਸਰ ਆਨੰਦ 2019 ਵਿੱਚ ਪਹਿਲੀ ਵਾਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਟਰੂਡੋ ਦੀ ਸਰਕਾਰ ਵਿੱਚ ਮੰਤਰੀ ਬਣੀ ਸੀ। ਉਸ ਨੂੰ ਇਹ ਵੀ ਮਾਣ ਹਾਸਲ ਹੈ ਕਿ ਉਹ ਹਿੰਦੂ ਭਾਈਚਾਰੇ ਵਿੱਚੋਂ ਪਹਿਲੀ ਕੈਨੇਡੀਅਨ ਸੀ ਜਿਸ ਨੂੰ ਫੈਡਰਲ ਮੰਤਰੀ ਬਣਨ ਦਾ ਸੁਭਾਗ ਹਾਸਲ ਹੋਇਆ ਸੀ। 1967 ਵਿੱਚ ਪੈਦਾ ਹੋਈ ਤੇ ਨੋਵਾ ਸਕੋਸ਼ੀਆ ਵਿੱਚ ਪਲੀ ਅਨੀਤਾ ਆਨੰਦ 1985 ਵਿੱਚ ਓਟਾਂਰੀਓ ਸੂਬੇ ਵਿੱਚ ਰਹਿਣ ਲੱਗੀ ਸੀ। ਰੱਖਿਆ ਮੰਤਰੀ ਵਜੋਂ ਅਨੀਤਾ ਆਨੰਦ ਲਈ ਇਹ ਮਹਿਕਮਾ ਕੰਡਿਆਂ ਦਾ ਤਾਜ ਵੀ ਸਾਬਤ ਹੋ ਸਕਦਾ ਹੈ।

ਉਹ ਕੈਨੇਡਾ ਦੇ ਇਤਿਹਾਸ ਵਿੱਚ ਦੂਜੀ ਔਰਤ ਰੱਖਿਆ ਮੰਤਰੀ ਬਣੀ ਹੈ। ਇਸ ਤੋਂ ਲਗਭਗ ਤਿੰਨ ਦਹਾਕੇ ਪਹਿਲਾਂ ਕਿਮ ਕੈਮਪਬਲ ਨੇ ਰੱਖਿਆ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਨੂੰ ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਇੱਕੋ-ਇੱਕ ਮਹਿਲਾ ਪ੍ਰਧਾਨ ਮੰਤਰੀ ਵਜੋਂ ਜਾਣਿਆ ਜਾਂਦਾ ਹੈ। ਚਾਹੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਕੇਵਲ 83 ਦਿਨ ਦਾ ਹੀ ਸੀ। ਹਰਜੀਤ ਸਿੰਘ ਸੱਜਣ ਜਿਹੜੇ ਵੈਨਕੂਵਰ ਦੱਖਣੀ ਹਲਕੇ ਤੋਂ ਲਗਾਤਾਰ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ, ਨੂੰ ਨਵੀਂ ਵਜ਼ਾਰਤ ਵਿੱਚ ਅੰਤਰਰਾਸ਼ਟਰੀ ਵਿਕਾਸ ਮਹਿਕਮੇ ਦਾ ਮੰਤਰੀ ਬਣਾਇਆ ਗਿਆ ਹੈ। ਰਾਜਨੀਤਕ ਹਲਕਿਆਂ ਦਾ ਇਹ ਮੰਨਣਾ ਹੈ ਕਿ ਰੱਖਿਆ ਮੰਤਰੀ ਵਜੋਂ ਛੇ ਸਾਲ ਨਿਭਾਈ ਜ਼ਿੰਮੇਵਾਰੀ ਤੋਂ ਬਾਅਦ ਦਿੱਤੇ ਇਸ ਨਵੇਂ ਵਿਭਾਗ ਨੂੰ ਸਜ਼ਾ ਵਜੋਂ ਲਿਆ ਜਾ ਰਿਹਾ ਹੈ। ਚਾਹੇ ਹਰਜੀਤ ਸੱਜਣ ਨੂੰ ਸਿੱਖ ਭਾਈਚਾਰੇ ਵਿੱਚੋਂ ਮੰਤਰੀ ਬਣਾਉਣਾ ਜਸਟਿਸ ਟਰੂਡੋ ਦੀ ਮਜਬੂਰੀ ਵੀ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਦਿੱਤਾ ਗਿਆ ਛੋਟਾ ਮਹਿਕਮਾ ਇਹ ਦਰਸਾਉਂਦਾ ਹੈ ਕਿ ਟਰੂਡੋ ਉਨ੍ਹਾਂ ਦੀ ਰੱਖਿਆ ਮੰਤਰੀ ਵਜੋਂ ਕਾਰਗੁਜ਼ਾਰੀ ਤੋਂ ਬਹੁਤੇ ਖੁਸ਼ ਨਹੀਂ ਸਨ।

ਟਰੂਡੋ ਵੱਲੋਂ ਨਿਯੁਕਤ ਕੀਤੇ ਮੰਤਰੀ ਮੰਡਲ ਵਿੱਚ ਸਿੱਖ ਭਾਈਚਾਰੇ ਤੋਂ ਸ਼ਾਮਲ ਕੀਤੀ ਗਈ ਪਹਿਲੀ ਵਾਰ ਬਣੀ ਮੰਤਰੀ ਕਮਲ ਖਹਿਰਾ ਨੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। 32 ਸਾਲਾ ਕਮਲ ਖਹਿਰਾ ਜਦੋਂ 2016 ਦੀਆਂ ਚੋਣਾਂ ਵਿੱਚ ਬਰੈਂਪਟਨ ਪੱਛਮੀ ਹਲਕੇ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣੀ ਗਈ ਸੀ ਤਾਂ ਉਸ ਦੀ ਉਮਰ ਸਿਰਫ਼ 26 ਸਾਲ ਸੀ। ਉਹ 2015 ਵਿੱਚ ਚੁਣ ਕੇ ਆਏ ਲਿਬਰਲ ਮੈਂਬਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਮੈਂਬਰ ਪਾਰਲੀਮੈਂਟ ਸੀ। ਕਮਲ ਖਹਿਰਾ ਦਾ ਪਿਛੋਕੜ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਹੈ ਤੇ ਉਹ ਛੋਟੀ ਉਮਰ ਵਿੱਚ ਹੀ ਕੈਨੇਡਾ ਵਿੱਚ ਪਰਵਾਸੀ ਦੇ ਤੌਰ ’ਤੇ ਆ ਗਈ ਸੀ। 32 ਸਾਲ ਦੀ ਉਮਰ ਵਿੱਚ ਹੀ ਕੈਨੇਡਾ ਦੇ ਮੰਤਰੀ ਮੰਡਲ ਵਿੱਚ ਬਜ਼ੁਰਗਾਂ ਦੇ ਮਹਿਕਮੇ ਦਾ ਮੰਤਰੀ ਬਣਨਾ ਉਸ ਦੀ ਯੋਗਤਾ ਨੂੰ ਦਰਸਾਉਂਦਾ ਹੈ। ਚਾਹੇ ਪਿਛਲੀ ਟਰੂਡੋ ਵਜ਼ਾਰਤ ਵਿੱਚ ਸਿੱਖ ਭਾਈਚਾਰੇ ਵਿੱਚੋਂ 4 ਮੰਤਰੀ ਲਏ ਗਏ ਸਨ, ਪਰ ਇਸ ਵਾਰ ਗਿਣਤੀ ਘਟ ਕੇ ਕੇਵਲ ਦੋ ਰਹਿ ਗਈ ਹੈ।

ਜਿਵੇਂ ਕਿ ਆਸ ਕੀਤੀ ਜਾ ਰਹੀ ਸੀ ਕਿ ਕੈਲਗਰੀ ਸ਼ਹਿਰ ਤੋਂ ਚੋਣ ਜਿੱਤੇ ਇੱਕੋ-ਇੱਕ ਲਿਬਰਲ ਪਾਰਲੀਮੈਂਟ ਮੈਂਬਰ ਜਾਰਜ ਚਾਹਲ ਦੀ ਮਨਿਸਟਰੀ ਪੱਕੀ ਹੈ, ਪਰ ਚੋਣ ਨਤੀਜਿਆਂ ਤੋਂ ਐਨ ਅਗਲੇ ਦਿਨ ਹੀ ਵਾਇਰਲ ਹੋਈ ਵੀਡੀE ਜਿਸ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਆਪਣੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਜੈਗ ਸਹੋਤਾ ਦਾ ਪੋਸਟਰ ਪਾੜਿਆ ਸੀ। ਇਸ ਸ਼ਿਕਾਇਤ ਨੇ ਹਾਲ ਦੀ ਘੜੀ ਉਨ੍ਹਾਂ ਦੀ ਮੰਤਰੀ ਮੰਡਲ ਵਿੱਚ ਨਿਯੁਕਤੀ ਰੋਕ ਦਿੱਤੀ ਹੈ। ਭਵਿੱਖ ਵਿੱਚ ਜੇਕਰ ਉਹ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਲਿਆ ਜਾ ਸਕਦਾ ਹੈ। ਟਰੂਡੋ ਮੰਤਰੀ ਮੰਡਲ ਵਿੱਚ ਜੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਬਾਰੇ ਵੱਖ-ਵੱਖ ਹਲਕਿਆਂ ਵੱਲੋਂ ਆਈ ਪ੍ਰਤੀਕਿਿਰਆ ਅਨੁਸਾਰ ਇਸ ਮੰਤਰੀ ਮੰਡਲ ਨੂੰ ਪਹਿਲੇ ਮੰਤਰੀ ਮੰਡਲ ਦੇ ਮੁਕਾਬਲੇ ਘੱਟ ਅਨੁਭਵੀ ਹੋਣਾ ਕਿਹਾ ਜਾ ਰਿਹਾ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਲਈ ਇਹ ਇੱਕ ਨਵੀਂ ਚੁਣੌਤੀ ਵਜੋਂ ਹੋਵੇਗਾ ਕਿ ਉਨ੍ਹਾਂ ਦੇ ਮੰਤਰੀ ਕਿਵੇਂ ਆਪਣੇ ਕੰਮਕਾਰ ਰਾਹੀਂ ਕੈਨੇਡਾ ਵਾਸੀਆਂ ਦਾ ਵਿਸ਼ਵਾਸ ਜਿੱਤਦੇ ਹਨ।

Leave a Reply

Your email address will not be published.