ਟਰੂਡੋ ਨੇ ਵੈਕਸੀਨ ਦੇ ਸੁਰੱਖਿਅਤ ਹੋਣ ਸੰਬੰਧੀ ਦਿਵਾਇਆ ਭਰੋਸਾ

ਮਾਂਟਰੀਅਲ / ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀਤੇ ਦਿਨ ਆਕਸਫੋਰਡ-ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਦੇ ਸੁਰੱਖਿਅਤ ਹੋਣ ਦਾ ਪੂਰਾ ਭਰੋਸਾ ਦਿਵਾਇਆ ਗਿਆ।

ਟਰੂਡੋ ਨੂੰ ਇਹ ਭਰੋਸਾ ਇਸ ਲਈ ਵੀ ਦਿਵਾਉਣਾ ਪਿਆ ਕਿਉਂਕਿ ਕਈ ਯੂਰਪੀਅਨ ਦੇਸ਼ਾਂ ਵੱਲੋਂ ਸੁਰੱਖਿਆ ਦੀ ਚਿੰਤਾ ਕਰਦਿਆਂ ਇਸ ਵੈਕਸੀਨ ਦੀ ਵਰਤੋਂ ‘ਤੇ ਰੋਕ ਲਗਾਈ ਜਾ ਰਹੀ ਹੈ। ਮਾਂਟਰੀਅਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਇਸ ਬਾਰੇ ਖੁਲਾਸਾ ਕੀਤਾ। ਜਰਮਨੀ, ਫਰਾਂਸ, ਇਟਲੀ ਤੇ ਸਪੇਨ ਵੱਲੋਂ ਵੀ ਸੋਮਵਾਰ ਨੂੰ ਹੋਰਨਾਂ ਯੂਰਪੀਅਨ ਦੇਸ਼ਾਂ ਵਾਂਗ ਇਸ ਦੀ ਵਰਤੋਂ ਰੋਕ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਵੈਕਸੀਨ ਬਾਰੇ ਇਹ ਚਰਚਾ ਆਮ ਹੈ ਕਿ ਖੂਨ ਦੇ ਥੱਕੇ ਜੰਮਣ ਕਾਰਨ ਇਸ ਦੀ ਵਰਤੋਂ ਸਹੀ ਨਹੀਂ। ਹਾਲਾਂਕਿ ਇਸ ਦੇ ਯੂਰਪੀਅਨ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਸ ਵੈਕਸੀਨ ਕਾਰਨ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੈ। ਹੈਲਥ ਕੈਨੇਡਾ ਦੇ ਰੈਗੂਲੇਟਰਾਂ ਵੱਲੋਂ ਲਗਾਤਾਰ ਵੈਕਸੀਨ ਸਬੰਧੀ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਇਹ ਗਾਰੰਟੀ ਵੀ ਦਿੱਤੀ ਗਈ ਹੈ ਕਿ ਕੈਨੇਡਾ ਲਈ ਮਨਜ਼ੂਰ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਟਰੂਡੋ ਨੇ ਕਿਹਾ ਕਿ ਹੈਲਥ ਕੈਨੇਡਾ, ਸਾਡੇ ਮਾਹਰਾਂ ਤੇ ਵਿਗਿਆਨੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ‘ਤੇ ਲੰਮਾਂ ਸਮਾਂ ਗੁਜ਼ਾਰਿਆ ਗਿਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਵੇ। ਟਰੂਡੋ ਨੇ ਇਹ ਵੀ ਕਿਹਾ ਕਿ ਯੂਰਪ ਵਿਚ ਜਿਸ ਤਰ੍ਹਾਂ ਦੇ ਸਾਈਡ ਇਫੈਕਟਸ ਵੇਖਣ ਨੂੰ ਮਿਲ ਰਹੇ ਹਨ ਉਸ ਬੈਚ ਦੀ ਕੋਈ ਵੀ ਵੈਕਸੀਨ ਕੈਨੇਡਾ ਨੂੰ ਨਹੀਂ ਮਿਲੀ।

Leave a Reply

Your email address will not be published. Required fields are marked *