ਟਰੂਡੋ ਤੇ ਜਗਮੀਤ ਸਿੰਘ ਦਾ ਪਵੇਗਾ ਪੇਚਾ

Home » Blog » ਟਰੂਡੋ ਤੇ ਜਗਮੀਤ ਸਿੰਘ ਦਾ ਪਵੇਗਾ ਪੇਚਾ
ਟਰੂਡੋ ਤੇ ਜਗਮੀਤ ਸਿੰਘ ਦਾ ਪਵੇਗਾ ਪੇਚਾ

ਜਤਿੰਦਰ ਚੀਮਾ, ਕਰੋਨਾ ਮਹਾਮਾਰੀ ਦੇ ਚੱਲਦਿਆਂ ਟਰੂਡੋ ਸਰਕਾਰ ਵੱਲੋਂ ਆਰਥਿਕਤਾ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਰੱਖਣ ਲਈ ਕੀਤੇ ਯਤਨਾਂ ਨੂੰ ਬਹੁਗਿਣਤੀ ਕੈਨੇਡਾ ਵਾਸੀਆਂ ਨੇ ਸਰਾਹਿਆ ਹੈ।

ਚਾਹੇ ਇਸ ਗਿਣਤੀ ਵਿਚ ਅਪਰੈਲ ਮਹੀਨੇ ਦੇ ਮੁਕਾਬਲੇ 2 ਪ੍ਰਤੀਸ਼ਤ ਦੀ ਕਮੀ ਵੀ ਵੇਖੀ ਗਈ ਹੈ, ਪਰ ਫਿਰ ਵੀ 50 ਪ੍ਰਤੀਸ਼ਤ ਤੋਂ ਵੱਧ ਕੈਨੇਡਾ ਵਾਸੀਆਂ ਨੇ ਇਸ ਦੇ ਹੱਕ ਵਿਚ ਗਵਾਹੀ ਭਰੀ ਹੈ। ਇਸ ਦਾ ਫਾਇਦਾ ਲੈਣ ਲਈ ਜਸਟਿਨ ਟਰੂਡੋ ਨੇ ਫੈਡਰਲ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਚਾਹੇ ਲਿਬਰਲ ਪਾਰਟੀ ਦੇ ਨੀਤੀਕਾਰਾਂ ਦਾ ਇਹ ਮੰਨਣਾ ਹੈ ਕਿ ਇਕੱਲੀ ਕਰੋਨਾ ਮਹਾਮਾਰੀ ਦੌਰਾਨ ਕੀਤੇ ਕੰਮਾਂ ਨੂੰ ਆਧਾਰ ਬਣਾ ਕੇ ਚੋਣਾਂ ਦਾ ਬਿਗਲ ਵਜਾਉਣਾ ਕੋਈ ਸਮਝਦਾਰੀ ਵਾਲਾ ਫ਼ੈਸਲਾ ਨਹੀਂ, ਪਰ ਦੂਸਰੇ ਪਾਸੇ ਬਹੁਗਿਣਤੀ ਕੈਨੇਡਾ ਵਾਸੀਆਂ ਵੱਲੋਂ ਲਿਬਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਹੋ ਰਹੀ ਸ਼ਲਾਘਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜੇਕਰ ਲਿਬਰਲ ਚੋਣਾਂ ਨੂੰ ਕੁਝ ਸਮੇਂ ਲਈ ਟਾਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਇਸ ਗਿਣਤੀ ਵਿਚ ਕਮੀ ਵੀ ਆ ਜਾਵੇ ਜਿਵੇਂ ਕਿ ਅਪਰੈਲ ਦੇ ਮੁਕਾਬਲੇ ਮਈ ਤੇ ਜੂਨ ਵਿਚ 2 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸੇ ਦੌਰਾਨ ਇਕ ਹੋਰ ਸਰਵੇਖਣ ਵਿਚ 38% ਕੈਨੇਡੀਅਨਾਂ ਨੇ ਚੋਣਾਂ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਕੇਵਲ 26% ਲੋਕਾਂ ਨੇ ਹੀ ਚੋਣਾਂ ਕਰਾਉਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ।

ਇਨ੍ਹਾਂ ਸਰਵੇਖਣਾਂ ਵਿਚ ਬਹੁਗਿਣਤੀ ਕੈਨੇਡਾ ਵਾਸੀਆਂ ਨੇ ਚੋਣਾਂ ਦੇ ਮੁਕਾਬਲੇ ਆਰਥਿਕਤਾ ਨੂੰ ਭਵਿੱਖ ਵਿਚ ਪੈਰਾਂ ’ਤੇ ਲਿਆਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਦੂਸਰੇ ਨੰਬਰ ’ਤੇ ਵਾਤਾਵਰਣ ਅਤੇ ਤੀਜੇ ਨੰਬਰ ’ਤੇ ਕਰੋਨਾ ਮਹਾਮਾਰੀ ਨੂੰ ਰੱਖਿਆ ਹੈ। ਰਾਜਨੀਤਕ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ’ਤੇ ਲਿਬਰਲਜ਼ ਦੀ ਸਰਕਾਰ ਬਣਾਉਣ ਦੀਆਂ ਉਮੀਦਾਂ ’ਤੇ ਜੇਕਰ ਕੋਈ ਪਾਣੀ ਫੇਰ ਸਕਦਾ ਹੈ ਤਾਂ ਉਹ ਹੈ ਐੱਨ.ਡੀ.ਪੀ. ਦਾ ਜਗਮੀਤ ਸਿੰਘ। ਵੱਖੋ-ਵੱਖਰੀਆਂ ਏਜੰਸੀਆਂ ਵੱਲੋਂ ਕੀਤੇ ਗਏ ਸਰਵੇਖਣਾਂ ਵਿਚ ਲੋਕਾਂ ਨੇ ਟਰੂਡੋ ਦੇ ਬਦਲ ਵਜੋਂ E. ਟੂਲ ਦੇ ਮੁਕਾਬਲੇ ਐੱਨ.ਡੀ.ਪੀ. ਦੇ ਮੁਖੀ ਜਗਮੀਤ ਸਿੰਘ ਨੂੰ ਬਿਹਤਰ ਪ੍ਰਧਾਨ ਮੰਤਰੀ ਦੇ ਤੌਰ ’ਤੇ ਸਰਾਹਿਆ ਹੈ। ਇਨ੍ਹਾਂ ਸਰਵੇਖਣਾਂ ਅਨੁਸਾਰ ਜਿੱਥੇ ਜਗਮੀਤ ਸਿੰਘ ਦੀ ਹਰਮਨਪਿਆਰਤਾ ਵਧ ਰਹੀ ਹੈ, ਉੱਥੇ ਕੰਜ਼ਰਵੇਟਿਵ ਦੇ ਮੁਖੀ E. ਟੂਲ ਦੀ ਸਾਖ਼ ਨੂੰ ਦਿਨ ਬ ਦਿਨ ਧੱਕਾ ਲੱਗ ਰਿਹਾ ਹੈ। ਅਜਿਹੇ ਵਿਚ ਰਾਜਨੀਤਕ ਆਲੋਚਕਾਂ ਦਾ ਇਹ ਮੰਨਣਾ ਹੈ ਕਿ ਜਗਮੀਤ ਸਿੰਘ ਦੀ ਵਧ ਰਹੀ ਹਰਮਨਪਿਆਰਤਾ ਨੇ ਲਿਬਰਲਾਂ ਨੂੰ ਵੀ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ।

ਤਾਜ਼ਾ ਸਰਵੇਖਣਾਂ ਵਿਚ ਐੱਨ.ਡੀ.ਪੀ. ਨੂੰ 20 ਪ੍ਰਤੀਸ਼ਤ ਕੈਨੇਡੀਅਨ ਵੋਟਰਾਂ ਨੇ ਵੋਟ ਪਾਉਣ ਦੀ ਹਾਮੀ ਭਰੀ ਹੈ ਜਦੋਂ ਕਿ E. ਟੂਲ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਹਰਮਨਪਿਆਰਤਾ 29 ਪ੍ਰਤੀਸ਼ਤ ਤੋਂ ਘਟ ਕੇ 20 ਪ੍ਰਤੀਸ਼ਤ ’ਤੇ ਆ ਗਈ ਹੈ। ਇੱਥੇ ਇਹ ਵਿਚਾਰਨਯੋਗ ਹੈ ਕਿ E. ਟੂਲ ਦੇ ਮੁਖੀ ਬਣਨ ਤੋਂ ਬਾਅਦ ਕਿਸੇ ਵੀ ਸਰਵੇਖਣ ਵਿਚ ਕੰਜ਼ਰਵੇਟਿਵ ਪਾਰਟੀ ਹਰਮਨਪਿਆਰਤਾ ਦਾ 30 ਪ੍ਰਤੀਸ਼ਤ ਦਾ ਅੰਕੜਾ ਪਾਰ ਨਹੀਂ ਕਰ ਸਕੀ। ਹਾਲ ਹੀ ਵਿਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਅਲਬਰਟਾ ਅਤੇ ਬੀਸੀ ਦੇ ਤੂਫ਼ਾਨੀ ਦੌਰਿਆਂ ਦੌਰਾਨ ਕਈ ਵਿਕਾਸ ਪ੍ਰਾਜੈਕਟਾਂ ਲਈ ਫੈਡਰਲ ਸਰਕਾਰ ਵੱਲੋਂ ਫੰਡਿਗ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਖ਼ਾਸ ਕਰਕੇ ਟਰੂਡੋ ਵੱਲੋਂ ਕੈਲਗਰੀ ਸ਼ਹਿਰ ਵਿਚ ਲੋਕਲ ਟਰੇਨ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣਾ ਮੁੱਖ ਸੀ। ਟਰੂਡੋ ਵੱਲੋਂ ਅਲਬਰਟਾ ਵਿਚ ਦਿਖਾਈ ਜਾ ਰਹੀ ਰੁਚੀ ਦਾ ਮੁੱਖ ਕਾਰਨ ਅਲਬਰਟਾ ਵਿਚ ਲਿਬਰਲਜ਼ ਦੀ ਵਧ ਰਹੀ ਹਰਮਨਪਿਆਰਤਾ ਤੇ ਅਲਬਰਟਾ ਪ੍ਰੀਮੀਅਰ ਜਸਟਿਨ ਕੈਨੀ ਦੀ ਹੋ ਰਹੀ ਆਲੋਚਨਾ ਵੀ ਮੁੱਖ ਕਾਰਨ ਹੈ। ਲਿਬਰਲਜ਼ ਦਾ ਇਹ ਮੰਨਣਾ ਹੈ ਕਿ ਕੈਨੀ ਦੀ ਘਟ ਰਹੀ ਹਰਮਨਪਿਆਰਤਾ ਕਾਰਨ ਲਿਬਰਲਜ਼ ਦੀਆਂ ਵੋਟਾਂ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਾਧਾ ਹੋਵੇਗਾ ਤੇ ਲਿਬਰਲਜ਼ ਨੂੰ ਪੱਕਾ ਭਰੋਸਾ ਹੈ ਕਿ ਉਹ ਇਸ ਵਾਰ ਤਿੰਨ ਤੋਂ ਚਾਰ ਪਾਰਲੀਮੈਂਟ ਸੀਟਾਂ ਅਲਬਰਟਾ ਵਿਚੋਂ ਜਿੱਤ ਲੈਣਗੇ।

Leave a Reply

Your email address will not be published.