ਜੰਮੂ ਪਹੁੰਚੇ ਰਾਹੁਲ ਗਾਂਧੀ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਕਰਨਗੇ ਯਾਤਰਾ

Home » Blog » ਜੰਮੂ ਪਹੁੰਚੇ ਰਾਹੁਲ ਗਾਂਧੀ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਕਰਨਗੇ ਯਾਤਰਾ
ਜੰਮੂ ਪਹੁੰਚੇ ਰਾਹੁਲ ਗਾਂਧੀ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਕਰਨਗੇ ਯਾਤਰਾ

ਜੰਮੂ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੋ ਦਿਨਾਂ ਯਾਤਰਾ ’ਤੇ ਵੀਰਵਾਰ ਨੂੰ ਜੰਮੂ ਪਹੁੰਚੇ। ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਜੰਮੂ ਹਵਾਈ ਅੱਡੇ ਦੇ ਬਾਹਰ ਰਾਹੁਲ ਗਾਂਧੀ ’ਤੇ ਫੁੱਲਾਂ ਦੀ ਵਰਖਾ ਕੀਤੀ।

ਪਾਰਟੀ ਵਰਕਰਾਂ ਨੇ ਰੈਲੀ ਕੱਢ ਕੇ ਉਨ੍ਹਾਂ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਜੰਮੂ ਪਹੁੰਚਣ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਕਟੜਾ ਲਈ ਰਵਾਨਾ ਹੋ ਗਏ। ਪਾਰਟੀ ਬੁਲਾਰੇ ਨੇ ਕਿਹਾ ਕਿ ਕਾਂਗਰਸ ਆਗੂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਮੱਥਾ ਟੇਕਣ ਲਈ ਪੈਦਲ ਯਾਤਰਾ ਕਰਨਗੇ। ਜੰਮੂ-ਕਸ਼ਮੀਰ ਤੋਂ ਧਾਰਾ-ਣ370 ਰੱਦ ਕਰਨ ਅਤੇ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਮਗਰੋਂ ਰਾਹੁਲ ਗਾਂਧੀ ਦਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਇਸੇ ਸਾਲ 9 ਅਗਸਤ ਨੂੰ ਜੰਮੂ ਦੌਰੇ ’ਤੇ ਆਏ ਸਨ। ਰਾਹੁਲ ਗਾਂਧੀ ਦਾ ਜੰਮੂ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਹੱਦਬੰਦੀ ਕਮਿਸ਼ਨ ਵਲੋਂ ਆਪਣੀ ਰਿਪੋਰਟ ਸੌਂਪੇ ਜਾਣ ਮਗਰੋਂ ਜੰਮੂ-ਕਸ਼ਮੀਰ ’ਚ ਚੋਣਾਂ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਹਟਾਉਂਦੇ ਹੋਏ ਧਾਰਾ-370 ਰੱਦ ਕਰ ਦਿੱਤੀ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੰਡ ਦਿੱਤਾ ਸੀ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਜੰਮੂ ’ਚ ਵੈਸ਼ਨੋ ਦੇਵੀ ਮੰਦਰ ਵਿਚ ਦਰਸ਼ਨ ਕਰਨ ਪੁੱਜਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜੰਮੂ ਆ ਚੁੱਕੀ ਹੈ। ਉੱਥੇ ਹੀ ਉਨ੍ਹਾਂ ਦੀ ਵੈਸ਼ਨੋ ਦੇਵੀ ਦੀ ਗੁਫ਼ਾ ਤੋਂ ਇਕ ਤਸਵੀਰ ਕਾਫੀ ਚਰਚਾ ਵਿਚ ਹੈ, ਜਿਸ ’ਚ ਉਹ ਮਾਤਾ ਵੈਸ਼ਨੋ ਦੇਵੀ ਦੀ ਗੁਫਾ ਅੰਦਰ ਖੜ੍ਹੀ ਹੈ। ਇਹ ਤਸਵੀਰ 1970 ਦੀ ਹੈ, ਜਦੋਂ ਇੰਦਰਾ ਗਾਂਧੀ ਨੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਮੱਥਾ ਟੇਕਿਆ ਸੀ।

Leave a Reply

Your email address will not be published.