ਜੰਤਰ-ਮੰਤਰ ਪਹੁੰਚੇ ਕਿਸਾਨਾਂ ਦੀ ‘ਸੰਸਦ’ ਸ਼ੁਰੂ, ਟਿਕੈਤ ਬੋਲੇ- ਸ਼ਾਂਤੀਪੂਰਨ ਚੱਲਦਾ ਰਹੇਗਾ ਅੰਦੋਲਨ

Home » Blog » ਜੰਤਰ-ਮੰਤਰ ਪਹੁੰਚੇ ਕਿਸਾਨਾਂ ਦੀ ‘ਸੰਸਦ’ ਸ਼ੁਰੂ, ਟਿਕੈਤ ਬੋਲੇ- ਸ਼ਾਂਤੀਪੂਰਨ ਚੱਲਦਾ ਰਹੇਗਾ ਅੰਦੋਲਨ
ਜੰਤਰ-ਮੰਤਰ ਪਹੁੰਚੇ ਕਿਸਾਨਾਂ ਦੀ ‘ਸੰਸਦ’ ਸ਼ੁਰੂ, ਟਿਕੈਤ ਬੋਲੇ- ਸ਼ਾਂਤੀਪੂਰਨ ਚੱਲਦਾ ਰਹੇਗਾ ਅੰਦੋਲਨ

ਨਵੀਂ ਦਿੱਲੀ / ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਅੱਜ ਯਾਨੀ ਕਿ ਬੁੱਧਵਾਰ ਨੂੰ 200 ਕਿਸਾਨਾਂ ਨੇ ਜੰਤਰ-ਮੰਤਰ ਕੂਚ ਕੀਤਾ ਹੈ।

5 ਬੱਸਾਂ ’ਚ ਸਵਾਰ ਹੋ ਕੇ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪਹੁੰਚ ਗਏ ਹਨ। ਜੰਤਰ-ਮੰਤਰ ’ਤੇ ਪੁੱਜੇ ਕਿਸਾਨਾਂ ਦੀ ‘ਕਿਸਾਨ ਸੰਸਦ’ ਸ਼ੁਰੂ ਹੋ ਗਈ ਹੈ। ਕਿਸਾਨ ਸੰਸਦ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਦਿੱਲੀ ਪੁਲਸ ਵਲੋਂ ਸਿਰਫ਼ 200 ਕਿਸਾਨਾਂ ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਨੂੰ ਜੰਤਰ-ਮੰਤਰ ਪਹੁੰਚਣ ਤੋਂ ਪਹਿਲਾਂ ਰਸਤੇ ਵਿਚ ਰੋਕ ਕੇ ਬੱਸਾਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਇੱਥੇ ਪਹੁੰਚਣ ’ਚ ਦੇਰੀ ਹੋਈ। ਓਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਜੰਤਰ-ਮੰਤਰ ’ਤੇ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡਾ ਅੰਦੋਲਨ ਸ਼ਾਂਤੀਪੂਰਨ ਚੱਲਦਾ ਰਹੇਗਾ। ਟਿਕੈਤ ਨੇ ਕਿਹਾ ਕਿ ਕਿਸਾਨ ਆਪਣੀ ਸੰਸਦ ਚਲਾਉਣਗੇ। ਸਦਨ ’ਚ ਕਿਸਾਨਾਂ ਲਈ ਆਵਾਜ਼ ਨਾ ਚੁੱਕਣ ਵਾਲੇ ਸੰਸਦ ਮੈਂਬਰਾਂ ਦੀ ਉਨ੍ਹਾਂ ਦੇ ਚੋਣ ਹਲਕਿਆਂ ਵਿਚ ਆਲੋਚਨਾ ਕੀਤੀ ਜਾਵੇਗੀ।

ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖਣ ਲਈ ਸੰਸਦ ਦੇ ਬਾਹਰ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕਿਸਾਨਾਂ ਅਤੇ ਪੁਲਸ ਵਿਚਾਲੇ ਸਮਝੌਤਾ ਹੋਇਆ ਕਿ ਕਿਸਾਨ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਸਿਰਫ 200 ਕਿਸਾਨ ਹੀ ਪ੍ਰਦਰਸ਼ਨ ਲਈ ਜਾਣਗੇ, ਜੋ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨਗੇ। ਉਨ੍ਹਾਂ 200 ਕਿਸਾਨਾਂ ਨੂੰ ਬੱਸਾਂ ਵਿਚ ਸਵਾਰ ਹੋਣ ਦੀ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਵਲੋਂ ਆਈ ਕਾਰਡ ਦੇ ਕੇ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਜਦੋਂ ਤਕ ਮਾਨਸੂਨ ਸੈਸ਼ਨ ਚਲੇਗਾ ਕਿਸਾਨਾਂ ਦਾ ਜੱਥਾ ਇੰਝ ਹੀ ਆਵੇਗਾ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੱਜ ਤੋਂ ਯਾਨੀ ਕਿ ਵੀਰਵਾਰ ਤੋਂ ਜੰਤਰ-ਮੰਤਰ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 5 ਬੱਸਾਂ ’ਚ ਸਵਾਰ ਹੋ ਕੇ 200 ਦੇ ਕਰੀਬ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨ ਸੰਸਦ ਸ਼ੁਰੂ ਕੀਤੀ।

ਇਸ ਕਿਸਾਨ ਸੰਸਦ ’ਚ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ’ਤੇ ਪੁੱਜੀ। ਉਨ੍ਹਾਂ ਨੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਸ ’ਤੇ ਲਿਖਿਆ ਸੀ ਕਿ ਅਸੀਂ ਮੰਗ ਕਰਦੇ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ, ਇਸ ਲਈ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਜੰਤਰ-ਮੰਤਰ ’ਤੇ ਸਰਕਾਰ ਨੂੰ ਇਹ ਵਿਖਾਉਣ ਲਈ ਆਏ ਹਾਂ ਕਿ ਉਹ ਮੂਰਖ ਨਹੀਂ ਹਨ। ਬ੍ਰਿਟੇਨ ਦੀ ਸੰਸਦ ਸਾਡੇ ਮੁੱਦਿਆਂ ’ਤੇ ਬਹਿਸ ਕਰ ਰਹੀ ਹੈ ਪਰ ਸਾਡੀ ਸਰਕਾਰ ਨਹੀਂ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਦੱਸਿਆ ਕਿ ਰਸਤੇ ਵਿਚ ਪੁਲਸ ਨੇ ਤਿੰਨ ਥਾਂ ਰੋਕਿਆ। ਜੰਤਰ-ਮੰਤਰ ’ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ।

ਦੱਸ ਦੇਈਏ ਕਿ ਸੰਸਦ ਭਵਨ ਜੰਤਰ-ਮੰਤਰ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਹੈ। ਪ੍ਰਦਰਸ਼ਨਕਾਰੀ 200 ਕਿਸਾਨਾਂ ਦਾ ਇਕ ਸਮੂਹ ਬੱਸਾਂ ’ਚ ਸਵਾਰ ਹੋ ਕੇ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪੁੱਜਿਆ। ਕਿਸਾਨ ਆਪਣੇ ਹੱਥਾਂ ਆਪਣੀ ਯੂਨੀਅਨਾਂ ਦੇ ਝੰਡੇ ਫੜ੍ਹੇ ਹੋਏ ਨਜ਼ਰ ਆਏ। ਪ੍ਰਦਰਸ਼ਨ ਕਰ ਰਹੇ ਕਿਸਾਨ ਜੰਤਰ-ਮੰਤਰ ਦੇ ਇਕ ਛੋਟੇ ਜਿਹੇ ਹਿੱਸੇ ਵਿਚ ਮੌਜੂਦ ਹਨ ਅਤੇ ਪੁਲਸ ਨੇ ਦੋਹਾਂ ਪਾਸਿਓਂ ਬੈਰੀਕੇਡ ਲਾ ਰੱਖੇ ਹਨ। ਦਿੱਲੀ ਪੁਲਸ ਦੇ ਕਈ ਦਲ ਧਰਨਾ ਵਾਲੀ ਥਾਂ ਵੱਲ ਜਾਣ ਵਾਲੀਆਂ ਸੜਕਾਂ ’ਤੇ ਤਾਇਨਾਤ ਹੈ। ਜਲ ਤੋਪਾਂ ਨਾਲ ਬੌਛਾਰਾਂ ਕਰਨ ਲਈ ਟੈਂਕ ਵੀ ਉੱਥੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਦਿੱਲੀ ਨਾਲ ਲੱਗਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ’ਤੇ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ।

Leave a Reply

Your email address will not be published.