ਰੂਸ ਅਤੇ ਯੂਕ੍ਰੇਨ ਦਰਮਿਆਨ ਛਿੜੀ ਜੰਗ ਦਾ ਅਸਰ ਪੂਰੀ ਦੁਨੀਆ ’ਤੇ ਦੇਖਣ ਨੂੰ ਮਿਲ ਰਿਹਾ ਹੈ।
ਸਭ ਤੋਂ ਵੱਧ ਅਸਰ ਬਾਜ਼ਾਰ ’ਤੇ ਦਿਖਾਈ ਦੇ ਰਿਹਾ ਹੈ। ਭਾਰਤ ਸਮੇਤ ਪੂਰੀ ਦੁਨੀਆ ਦੀ ਸਟਾਕ ਮਾਰਕੀਟ ’ਚ ਉਥਲ-ਪੁਥਲ ਮਚੀ ਹੋਈ ਹੈ। ਬਾਜ਼ਾਰ ਮਾਹਰ ਦੱਸ ਰਹੇ ਹਨ ਕਿ ਜੰਗ ਸ਼ੁਰੂ ਹੋਣ ਤੋਂ 4-5 ਘੰਟਿਆਂ ਦੇ ਅੰਦਰ ਹੀ ਦੁਨੀਆ ਦੇ ਟੌਪ-20 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ ’ਚ 3.11 ਲੱਖ ਕਰੋੜ ਤੋਂ ਵੱਧ ਦੀ ਗਿਰਾਵਟ ਆ ਗਈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਟੈਸਲਾ ਦੇ ਐਲਨ ਮਸਕ ਦੀ ਜਾਇਦਾਦ ’ਚ 1.03 ਲੱਖ ਕਰੋੜ ਦਾ ਚੂਨਾ ਲੱਗਾ ਹੈ। ਦੋਵੇਂ ਦੇਸ਼ਾਂ ਦੀ ਇਸ ਲੜਾਈ ’ਚ ਭਾਰਤ ਦੇ ਟੌਪ-10 ਕਾਰੋਬਾਰੀਆਂ ਨੂੰ ਵੀ 60,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਉਠਾਉਣਾ ਪਿਆ ਹੈ। ਫੋਰਬਸ ਮੁਤਾਬਕ ਜੈੱਫ ਬੇਜੋਸ ਨੂੰ 41,390 ਕਰੋੜ, ਬਿਲ ਗੇਟਸ ਨੂੰ 12,793 ਕਰੋੜ, ਗੌਤਮ ਅਡਾਨੀ ਨੂੰ 9,782 ਕਰੋੜ ਦਾ ਨੁਕਸਾਨ ਉਠਾਉਣਾ ਪਿਆ ਹੈ।
ਰੂਸ ਅਤੇ ਯੂਕ੍ਰੇਨ ’ਚ ਯੁੱਧ ਕਾਰਨ ਦੁਨੀਆ ਦੇ ਟੌਪ-10 ਸਭ ਤੋਂ ਅਮੀਰ ਲੋਕਾਂ ਨੇ ਕੁੱਝ ਹੀ ਘੰਟਿਆਂ ’ਚ ਲੱਖਾਂ ਕਰੋੜ ਰੁਪਏ ਗੁਆ ਦਿੱਤੇ ਹਨ। ਅਮਰੀਕਾ, ਬ੍ਰਿਟੇਨ, ਜਾਪਾਨ, ਭਾਰਤ ਅਤੇ ਚੀਨ ਸਮੇਤ ਲਗਭਗ ਹਰ ਵੱਡੇ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਨੁਕਸਾਨ ਉਠਾਉਣ ਵਾਲਿਆਂ ਦੀ ਲਿਸਟ ’ਚ ਐਲਨ ਮਸਕ ਸਭ ਤੋਂ ਉੱਪਰ ਹਨ। ਫੇਸਬੁੱਕ ਦੇ ਮਾਰਕ ਜ਼ੁਕਰਬਗਰਗ, ਮਾਈਕ੍ਰੋਸਾਫਟ ਦੇ ਬਿਲ ਗੇਟਸ ਅਤੇ ਵਾਰੇਨ ਬਫੇਟ ਦੀ ਜਾਇਦਾਦ ਵੀ ਘਟ ਗਈ ਹੈ। ਐਲਨ ਮਸਕ, ਫ੍ਰਾਂਸ ਦੇ ਬਰਨਾਰਡ ਅਾਰਨਾਲਟ ਅਤੇ ਜੈੱਫ ਬੇਜੋਸ ਦੀ ਕੁੱਲ ਜਾਇਦਾਦ ’ਚ 1.51 ਲੱਖ ਕਰੋੜ ਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਦੇ ਕਾਰੋਬਾਰੀਆਂ ਨੂੰ ਵੀ ਇਸ ਲੜਾਈ ’ਚ ਵੱਡਾ ਚੂਨਾ ਲੱਗਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ 9700 ਕਰੋੜ ਰੁਪਏ, ਐੱਚ. ਸੀ. ਐੱਲ. ਤਕਨਾਲੋਜੀ ਦੇ ਸ਼ਿਵ ਨਾਡਾਰ ਨੂੰ 5300 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।