ਜੇਲ ਚ ਬਾਬੁਗਿਰੀ ਕਰਨਗੇ ਨਵਜੋਤ ਸਿੱਧੂ, ਤਿੰਨ ਮਹੀਨੇ ਬਾਅਦ ਮਿਲੇਗੀ 40 ਰੁਪਏ ਦਿਹਾੜੀ

ਜੇਲ ਚ ਬਾਬੁਗਿਰੀ ਕਰਨਗੇ ਨਵਜੋਤ ਸਿੱਧੂ, ਤਿੰਨ ਮਹੀਨੇ ਬਾਅਦ ਮਿਲੇਗੀ 40 ਰੁਪਏ ਦਿਹਾੜੀ

ਪਟਿਆਲਾ : ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬਾਮੁਸ਼ੱਕਤ ਜੇਲ੍ਹ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਬੁਗਿਰੀ ਕਰਨਗੇ।ਉਹਨਾਂ ਨੂੰ ਕੈਦੀਆਂ ਦੀਆਂ ਫਾਈਲਾਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਫ਼ਤਰੀ ਫਾਈਲ ਨਹੀਂ ਦਿੱਤੀ ਜਾਵੇਗੀ। ਉਹ ਸਿਰਫ਼ ਕੈਦੀਆਂ ਦੀਆਂ ਕੇਸ ਫਾਈਲ ਤਿਆਰ ਕਰਨ ਦਾ ਕੰਮ ਕਰਨਗੇ। ਕੈਦੀ ’ਤੇ ਕਦੋਂ ਕੇਸ ਦਰਜ ਹੋਇਆ, ਕਿਹਡ਼ਾ ਕੇਸ ਦਰਜ ਹੋਇਆ ਅਤੇ ਮੌਜੂਦਾ ਸਮੇਂ ਇਸ ਦਾ ਸਟੇਟਸ ਕੀ ਹੈ, ਇਹ ਸਾਰੀਆਂ ਜਾਣਕਾਰੀਆਂ ਉਨ੍ਹਾਂ ਨੂੰ ਫਾਈਲ ਵਿਚ ਲਿਖਣੀਆਂ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਕੈਦੀ ਦੀ ਡਿਟੇਲ ਭਰਨ ਦਾ ਜ਼ਿੰਮਾ ਵੀ ਉਨ੍ਹਾਂ ਨੂੰ ਹੀ ਸੌਂਪਿਆ ਗਿਆ ਹੈ। ਇਹ ਕੰਮ ਉਹ ਆਪਣੀ ਬੈਰਕ ਵਿਚ ਹੀ ਕਰਨਗੇ ਕਿਉਂਕਿ ਸੁਰੱਖਿਆ ਕਾਰਨ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਜੇਲ੍ਹ ਕੰਪਲੈਕਸ ਵਿਚ ਸਥਿਤ ਫੈਕਟਰੀ ਵਿਚ ਕੰਮ ਨਹੀਂ ਦਿੱਤਾ ਗਿਆ।

ਉਨ੍ਹਾਂ ਨੂੰ ਸ਼ੁਰੂ ਦੇ ਤਿੰਨ ਮਹੀਨੇ ਤਕ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ। ਗ਼ੈਰ-ਹੁਨਰਮੰਦ ਹੋਣ ਕਾਰਨ ਇਸ ਤੋਂ ਬਾਅਦ ਉਨ੍ਹਾਂ ਨੂੰ 40 ਰੁਪਏ ਦਿਹਾਡ਼ੀ ਦਿੱਤੀ ਜਾਵੇਗੀ ਜਦਕਿ ਹੁਨਰਮੰਦ ਨੂੰ 90 ਰੁਪਏ ਦਿੱਤੇ ਜਾਂਦੇ ਹਨ। ਇਹ ਪੈਸੇ ਉਨ੍ਹਾਂ ਦੇ ਜੇਲ੍ਹ ਵਿਚ ਬਣੇ ਖਾਤੇ ਵਿਚ ਜਮ੍ਹਾਂ ਹੋਣਗੇ। ਜੇਲ੍ਹ ਰਿਕਾਰਡ ਵਿਚ ਸਿੱਧੂ ਨੇ ਖ਼ੁਦ ਨੂੰ ਗ੍ਰੈਜੂਏਟ ਲਿਖਵਾਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸੇ ਮੁਤਾਬਕ ਕੰਮ ਸੌਂਪਿਆ ਹੈ। ਉੱਧਰ, ਸਿੱਧੂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦਾ ਸਪੈਸ਼ਲ ਡਾਈਟ ਪਲਾਨ ਤਿਆਰ ਕੀਤਾ ਗਿਆ ਹੈ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ਨੇ ਇਹ ਪਲਾਨ ਜ਼ਿਲ੍ਹਾ ਅਦਾਲਤ ਰਾਹੀਂ ਮੰਗਲਵਾਰ ਨੂੰ ਸੈਂਟਰਲ ਜੇਲ੍ਹ ਨੂੰ ਭੇਜਿਆ ਸੀ। ਫ਼ਿਲਹਾਲ ਜੇਲ੍ਹ ਅਧਿਕਾਰੀ ਇਸ ’ਤੇ ਮੰਥਨ ਕਰ ਰਹੇ ਹਨ। ਹਾਲੇ ਤਕ ਉਨ੍ਹਾਂ ਦੀ ਸਪੈਸ਼ਲ ਡਾਈਟ ਸ਼ੁਰੂ ਨਹੀਂ ਹੋਈ ਹੈ। ਫ਼ਿਲਹਾਲ ਉਹ ਸਲਾਦ ਤੇ ਫਲ ਹੀ ਖਾ ਰਹੇ ਹਨ। ਨਵਜੋਤ ਸਿੱਧੂ ਬੈਰਕ ਨੰਬਰ ਦਸ ਵਿਚ ਬੰਦ ਹਨ। ਉਹ ਜੇਲ੍ਹ ਅੰਦਰ ਬਣੇ ਮੰਦਰ ਜਾਂ ਗੁਰਦੁਆਰਾ ਸਾਹਿਬ ਵਿਚ ਫ਼ਿਲਹਾਲ ਮੱਥਾ ਟੇਕਣ ਨਹੀਂ ਜਾ ਸਕੇ ਹਨ। ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਖੁੱਲ੍ਹੇਆਮ ਧਾਰਮਿਕ ਸਥਾਨ ’ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਵਿਚ ਸਿੱਧੂ ਜਦੋਂ ਇੱਛਾ ਜਾਹਰ ਕਰਨਗੇ ਤਾਂ ਉਨ੍ਹਾਂ ਨੂੰ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਦੇਖਰੇਖ ਵਿਚ ਪੂਰੀ ਸੁਰੱਖਿਆ ਨਾਲ ਧਾਰਮਿਕ ਸਥਾਨ ਤਕ ਲਿਜਾਇਆ ਜਾਵੇਗਾ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਖੁੱਲ੍ਹੇ ਤੌਰ ’ਤੇ ਧਾਰਮਿਕ ਸਥਾਨ ਜਾਣ ਦੀ ਇਜਾਜ਼ਤ ਨਹੀਂ ਹੈ। 

Leave a Reply

Your email address will not be published.